- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ, ਸਾਫ਼-ਸੁਥਰੇ ਖਾਣ-ਪੀਣ ਅਤੇ ਸੜਕ ਸੁਰੱਖਿਆ ਪ੍ਰਤੀ ਹਰ ਵਿਅਕਤੀ ਖ਼ੁਦ ਜਾਗਰੂਕ ਹੋਵੇ :

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਕ੍ਰਾਂਤੀਕਾਰੀ ਰਾਸ਼ਟਰਸੰਤ ਆਚਾਰੀਆ ਡਾ. ਸੰਜੇ ਮੁਨੀ ਜੀ ਮ. ਸਾ. ਨੇ ਆਪਣੇ ਪਿੰਡ ਫਰਵਾਲ ਸਰਨਾ ਪਠਾਨਕੋਟ ਦੇ ਸੰਖੇਪ ਪ੍ਰਵਾਸ ਦੌਰਾਨ ਵੱਖ-ਵੱਖ ਧਾਰਮਿਕ ਸਮਾਗਮਾਂ ਤੇ ਸਤਿਸੰਗਾਂ ਵਿੱਚ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਸਿਹਤ, ਸਾਫ਼-ਸੁਥਰੇ ਖਾਣ-ਪੀਣ, ਸੜਕ ਸੁਰੱਖਿਆ, ਸਮਾਜਿਕ ਸਦਭਾਵਨਾ ਅਤੇ ਧਾਰਮਿਕ ਫ਼ਰਜ਼ਾਂ ਪ੍ਰਤੀ ਜਾਗਰੂਕ ਰਹਿਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਲਈ ਬਾਹਰਲੇ ਖਾਣ-ਪੀਣ ਦੀਆਂ ਵਸਤਾਂ ਤੋਂ ਗੁਰੇਜ਼ ਕਰਦਿਆਂ ਘਰ ਵਿੱਚ ਸਾਫ਼-ਸੁਥਰੇ ਮਾਹੌਲ ਵਿੱਚ ਤਿਆਰ ਕੀਤਾ ਭੋਜਨ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਗੁਰਕਿਰਪਾ ਜੰਜੂਆ ਨਿਵਾਸ ਵਿਖੇ ਗ੍ਰਹਿ ਪ੍ਰਵੇਸ਼ ਦੇ ਪਾਵਨ ਮੌਕੇ ਤੇ ਕਮਲ ਕਿਸ਼ੋਰ (ਪੱਪੀ) ਦੇ ਨਿਵਾਸ ਸਥਾਨ ’ਤੇ ਕਰਵਾਏ ਸਤਿਸੰਗ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਲਾਜ ਅਤੇ ਡਾਕਟਰੀ ਸੇਵਾਵਾਂ ’ਤੇ ਵੱਡੀ ਰਕਮ ਖ਼ਰਚ ਕਰ ਸਕਦੇ ਹਾਂ ਤਾਂ ਧਾਰਮਿਕ ਤੇ ਸਮਾਜ ਭਲਾਈ ਦੇ ਕਾਰਜਾਂ ਲਈ ਵੀ ਖੁੱਲ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਧਰਮਸ਼ਾਸਨ ਦੀ ਸੇਵਾ ਅਤੇ ਅਧੂਰੇ ਪਏ ਧਾਰਮਿਕ ਕਾਰਜਾਂ ਨੂੰ ਪੂਰਾ ਕਰਨ ਲਈ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ। ਸੜਕ ਹਾਦਸਿਆਂ ਦਾ ਜ਼ਿਕਰ ਕਰਦਿਆਂ ਆਚਾਰੀਆ ਜੀ ਨੇ ਕਿਹਾ ਕਿ ਨੌਜਵਾਨਾਂ ਸਮੇਤ ਹਰੇਕ ਵਿਅਕਤੀ ਨੂੰ ਸਫ਼ਰ ਦੌਰਾਨ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਆਪਣੀ ਸੁਰੱਖਿਆ ਪ੍ਰਤੀ ਖ਼ੁਦ ਸੁਚੇਤ ਰਹਿਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਪ੍ਰੇਮ, ਭਾਈਚਾਰੇ ਤੇ ਆਪਸੀ ਸਦਭਾਵਨਾ ਨੂੰ ਸਮਾਜ ਦੀ ਮਜ਼ਬੂਤੀ ਦਾ ਆਧਾਰ ਦੱਸਿਆ। ਉਨ੍ਹਾਂ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਹਰ ਮੰਗਲਵਾਰ ਘਰ ਵਿੱਚ ਪ੍ਰਵਚਨ ਜਾਂ ਸਤਿਸੰਗ ਜ਼ਰੂਰ ਕਰਵਾਇਆ ਜਾਵੇ। ਇਸ ਨਾਲ ਪਰਿਵਾਰਕ ਮੈਂਬਰਾਂ ਵਿੱਚ ਧਾਰਮਿਕ ਰੁਚੀ ਵਧਣ ਦੇ ਨਾਲ ਸਕਾਰਾਤਮਕ ਊਰਜਾ ਅਤੇ ਸਦਭਾਵਨਾ ਦਾ ਸੰਚਾਰ ਹੁੰਦਾ ਹੈ। ਇਸ ਮੌਕੇ ਉਨ੍ਹਾਂ ਵੱਖ-ਵੱਖ ਉਦਾਹਰਨਾਂ ਰਾਹੀਂ ਸੰਗਤ ਨੂੰ ਜੀਵਨ ’ਚ ਧਰਮ, ਸੇਵਾ ਅਤੇ ਪ੍ਰਭੂ ਭਗਤੀ ਅਪਣਾਉਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।