ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਲਈ ਰੋਜ਼ਗਾਰ ਦਾ ਰਾਹ ਖੋਲ੍ਹਣਗੇ 5 ਵਿਆਜ ਮੁਕਤ ਈ-ਕਾਰਟ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਲਈ ਰੋਜ਼ਗਾਰ
Publish Date: Thu, 03 Sep 2026 07:28 PM (IST)
Updated Date: Thu, 03 Sep 2026 07:31 PM (IST)
ਕਟਾਰੂਚੱਕ ਨੇ ਲਾਭਪਾਤਰੀਆਂ ਨੂੰ ਸੌਂਪੀਆਂ ਈ-ਰਿਕਸ਼ਿਆਂ ਦੀਆਂ ਚਾਬੀਆਂ। ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਲਈ ਸਵੈ-ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਦਿਸ਼ਾ ਵਿੱਚ ਪੰਜਾਬ ਰਾਜ ਆਜੀਵਿਕਾ ਮਿਸ਼ਨ ਵੱਲੋਂ ਜ਼ਿਲ੍ਹਾ ਪਠਾਨਕੋਟ ਵਿੱਚ ਵਿਆਜ ਮੁਕਤ ਈ-ਕਾਰਟ ਮੁਹੱਈਆ ਕਰਵਾਏ ਜਾ ਰਹੇ ਹਨ। ਇਸੇ ਤਹਿਤ ਏਡੀਸੀ (ਡਿਵੈਲਪਮੈਂਟ) ਦਫ਼ਤਰ ਵਿਖੇ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ 5 ਈ-ਰਿਕਸ਼ਿਆਂ ਦੀਆਂ ਚਾਬੀਆਂ ਸੌਂਪੀਆਂ। ਕਟਾਰੂਚੱਕ ਨੇ ਦੱਸਿਆ ਕਿ ਇਹ ਈ-ਕਾਰਟ ਜ਼ਿਲ੍ਹੇ ਦੇ ਨਰੋਟ ਜੈਮਲ ਸਿੰਘ, ਘਰੋਟਾ, ਸੁਜਾਨਪੁਰ, ਧਾਰ ਅਤੇ ਬਮਿਆਲ ਬਲਾਕਾਂ ਨਾਲ ਸਬੰਧਤ ਸੈਲਫ ਹੈਲਪ ਗਰੁੱਪਾਂ ਨੂੰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਲਾਭਪਾਤਰੀਆਂ ਨੂੰ 10 ਈ-ਕਾਰਟ ਰਿਕਸ਼ੇ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਕ ਈ-ਰਿਕਸ਼ੇ ਦੀ ਕੀਮਤ ਕਰੀਬ 1 ਲੱਖ 62 ਹਜ਼ਾਰ ਰੁਪਏ ਹੈ ਅਤੇ ਇਸ ਯੋਜਨਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਹੂਲਤ ਲਾਭਪਾਤਰੀਆਂ ਨੂੰ ਵਿਆਜ ਮੁਕਤ ਆਧਾਰ ’ਤੇ ਦਿੱਤੀ ਜਾ ਰਹੀ ਹੈ। ਲਾਭਪਾਤਰੀਆਂ ਨੂੰ ਪਹਿਲੇ ਦੋ ਸਾਲ ਤੱਕ ਕਿਸੇ ਵੀ ਤਰ੍ਹਾਂ ਦੀ ਕਿਸ਼ਤ ਅਦਾ ਨਹੀਂ ਕਰਨੀ ਪਵੇਗੀ। ਦੋ ਸਾਲ ਪੂਰੇ ਹੋਣ ਉਪਰੰਤ ਕਿਸ਼ਤਾਂ ਦੀ ਅਦਾਇਗੀ ਸ਼ੁਰੂ ਹੋਵੇਗੀ ਅਤੇ ਇਨ੍ਹਾਂ ’ਤੇ ਕੋਈ ਵਿਆਜ ਨਹੀਂ ਲੱਗੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਈ-ਕਾਰਟ ਰਾਹੀਂ ਵੇਰਕਾ ਦੇ ਆਈਸਕ੍ਰੀਮ, ਖੀਰ, ਲੱਸੀ, ਦੁੱਧ ਅਤੇ ਹੋਰ ਖਾਣ-ਪੀਣ ਵਾਲੇ ਉਤਪਾਦ ਲੋਕਾਂ ਤੱਕ ਪਹੁੰਚਾਏ ਜਾਣਗੇ। ਇਸ ਨਾਲ ਜਿੱਥੇ ਵੇਰਕਾ ਦੇ ਉਤਪਾਦਾਂ ਦੀ ਵਿਕਰੀ ਨੂੰ ਹੁਲਾਰਾ ਮਿਲੇਗਾ, ਉੱਥੇ ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਅਤੇ ਹੋਰ ਲਾਭਪਾਤਰੀਆਂ ਲਈ ਆਮਦਨ ਦਾ ਸਾਧਨ ਵੀ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੈਲਫ ਹੈਲਪ ਗਰੁੱਪਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਸਵੈ-ਰੋਜ਼ਗਾਰ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵਿਆਜ ਮੁਕਤ ਈ-ਕਾਰਟ ਦੀ ਸਹੂਲਤ ਵੀ ਇਸੇ ਮੁਹਿੰਮ ਦਾ ਅਹਿਮ ਹਿੱਸਾ ਹੈ, ਜਿਸ ਰਾਹੀਂ ਲਾਭਪਾਤਰੀ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਪਰਿਵਾਰ ਦੀ ਆਮਦਨ ਵਿੱਚ ਯੋਗਦਾਨ ਪਾ ਸਕਣਗੇ। ਇਸ ਮੌਕੇ ਅਰਸ਼ਦੀਪ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਤੇ ਵਿਕਾਸ, ਜ਼ਿਲ੍ਹਾ ਪਰਿਸ਼ਦ ਦੇ ਉਪ ਚੇਅਰਮੈਨ ਸਾਹਿਬ ਸਿੰਘ ਸਾਭਾ, ਭੁਪਿੰਦਰ ਸਿੰਘ ਮੁੰਨਾ ਮੈਂਬਰ ਜ਼ਿਲ੍ਹਾ ਪਰਿਸ਼ਦ, ਵਾਰਡ ਨੰਬਰ 45 ਤੋਂ ਕੌਂਸਲਰ ਹਰੀਸ਼ ਕੁਮਾਰ ਗੋਰਖਾ ਤੋਂ ਇਲਾਵਾ ਪੰਜਾਬ ਰਾਜ ਆਜੀਵਿਕਾ ਮਿਸ਼ਨ ਦਾ ਸਮੁੱਚਾ ਸਟਾਫ਼ ਅਤੇ ਸੈਲਫ ਹੈਲਪ ਗਰੁੱਪਾਂ ਨਾਲ ਸਬੰਧਤ ਮੈਂਬਰ ਹਾਜ਼ਰ ਸਨ।