ਪਠਾਨਕੋਟ ’ਚ ਐਮਰਜੈਂਸੀ ਵਰਗਾ ਬਣਿਆ ਮਾਹੌਲ, ਸਾਇਰਨ ਵੱਜਦਿਆਂ ਹੀ ਸ਼ੁਰੂ ਹੋਏ ਬਚਾਅ ਕਾਰਜ ਪਠਾਨਕੋਟ ਵਿਖੇ ਮੌਕ ਡ੍ਰਿੱਲ ਦੌਰਾਨ ਐਮਰਜੈਂਸੀ ਵਰਗਾ ਬਣਿਆ ਮਾਹੌਲ
Publish Date: Fri, 27 Nov 2026 09:00 PM (IST)
Updated Date: Sat, 28 Nov 2026 04:11 AM (IST)
ਫੋਟੋ : ਮੌਕ ਡ੍ਰਿੱਲ ਦੌਰਾਨ ਅੱਗ ਲੱਗਣ ਦੀ ਸਥਿਤੀ ਦਾ ਦ੍ਰਿਸ਼। ਫੋਟੋ : ਮੌਕ ਡ੍ਰਿੱਲ ਦਾ ਜਾਇਜ਼ਾ ਲੈਂਦੇ ਹੋਏ ਪੁਲਿਸ ਅਧਿਕਾਰੀ, ਐਸਡੀਐਮ ਅਸ਼ੋਕ ਕੁਮਾਰ ਅਤੇ ਹੋਰ ਅਧਿਕਾਰੀ। ਫੋਟੋ : ਮੌਕ ਡ੍ਰਿੱਲ ਦੌਰਾਨ ਰੇਲਵੇ ਸਟੇਸ਼ਨ ਵਿਖੇ ਤਾਇਨਾਤ ਫਾਇਰ ਬ੍ਰਿਗੇਡ ਦੀ ਗੱਡੀ ਅਤੇ ਬਚਾਅ ਕਾਰਜਾਂ ਦਾ ਦ੍ਰਿਸ਼। ਫੋਟੋ : ਮੌਕ ਡ੍ਰਿੱਲ ਤਹਿਤ ਬਲੈਕ ਆਊਟ ਦੌਰਾਨ ਹਨੇਰੇ ਵਿੱਚ ਡੁੱਬਿਆ ਪਠਾਨਕੋਟ ਸ਼ਹਿਰ । ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਕਿਸੇ ਵੀ ਸੰਭਾਵੀ ਐਮਰਜੈਂਸੀ ਜਾਂ ਆਫ਼ਤ ਨਾਲ ਨਜਿੱਠਣ ਲਈ ਪ੍ਰਸ਼ਾਸਨ ਦੀ ਤਿਆਰੀ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਆਪਸੀ ਤਾਲਮੇਲ ਨੂੰ ਪਰਖਣ ਦੇ ਮਕਸਦ ਨਾਲ ਅੱਜ ਰਾਤ ਪਠਾਨਕੋਟ ਵਿਖੇ ਕਰਵਾਈ ਗਈ ਮੌਕ ਡ੍ਰਿੱਲ ਦੌਰਾਨ ਕੁਝ ਸਮੇਂ ਲਈ ਐਮਰਜੈਂਸੀ ਵਰਗਾ ਮਾਹੌਲ ਬਣ ਗਿਆ। ਰਾਤ 8 ਵਜੇ ਸ਼ਹਿਰ ਵਿੱਚ ਸਾਇਰਨ ਵਜਾਇਆ ਗਿਆ ਅਤੇ ਬਲੈਕ ਆਊਟ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ। ਇਸ ਦੌਰਾਨ ਰੇਲਵੇ ਸਟੇਸ਼ਨ ਪਠਾਨਕੋਟ ਦੇ ਗੇਟ ਨੰਬਰ ਇੱਕ ਵਿਖੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵੱਲੋਂ ਬਚਾਅ ਅਤੇ ਰਾਹਤ ਕਾਰਜਾਂ ਦਾ ਅਭਿਆਸ ਕੀਤਾ ਗਿਆ। ਇਸ ਮੌਕ ਡ੍ਰਿੱਲ ਵਿੱਚ ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਅਭਿਆਸ ਦੌਰਾਨ ਐਮਰਜੈਂਸੀ ਵਰਗੀ ਸਥਿਤੀ ਪੈਦਾ ਕਰਕੇ ਸਬੰਧਤ ਵਿਭਾਗਾਂ ਦੀ ਕਾਰਜਸ਼ੈਲੀ, ਤੁਰੰਤ ਕਾਰਵਾਈ ਅਤੇ ਆਪਸੀ ਤਾਲਮੇਲ ਨੂੰ ਪਰਖਿਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਅੱਗ ਲੱਗਣ ਦੀ ਸਥਿਤੀ ਨਾਲ ਨਜਿੱਠਣ ਲਈ ਕਾਰਵਾਈ ਕੀਤੀ ਗਈ, ਜਦਕਿ ਹੋਰ ਵਿਭਾਗਾਂ ਦੀਆਂ ਟੀਮਾਂ ਨੇ ਵੀ ਆਪਣੀ ਨਿਰਧਾਰਤ ਜ਼ਿੰਮੇਵਾਰੀ ਨਿਭਾਉਣ ਦਾ ਅਭਿਆਸ ਕੀਤਾ। ਇਸ ਦੌਰਾਨ ਮੌਕੇ ’ਤੇ ਕਾਫ਼ੀ ਹਲਚਲ ਵਾਲਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਅੱਗ ਲੱਗਣ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਬਚਾਅ ਕਾਰਜਾਂ ਦਾ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਇਸ ਸਬੰਧੀ ਐਸਡੀਐਮ ਪਠਾਨਕੋਟ ਅਸ਼ੋਕ ਕੁਮਾਰ ਨੇ ਦੱਸਿਆ ਸੀ ਕਿ ਇਸ ਅਭਿਆਸ ਦਾ ਮੁੱਖ ਉਦੇਸ਼ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਕੁਦਰਤੀ ਆਫ਼ਤ ਸਮੇਂ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਕਾਰਜਕੁਸ਼ਲਤਾ ਅਤੇ ਵਿਭਾਗਾਂ ਦੀ ਤਿਆਰੀ ਨੂੰ ਪਰਖਣਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਸਾਇਰਨ ਵੱਜਣ ਅਤੇ ਬਲੈਕ ਆਊਟ ਹੋਣ ਦੌਰਾਨ ਘਬਰਾਉਣ ਦੀ ਕੋਈ ਲੋੜ ਨਹੀਂ, ਕਿਉਂਕਿ ਇਹ ਸਿਰਫ਼ ਪ੍ਰਸ਼ਾਸਨ ਵੱਲੋਂ ਕਰਵਾਇਆ ਜਾ ਰਿਹਾ ਅਭਿਆਸ ਹੈ। ਜ਼ਿਕਰਯੋਗ ਹੈ ਕਿ ਅਜਿਹੀਆਂ ਮੌਕ ਡ੍ਰਿੱਲਾਂ ਦਾ ਮੁੱਖ ਮੰਤਵ ਸੰਕਟ ਦੀ ਘੜੀ ਵਿੱਚ ਸਾਰੇ ਵਿਭਾਗਾਂ ਨੂੰ ਤੁਰੰਤ ਅਤੇ ਸੁਚੱਜੇ ਢੰਗ ਨਾਲ ਕਾਰਵਾਈ ਕਰਨ ਲਈ ਤਿਆਰ ਕਰਨਾ ਹੈ, ਤਾਂ ਜੋ ਲੋੜ ਪੈਣ ’ਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।