- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਗਭਗ 500 ਕਰੋੜ ਰੁਪਏ ਦੀ ਕਥਿਤ ਕ੍ਰਿਪਟੋ ਨਿਵੇਸ਼ ਠੱਗੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੀ ਜਾਂਚ ਦਾ ਘੇਰਾ ਵਧਾਉਂਦਿਆਂ ਪਠਾਨਕੋਟ ਵਿੱਚ ਵੀ ਦਸਤਕ ਦਿੱਤੀ ਹੈ। ਸ਼ੁੱਕਰਵਾਰ ਰਾਤ ਨੂੰ ਜੰਮੂ ਤੋਂ ਪਹੁੰਚੀ ਈਡੀ ਦੀ ਟੀਮ ਨੇ ਸ਼ਹਿਰ ਦੇ ਸ਼ਾਸਤਰੀ ਨਗਰ ਸਥਿਤ ਸੁਨੀਲ ਸ਼ਰਮਾ ਦੇ ਘਰ ਛਾਪੇਮਾਰੀ ਕਰਦਿਆਂ ਕਰੀਬ ਚਾਰ ਘੰਟੇ ਤੱਕ ਤਲਾਸ਼ੀ ਲਈ।

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਲਗਭਗ 500 ਕਰੋੜ ਰੁਪਏ ਦੀ ਕਥਿਤ ਕ੍ਰਿਪਟੋ ਨਿਵੇਸ਼ ਠੱਗੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੀ ਜਾਂਚ ਦਾ ਘੇਰਾ ਵਧਾਉਂਦਿਆਂ ਪਠਾਨਕੋਟ ਵਿੱਚ ਵੀ ਦਸਤਕ ਦਿੱਤੀ ਹੈ। ਸ਼ੁੱਕਰਵਾਰ ਰਾਤ ਨੂੰ ਜੰਮੂ ਤੋਂ ਪਹੁੰਚੀ ਈਡੀ ਦੀ ਟੀਮ ਨੇ ਸ਼ਹਿਰ ਦੇ ਸ਼ਾਸਤਰੀ ਨਗਰ ਸਥਿਤ ਸੁਨੀਲ ਸ਼ਰਮਾ ਦੇ ਘਰ ਛਾਪੇਮਾਰੀ ਕਰਦਿਆਂ ਕਰੀਬ ਚਾਰ ਘੰਟੇ ਤੱਕ ਤਲਾਸ਼ੀ ਲਈ। ਇਸ ਕਾਰਵਾਈ ਦੌਰਾਨ ਟੀਮ ਵੱਲੋਂ ਘਰ ਵਿੱਚ ਮੌਜੂਦ ਜ਼ਰੂਰੀ ਦਸਤਾਵੇਜ਼ਾਂ ਅਤੇ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ ਗਈ ਅਤੇ ਕੁਝ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਹਾਲਾਂਕਿ ਇਸ ਕਾਰਵਾਈ ਦੌਰਾਨ ਪਠਾਨਕੋਟ ਤੋਂ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਹੋਣ ਦੀ ਖ਼ਬਰ ਨਹੀਂ ਹੈ।
ਜਾਣਕਾਰੀ ਅਨੁਸਾਰ ਜੰਮੂ ਤੋਂ ਆਈ ਛੇ ਅਧਿਕਾਰੀਆਂ ਦੀ ਟੀਮ ਦੇ ਨਾਲ ਸੀਆਰਪੀਐੱਫ ਦੇ ਜਵਾਨ ਵੀ ਮੌਜੂਦ ਸਨ। ਤਿੰਨ ਗੱਡੀਆਂ ਵਿੱਚ ਪਹੁੰਚੀ ਇਸ ਟੀਮ ਵਿੱਚ ਕੁੱਲ 13 ਮੈਂਬਰ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਜਾਂਚ ਕ੍ਰਿਪਟੋ ਸਟਾਈਲੋ (Crypto Stylo) ਨਾਮਕ ਕੰਪਨੀ ਨਾਲ ਸਬੰਧਿਤ ਕਥਿਤ ਨਿਵੇਸ਼ ਠੱਗੀ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਹੈ। ਕੰਪਨੀ ਦੇ ਮਾਲਕ ਗੁਰਮੀਤ ਸਿੰਘ ਚੌਧਰੀ ’ਤੇ ਲੋਕਾਂ ਨੂੰ ਆਨਲਾਈਨ ਨਿਵੇਸ਼ ਰਾਹੀਂ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਰਕਮ ਇਕੱਠੀ ਕਰਨ ਅਤੇ ਠੱਗੀ ਮਾਰਨ ਦੇ ਦੋਸ਼ ਹਨ। ਹਾਲਾਂਕਿ 500 ਕਰੋੜ ਰੁਪਏ ਦੀ ਠੱਗੀ ਸਬੰਧੀ ਅੰਕੜੇ ਦੀ ਅਜੇ ਈਡੀ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਸੂਤਰਾਂ ਅਨੁਸਾਰ ਪਠਾਨਕੋਟ ਵਾਸੀ ਸੁਨੀਲ ਸ਼ਰਮਾ ਦੀ ਜੰਮੂ-ਕਸ਼ਮੀਰ ਦੇ ਕਠੂਆ ਵਿਖੇ ਗੱਤੇ ਦੀ ਫੈਕਟਰੀ ਸੀ ਅਤੇ ਉਸ ਦੇ ਗੁਰਮੀਤ ਸਿੰਘ ਚੌਧਰੀ ਨਾਲ ਕਾਰੋਬਾਰੀ ਸਬੰਧ ਦੱਸੇ ਜਾ ਰਹੇ ਹਨ। ਦੋਵਾਂ ਵੱਲੋਂ ਸਟਾਈਲੋ ਟਾਈਲਜ਼ ਨਾਮ ਹੇਠ ਇੱਕ ਫੈਕਟਰੀ ਵੀ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਕੰਪਨੀ ਦੇ ਦਫ਼ਤਰ ਦੁਬਈ ਤੱਕ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਇਨ੍ਹਾਂ ਕਾਰੋਬਾਰੀ ਸਬੰਧਾਂ ਦੇ ਮੱਦੇਨਜ਼ਰ ਈਡੀ ਵੱਲੋਂ ਸੁਨੀਲ ਸ਼ਰਮਾ ਦੇ ਘਰ ਤਲਾਸ਼ੀ ਲਈ ਗਈ। ਫਿਲਹਾਲ ਏਜੰਸੀ ਨੇ ਇਸ ਮਾਮਲੇ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ।
ਇਸੇ ਮਾਮਲੇ ਦੀ ਜਾਂਚ ਤਹਿਤ ਈਡੀ ਵੱਲੋਂ ਕਠੂਆ ਜ਼ਿਲ੍ਹੇ ਦੀ ਮਢੀਨ ਤਹਿਸੀਲ ਦੇ ਬਨਿਆੜੀ, ਬਕਰਾਕ ਕਾਲੋਨੀ, ਕਰੰਡੀ ਕਲਾਂ ਅਤੇ ਛਪਾਕੀ ਕਲਾਂ ਵਿੱਚ ਵੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਨ੍ਹਾਂ ਥਾਵਾਂ ’ਤੇ ਜਿਨ੍ਹਾਂ ਵਿਅਕਤੀਆਂ ਦੇ ਘਰਾਂ ਜਾਂ ਟਿਕਾਣਿਆਂ ਦੀ ਤਲਾਸ਼ੀ ਲਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ, ਉਨ੍ਹਾਂ ਵਿੱਚ ਰਾਕੇਸ਼ ਕੁਮਾਰ ਚੌਧਰੀ, ਗੁਰਮੀਤ ਸਿੰਘ, ਗੁਰਮੀਤ ਚੌਧਰੀ ਅਤੇ ਪਰਸ਼ੋਤਮ ਲਾਲ ਦੇ ਨਾਮ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਵਿਅਕਤੀ ਗੁਰਮੀਤ ਚੌਧਰੀ ਦੇ ਰਿਸ਼ਤੇਦਾਰ ਜਾਂ ਸਹਿਯੋਗੀ ਹਨ। ਫਿਲਹਾਲ ਈਡੀ ਦੀ ਜਾਂਚ ਜਾਰੀ ਹੈ ਅਤੇ ਏਜੰਸੀ ਵੱਲੋਂ ਅਧਿਕਾਰਤ ਜਾਣਕਾਰੀ ਜਾਰੀ ਹੋਣ ਤੋਂ ਬਾਅਦ ਹੀ ਇਸ ਕਥਿਤ ਠੱਗੀ ਦੀ ਅਸਲ ਰਕਮ ਅਤੇ ਵੱਖ-ਵੱਖ ਵਿਅਕਤੀਆਂ ਦੀ ਭੂਮਿਕਾ ਸਪੱਸ਼ਟ ਹੋ ਸਕੇਗੀ।