ਜਤਿੰਦਰ ਸ਼ਰਮਾ ਕਤਲ ਦਾ ਪਰਦਾਫਾਸ਼, 2 ਗ੍ਰਿਫਤਾਰ ਨਸ਼ੀਲੀ ਦਵਾਈ ਪਿਲਾ ਕੇ ਬੇਹੋਸ਼ ਕੀਤਾ
Publish Date: Sun, 04 Oct 2026 05:14 PM (IST)
Updated Date: Sun, 04 Oct 2026 05:17 PM (IST)
ਸੁਸ਼ੀਲ ਸ਼ਰਮਾ ਨੇ ਭਰਾ ਨਾਲ ਮਿਲ ਕੇ ਰਚੀ ਸੀ ਸਾਜ਼ਿਸ਼ ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸ਼ਿਵਸੈਨਾ ਹਿੰਦ ਕੋਰ ਕਮੇਟੀ ਦੇ ਚੇਅਰਮੈਨ ਰਵੀ ਸ਼ਰਮਾ ਦੇ ਭਰਾ ਜਤਿੰਦਰ ਸ਼ਰਮਾ (38) ਦੀ ਮੌਤ ਦੇ ਮਾਮਲੇ ’ਚ ਪੁਲਿਸ ਨੇ ਹੱਤਿਆ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਅਨੁਸਾਰ ਜਤਿੰਦਰ ਸ਼ਰਮਾ ਦੀ ਹੱਤਿਆ ਉਸ ਦੀ ਰਿਕਵਰੀ ਏਜੰਸੀ ’ਚ ਪਿਛਲੇ ਕਰੀਬ 9 ਸਾਲ ਤੋਂ ਕੰਮ ਕਰ ਰਹੇ ਸੁਸ਼ੀਲ ਸ਼ਰਮਾ (32) ਨੇ ਆਪਣੇ ਭਰਾ ਹੇਮੰਤ ਸ਼ਰਮਾ ਉਰਫ਼ ਹਨੀ ਨਾਲ ਮਿਲ ਕੇ ਕੀਤੀ। ਪੁਲਿਸ ਅਨੁਸਾਰ ਸੁਸ਼ੀਲ ਸ਼ਰਮਾ ਦੇ ਮਨ ’ਚ ਜਤਿੰਦਰ ਪ੍ਰਤੀ ਰੰਜਿਸ਼ ਸੀ ਅਤੇ ਉਸ ਨੇ ਕਰੀਬ ਇੱਕ ਮਹੀਨਾ ਪਹਿਲਾਂ ਹੀ ਹੱਤਿਆ ਦੀ ਸਾਜ਼ਿਸ਼ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਵਾਰਦਾਤ ਵਾਲੇ ਦਿਨ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਜਤਿੰਦਰ ਨੂੰ ਕੌਫੀ ਅਤੇ ਠੰਢੇ ਪੀਣ ਵਾਲੇ ਪਦਾਰਥ ’ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਪਿਲਾਈਆਂ। ਬੇਹੋਸ਼ ਹੋਣ ਉਪਰੰਤ ਉਸ ਦੇ ਸਿਰ ’ਤੇ ਕ੍ਰਿਕਟ ਬੈਟ ਨਾਲ ਵਾਰ ਕੀਤਾ ਅਤੇ ਗਲਾ ਦਬਾ ਕੇ ਉਸ ਦੀ ਜਾਨ ਲੈ ਲਈ। ਜ਼ਿਕਰਯੋਗ ਹੈ ਕਿ 28 ਸਤੰਬਰ ਨੂੰ ਜਤਿੰਦਰ ਸ਼ਰਮਾ ਦੀ ਲਾਸ਼ ਘਰ ਦੇ ਇੱਕ ਕਮਰੇ ’ਚੋਂ ਮਿਲੀ ਸੀ। ਸ਼ੁਰੂ ’ਚ ਪੁਲਿਸ ਵੱਲੋਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਸੀ ਪਰ ਰਵੀ ਸ਼ਰਮਾ ਵੱਲੋਂ ਹੱਤਿਆ ਦਾ ਸ਼ੱਕ ਜਤਾਉਣ ’ਤੇ ਪੋਸਟਮਾਰਟਮ ਕਰਵਾਇਆ ਗਿਆ। ਰਿਪੋਰਟ ’ਚ ਮੌਤ ਗੈਰ-ਕੁਦਰਤੀ ਹੋਣ ਦੇ ਤੱਥ ਸਾਹਮਣੇ ਆਉਣ ਉਪਰੰਤ ਥਾਣਾ ਡਵੀਜ਼ਨ ਨੰਬਰ-2 ਵਿੱਚ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ। ਐਸਐਚਓ ਥਾਣਾ ਡਵੀਜ਼ਨ ਨੰਬਰ-2 ਵਿਜੈ ਕੁਮਾਰ ਅਤੇ ਸੀਆਈਏ ਇੰਚਾਰਜ ਮਨਦੀਪ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਜਾਂਚ ਕਰਦਿਆਂ ਸੁਸ਼ੀਲ ਸ਼ਰਮਾ ਅਤੇ ਹੇਮੰਤ ਸ਼ਰਮਾ ਉਰਫ਼ ਹਨੀ ਨੂੰ ਕਾਬੂ ਕਰ ਲਿਆ। ਪੁਲਿਸ ਨੇ ਵਾਰਦਾਤ ’ਚ ਵਰਤਿਆ ਕ੍ਰਿਕਟ ਬੈਟ ਵੀ ਬਰਾਮਦ ਕੀਤਾ ਹੈ। ਐਸਪੀ (ਡੀ) ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਫੋਰੈਂਸਿਕ ਰਿਪੋਰਟ ਦੇ ਆਧਾਰ ’ਤੇ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਆਈ ਤਾਂ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।