ਦਾਜ਼ 'ਚ ਬੁਲੇਟ ਦੀ ਮੰਗ ਪੂਰੀ ਨਾ ਹੋਣ 'ਤੇ ਜਵਾਈ ਦਾ ਭਿਆਨਕ ਕਾਰਾ, ਸਹੁਰੇ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ; ਸਾਲੇ ਦੀ ਦਾਤਰ ਨਾਲ ਵੱਢੀ ਉਂਗਲ ਪਿੰਡ ਅਜੀਜ਼ਪੁਰ ਵਿਖੇ ਦਾਜ਼ ਵਿੱਚ ਬੁਲੇਟ ਮੋਟਰਸਾਈਕਲ ਦੀ ਮੰਗ ਨੂੰ ਲੈ ਕੇ ਚੱਲ ਰਹੇ ਘਰੇਲੂ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਦੋਸ਼ ਹੈ ਕਿ ਜਵਾਈ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਹਿਲਾਂ ਸਹੁਰੇ ਘਰ ਵਿੱਚ ਦਾਖ਼ਲ ਹੋ ਕੇ ਪਤਨੀ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਸਹੁਰੇ ਸ਼ਫ਼ੀ ਮੁਹੰਮਦ, ਸਾਲਿਆਂ ਅਤੇ ਸੱਸ ਸਮੇਤ ਪਰਿਵਾਰ ਦੇ ਮੈਂਬਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਕੁੱਲ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ ਹੈ। ਥਾਣਾ ਸੁਜਾਨਪੁਰ ਦੀ ਪੁਲਿਸ ਨੇ ਸੱਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕ
Publish Date: Wed, 11 Nov 2026 11:21 AM (IST)
Updated Date: Wed, 11 Nov 2026 11:22 AM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ - ਪਿੰਡ ਅਜੀਜ਼ਪੁਰ ਵਿਖੇ ਦਾਜ਼ ਵਿੱਚ ਬੁਲੇਟ ਮੋਟਰਸਾਈਕਲ ਦੀ ਮੰਗ ਨੂੰ ਲੈ ਕੇ ਚੱਲ ਰਹੇ ਘਰੇਲੂ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਦੋਸ਼ ਹੈ ਕਿ ਜਵਾਈ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਹਿਲਾਂ ਸਹੁਰੇ ਘਰ ਵਿੱਚ ਦਾਖ਼ਲ ਹੋ ਕੇ ਪਤਨੀ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਸਹੁਰੇ ਸ਼ਫ਼ੀ ਮੁਹੰਮਦ, ਸਾਲਿਆਂ ਅਤੇ ਸੱਸ ਸਮੇਤ ਪਰਿਵਾਰ ਦੇ ਮੈਂਬਰਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਕੁੱਲ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ ਹੈ। ਥਾਣਾ ਸੁਜਾਨਪੁਰ ਦੀ ਪੁਲਿਸ ਨੇ ਸੱਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਵਿਆਹੁਤਾ ਬਿੱਲੋ ਨੇ ਦੱਸਿਆ ਕਿ ਦੀਵਾਲੀ ਮੌਕੇ ਉਹ ਆਪਣੇ ਦੋ ਸਾਲਾਂ ਬੱਚੇ ਸਮੇਤ ਪੇਕੇ ਪਿੰਡ ਅਜੀਜ਼ਪੁਰ ਆਈ ਹੋਈ ਸੀ। ਬੱਚੇ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਸ ਨੇ ਪਤੀ ਨੂੰ ਫ਼ੋਨ ਕਰਕੇ ਸਹੁਰੇ ਘਰ ਲਿਜਾਣ ਲਈ ਆਉਣ ਵਾਸਤੇ ਕਿਹਾ। ਦੋਸ਼ ਹੈ ਕਿ ਇਸ ਗੱਲ ਤੋਂ ਗੁੱਸੇ ਵਿੱਚ ਆਏ ਪਤੀ ਨੇ ਫ਼ੋਨ ’ਤੇ ਗਾਲੀ-ਗਲੋਚ ਕੀਤੀ ਅਤੇ ਕੁਝ ਸਮੇਂ ਬਾਅਦ ਪੇਕੇ ਘਰ ਪਹੁੰਚ ਕੇ ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਅਤੇ ਲੱਤਾਂ ਤੇ ਪੇਟ ਵਿੱਚ ਲੱਤਾਂ ਮਾਰੀਆਂ। ਬਿੱਲੋ ਦੇ ਭਰਾ ਲਿਆਕਤ ਅਲੀ ਨੇ ਦੱਸਿਆ ਕਿ ਭੈਣ ਦੀਆਂ ਚੀਕਾਂ ਸੁਣ ਕੇ ਜਦੋਂ ਉਹ ਬਚਾਅ ਲਈ ਆਇਆ ਤਾਂ ਜਵਾਈ ਨੇ ਉਸ ਨਾਲ ਵੀ ਧੱਕਾ-ਮੁੱਕੀ ਕੀਤੀ। ਸਮਝਾਉਣ ਦੇ ਬਾਵਜੂਦ ਉਹ ਨਹੀਂ ਮੰਨਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਚਲਾ ਗਿਆ।
ਲਿਆਕਤ ਅਲੀ ਅਨੁਸਾਰ ਅਗਲੇ ਦਿਨ ਉਨ੍ਹਾਂ ਦੇ ਪਿਤਾ ਸ਼ਫ਼ੀ ਮੁਹੰਮਦ ਨੂੰ ਰਸਤੇ ਵਿੱਚ ਰੋਕ ਕੇ ਕੁੱਟਿਆ ਗਿਆ ਅਤੇ ਪਿੰਡ ਤੋਂ ਬਾਹਰ ਲਿਜਾ ਕੇ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ। ਸੂਚਨਾ ਮਿਲਣ ’ਤੇ ਜਦੋਂ ਉਹ ਪਿਤਾ ਨੂੰ ਛੁਡਵਾਉਣ ਪਹੁੰਚੇ ਤਾਂ ਜਵਾਈ ਦੇ ਪਿਤਾ ਜਮਾਲਦੀਨ ਨੇ ਆਪਣੇ ਪੰਜ ਪੁੱਤਰਾਂ ਅਤੇ ਇਕ ਹੋਰ ਵਿਅਕਤੀ ਨਾਲ ਮਿਲ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਫ਼ਰਮਾਨ ਅਲੀ ਦੀ ਇਕ ਉਂਗਲ ਦਾਤਰ ਨਾਲ ਵੱਢ ਦਿੱਤੀ ਗਈ ਅਤੇ ਉਸ ਦੇ ਸਿਰ ’ਤੇ ਵੀ ਗੰਭੀਰ ਸੱਟਾਂ ਲੱਗੀਆਂ। ਸੱਸ ਜੂਨਾ ਬੇਗਮ ਅਤੇ ਲਿਆਕਤ ਅਲੀ ਵੀ ਹਮਲੇ ਵਿੱਚ ਜ਼ਖ਼ਮੀ ਹੋ ਗਏ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਵਿਆਹੁਤਾ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਦਾਜ ਵਿੱਚ ਮਿਲੇ ਸਪਲੈਂਡਰ ਮੋਟਰਸਾਈਕਲ ਤੋਂ ਸੰਤੁਸ਼ਟ ਨਹੀਂ ਸੀ ਅਤੇ ਲਗਾਤਾਰ ਬੁਲੇਟ ਮੋਟਰਸਾਈਕਲ ਦੀ ਮੰਗ ਕਰਦਾ ਸੀ। ਇਸ ਕਾਰਨ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ।
ਸਿਵਲ ਹਸਪਤਾਲ ਪਠਾਨਕੋਟ ਦੇ ਡਾਕਟਰ ਸੁਨੀਲ ਚੰਦ ਨੇ ਦੱਸਿਆ ਕਿ ਚਾਰ ਜ਼ਖ਼ਮੀਆਂ ਦੇ ਮੈਡੀਕੋ-ਲੀਗਲ ਕੇਸ ਐਮਰਜੈਂਸੀ ਵਿੱਚ ਪਹੁੰਚੇ ਸਨ। ਇਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਮੁੱਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਰੈਫ਼ਰ ਕੀਤਾ ਗਿਆ, ਜਿਸ ਨੂੰ ਪਰਿਵਾਰ ਨੇ ਰਾਜ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਹੈ। ਬਾਕੀ ਤਿੰਨ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਪੁਲਿਸ ਨੇ ਜਮਾਲਦੀਨ, ਅੰਮੂ, ਜਾਫ਼ਰ, ਸਲੀਮ, ਸੋਨੂੰ, ਭਾਊ ਅਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 115(1), 115(2), 190 ਅਤੇ 191(3) ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਸੁਜਾਨਪੁਰ ਦੇ ਮੁਖੀ ਅਰੁਣ ਕਾਲੀਆ ਨੇ ਦੱਸਿਆ ਕਿ ਮੈਡੀਕਲ ਰਿਪੋਰਟਾਂ ਅਤੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਗਈ ਹੈ। ਪੀੜਤ ਪਰਿਵਾਰ ਨੇ ਸਾਰੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।