ਪਰਚੀਆਂ ਕੱਟਣ ਦੇ ਬਾਵਜੂਦ ਬਮਿਆਲ ਦੇ 300 ਦੇ ਕਰੀਬ ਪਰਿਵਾਰ ਰਾਸ਼ਨ ਤੋਂ ਵਾਂਝੇ ਪਰਚੀਆਂ ਕੱਟਣ ਦੇ ਬਾਵਜੂਦ ਬਮਿਆਲ ਦੇ 300 ਦੇ
Publish Date: Thu, 01 Oct 2026 05:04 PM (IST)
Updated Date: Thu, 01 Oct 2026 05:07 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ — ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਕਸਬਾ ਬਮਿਆਲ ਦੇ ਕਰੀਬ 300 ਪਰਿਵਾਰ ਪਿਛਲੇ ਤਿੰਨ ਮਹੀਨਿਆਂ ਤੋਂ ਸਰਕਾਰੀ ਰਾਸ਼ਨ ਅਤੇ ਕਣਕ ਦੀ ਉਡੀਕ ਕਰ ਰਹੇ ਹਨ। ਲਾਭਪਾਤਰੀਆਂ ਦੀਆਂ ਪਰਚੀਆਂ ਕੱਟੇ ਜਾਣ ਦੇ ਬਾਵਜੂਦ ਰਾਸ਼ਨ ਨਾ ਮਿਲਣ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸੇ ਮਸਲੇ ਨੂੰ ਲੈ ਕੇ ਅੱਜ ਵੱਡੀ ਗਿਣਤੀ ਵਿੱਚ ਲੋਕਾਂ, ਖਾਸ ਕਰਕੇ ਮਹਿਲਾਵਾਂ, ਵੱਲੋਂ ਇਕੱਠੇ ਹੋ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਮੌਜੂਦ ਮਹਿਲਾਵਾਂ ਸੋਨੀਆ ਸ਼ਰਮਾ, ਨੇਹਾ ਸ਼ਰਮਾ, ਸ੍ਰਿਸ਼ਟਾ ਦੇਵੀ, ਮਮਤਾ ਦੇਵੀ, ਅਨੁਰਾਧਾ ਦੇਵੀ, ਯਸ਼ੋਧਾ ਦੇਵੀ, ਸੁਮਨ ਲਤਾ, ਅੰਜੂ ਬਾਲਾ ਅਤੇ ਰਾਜਰਾਣੀ ਨੇ ਦੱਸਿਆ ਕਿ ਉਨ੍ਹਾਂ ਦਾ ਡਿਪੂ ਹੋਲਡਰ ਲਪਿੰਦਰ ਸ਼ਰਮਾ ਹੈ। ਉਨ੍ਹਾਂ ਕਿਹਾ ਕਿ ਡਿਪੂ ਹੋਲਡਰ ਵੱਲੋਂ ਲਾਭਪਾਤਰੀਆਂ ਦੀਆਂ ਪਰਚੀਆਂ ਕੱਟੀਆਂ ਜਾ ਚੁੱਕੀਆਂ ਹਨ ਅਤੇ ਪਹਿਲਾਂ ਵੀ ਉਹ ਸਮੇਂ ਸਿਰ ਰਾਸ਼ਨ ਵੰਡਦਾ ਰਿਹਾ ਹੈ। ਪਰ ਇਸ ਵਾਰ ਕਣਕ ਅਤੇ ਹੋਰ ਰਾਸ਼ਨ ਦੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣੇ ਹੱਕ ਦਾ ਰਾਸ਼ਨ ਨਹੀਂ ਮਿਲ ਸਕਿਆ। ਲਾਭਪਾਤਰੀਆਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਰਾਸ਼ਨ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਬਮਿਆਲ ਦੇ ਡਿਪੂ ਹੋਲਡਰ ਨੂੰ ਤੁਰੰਤ ਕਣਕ ਅਤੇ ਹੋਰ ਲੋੜੀਂਦਾ ਰਾਸ਼ਨ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਪਰਚੀਆਂ ਕੱਟੇ ਜਾਣ ਦੇ ਬਾਵਜੂਦ ਰਾਸ਼ਨ ਤੋਂ ਵਾਂਝੇ ਰਹਿ ਰਹੇ ਪਰਿਵਾਰਾਂ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਮਿਲ ਸਕੇ। ਇਸ ਦੌਰਾਨ ਕੁਝ ਲੋਕਾਂ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਕਿ ਰਾਸ਼ਨ ਦੀ ਸਪਲਾਈ ਰੁਕਣ ਪਿੱਛੇ ਰਾਜਨੀਤਿਕ ਦਬਾਅ ਹੋ ਸਕਦਾ ਹੈ। ਹਾਲਾਂਕਿ ਇਸ ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਲੋਕਾਂ ਨੇ ਕਿਹਾ ਕਿ ਜੇਕਰ ਹੋਰਨਾਂ ਡਿਪੂਆਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਬਮਿਆਲ ਦੇ ਇਨ੍ਹਾਂ ਪਰਿਵਾਰਾਂ ਨੂੰ ਵੀ ਉਨ੍ਹਾਂ ਦੇ ਹੱਕ ਦੇ ਰਾਸ਼ਨ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ। ਉਨ੍ਹਾਂ ਪ੍ਰਸ਼ਾਸਨ ਤੋਂ ਮਾਮਲੇ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇੱਕ-ਦੋ ਦਿਨਾਂ ਵਿੱਚ ਮਿਲੇਗਾ ਰਾਸ਼ਨ : ਇਸ ਸਬੰਧੀ ਜਦੋਂ ਏਐੱਸਐੱਫਓ ਨਰੋਟ ਜੈਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਕ-ਦੋ ਦਿਨਾਂ ਦੇ ਅੰਦਰ ਇਨ੍ਹਾਂ ਲੋਕਾਂ ਨੂੰ ਰਾਸ਼ਨ ਵੰਡ ਦਿੱਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਅਧਿਕਾਰੀ ਵੱਲੋਂ ਦਿੱਤੇ ਭਰੋਸੇ ਅਨੁਸਾਰ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਕਦੋਂ ਤੱਕ ਮਿਲਦਾ ਹੈ।