ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਯਾਤਰਾ ਦਾ ਥਾਂ-ਥਾਂ ਭਰਵਾਂ ਸਵਾਗਤ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ
Publish Date: Fri, 20 Nov 2026 04:27 PM (IST)
Updated Date: Fri, 20 Nov 2026 04:28 PM (IST)
ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਦੀ 650ਵਾਂ ਪ੍ਰਕਾਸ਼ ਪੁਰਬ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੀ ਜਾ ਰਹੀ ਸਮਰਸਤਾ ਸੰਕਲਪ ਯਾਤਰਾ ਦੇ ਪਠਾਨਕੋਟ ਪਹੁੰਚਣ ਤੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੈਕਾਰਿਆਂ ਨਾਲ ਸਮੁੱਚਾ ਮਾਹੌਲ ਗੂੰਜ ਉੱਠਿਆ। 18 ਨਵੰਬਰ ਨੂੰ ਜਲੰਧਰ ਸਥਿਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਸੱਚਖੰਡ ਬੱਲਾਂ ਨੇੜਲੇ ਪਿੰਡ ਰਾਇਪੁਰ ਰਸੂਲਪੁਰ ਤੋਂ ਸ਼ੁਰੂ ਹੋਈ ਇਸ ਯਾਤਰਾ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਵੀਰਵਾਰ ਦੁਪਹਿਰ ਕਰੀਬ 12 ਵਜੇ ਯਾਤਰਾ ਢਾਂਗੂ ਰੋਡ ਸਥਿਤ ਸਵਾਮੀ ਜਗਤ ਗਿਰੀ ਆਸ਼ਰਮ ਵਿਖੇ ਪਹੁੰਚੀ, ਜਿੱਥੇ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਵਰਕਰਾਂ ਅਤੇ ਸ਼ਹਿਰ ਵਾਸੀਆਂ ਨੇ ਫੁੱਲਾਂ ਨਾਲ ਸਵਾਗਤ ਕੀਤਾ। ਇਸ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਲਾਲ ਸਿੰਘ ਆਰਿਆ, ਰਵੀ ਕਾਹਲੋਂ ਅਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਯਾਤਰਾ ਮਲਿਕਪੁਰ ਗੋਲ ਚੌਕ ਵਿਖੇ ਪਹੁੰਚੀ, ਜਿੱਥੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਸੁਜਾਨਪੁਰ ਹਲਕੇ ਦੇ ਭਾਜਪਾ ਵਰਕਰਾਂ ਸਮੇਤ ਸਵਾਗਤ ਕੀਤਾ। ਉਨ੍ਹਾਂ ਯਾਤਰਾ ਵਿੱਚ ਸ਼ਾਮਲ ਆਗੂਆਂ ਨੂੰ ਸ਼ਾਲ ਅਤੇ ਸਿਰੋਪਾਓ ਭੇਟ ਕੀਤੇ ਅਤੇ ਗੁਰੂ ਰਵਿਦਾਸ ਜੀ ਮਹਾਰਾਜ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਬਲਸੂਆ ਮੋੜ ਝਾਕੋਲਾਹੜੀ ਵਿਖੇ ਭੋਆ ਹਲਕੇ ਦੇ ਵਰਕਰਾਂ ਵੱਲੋਂ ਯਾਤਰਾ ਦਾ ਸਵਾਗਤ ਕਰਦਿਆਂ ਜਲ-ਪਾਨ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਸੇਵਾਮੁਕਤ ਡਿਵੀਜ਼ਨਲ ਅਧਿਕਾਰੀ ਦਰਸ਼ਨ ਕੁਮਾਰ, ਸੀਨੀਅਰ ਭਾਜਪਾ ਆਗੂ ਅਮਿਤ ਡੋਗਰਾ, ਯੁੱਧਵੀਰ ਸਿੰਘ, ਮੰਡਲ ਪ੍ਰਧਾਨ ਰੂਪ ਲਾਲ, ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਪ੍ਰਬੋਧ ਚੰਦਰ, ਬੋਧ ਰਾਜ, ਸੱਤਿਆ ਪ੍ਰਕਾਸ਼ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ। ਪਠਾਨਕੋਟ ਤੋਂ ਵੱਖ-ਵੱਖ ਪੜਾਵਾਂ ਤੇ ਸਵਾਗਤ ਉਪਰੰਤ ਇਹ ਯਾਤਰਾ ਅਗਲੇ ਪੜਾਅ ਗੁਰਦਾਸਪੁਰ ਲਈ ਰਵਾਨਾ ਹੋ ਗਈ।