ਸੀਪੀਆਈ ਨੇ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਦਿੱਤਾ ਮੰਗ ਪੱਤਰ ਮਜ਼ਦੂਰਾਂ-ਕਿਸਾਨਾਂ ਦੀਆਂ ਮੰਗਾਂ ਸਬੰਧੀ ਸੀਪੀਆਈ
Publish Date: Sat, 03 Oct 2026 05:06 PM (IST)
Updated Date: Sat, 03 Oct 2026 05:07 PM (IST)
ਅੰਕੁਰ ਮਹਾਜਨ, ਪੰਜਾਬੀ ਜਾਗਰਣ, ਪਠਾਨਕੋਟ : ਸੀਪੀਆਈ (ਐੱਮ) ਵੱਲੋਂ ਜ਼ਿਲ੍ਹਾ ਸਕੱਤਰ ਸੁਰਿੰਦਰ ਸਹਿਗਲ ਦੀ ਅਗਵਾਈ ਹੇਠ ਹਲਕਾ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਵੱਖ-ਵੱਖ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਇਹ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਧਾਇਕ ਰਾਹੀਂ ਭੇਜਣ ਦੀ ਮੰਗ ਕੀਤੀ। ਸੁਰਿੰਦਰ ਸਹਿਗਲ ਨੇ ਕਿਹਾ ਕਿ ਲੇਬਰ ਕੋਡ ਰੱਦ ਕਰਕੇ ਪੁਰਾਣੇ ਕਿਰਤ ਕਾਨੂੰਨ ਬਹਾਲ ਕੀਤੇ ਜਾਣ ਅਤੇ ਮਜ਼ਦੂਰਾਂ ਲਈ 8 ਘੰਟੇ ਦੀ ਦਿਹਾੜੀ ਯਕੀਨੀ ਬਣਾਈ ਜਾਵੇ। ਉਨ੍ਹਾਂ ਮਨਰੇਗਾ ਸਬੰਧੀ ਨਵੇਂ ਕਾਨੂੰਨ ਨੂੰ ਰੱਦ ਕਰਨ, ਬੀਜ ਬਿੱਲ-2026 ਅਤੇ ਬਿਜਲੀ ਸੋਧ ਬਿੱਲ-2025 ਵਾਪਸ ਲੈਣ ਦੀ ਮੰਗ ਵੀ ਰੱਖੀ। ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ, ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਲਾਗੂ ਕਰਕੇ ਇਸ ਨੂੰ ਕਾਨੂੰਨੀ ਦਰਜਾ ਦੇਣ ਅਤੇ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ, ਔਰਤਾਂ, ਵਿਧਵਾਵਾਂ ਤੇ ਅੰਗਹੀਣਾਂ ਨੂੰ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਨਸ਼ਿਆਂ ਅਤੇ ਵਧ ਰਹੇ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਅਤੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਨਾ ਕਰਨ ਦੀ ਮੰਗ ਵੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਲਈ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਕਾ. ਸੁਧਾ ਰਾਣੀ, ਕਾ. ਪਰਸ਼ੋਤਮ ਕੁਮਾਰ, ਅਵਿਨਾਸ਼ ਸੈਣੀ, ਵਿਜੈ ਕੁਮਾਰ, ਜਗਦੀਸ਼ ਰਾਜ, ਚਮਨ ਲਾਲ, ਕੇਵਲ ਕਾਲੀਆ, ਬਿਕਰਮਜੀਤ ਅਤੇ ਕਾ. ਸਤ ਪ੍ਰਕਾਸ਼ ਸਮੇਤ ਹੋਰ ਸਾਥੀ ਹਾਜ਼ਰ ਸਨ।