ਯੂਪੀਆਈ ਫੀਸ ਦੇ ਵਿਰੋਧ ’ਚ ਵਪਾਰ ਮੰਡਲ ਵੱਲੋਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਯੂਪੀਆਈ ਫੀਸ ਦੇ ਵਿਰੋਧ ’ਚ ਵਪਾਰ ਮੰਡਲ
Publish Date: Sun, 04 Oct 2026 04:51 PM (IST)
Updated Date: Sun, 04 Oct 2026 04:53 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਯੂਪੀਆਈ ਰਾਹੀਂ ਭੁਗਤਾਨ ’ਤੇ ਪ੍ਰਸਤਾਵਿਤ 0.4 ਫ਼ੀਸਦੀ ਵਪਾਰੀ ਫੀਸ ਦੇ ਮੁੱਦੇ ਨੂੰ ਲੈ ਕੇ ਵਪਾਰ ਮੰਡਲ ਪਠਾਨਕੋਟ ਵੱਲੋਂ ਰੋਸ ਪ੍ਰਗਟਾਇਆ ਗਿਆ। ਇਸ ਸਬੰਧੀ ਵਪਾਰ ਮੰਡਲ ਦੇ ਪ੍ਰਧਾਨ ਦਪਿੰਦਰ ਅਰੋੜਾ ਦੀ ਅਗਵਾਈ ਹੇਠ ਅਹੁਦੇਦਾਰਾਂ ਨੇ ਭਾਜਪਾ ਪੰਜਾਬ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਕੇਂਦਰ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪਿਆ। ਯੂਪੀਆਈ ਦੇ 2,000 ਰੁਪਏ ਤੋਂ ਵੱਧ ਦੇ ਯੋਗ ਵਪਾਰੀ ਲੈਣ-ਦੇਣ ’ਤੇ 0.4 ਫ਼ੀਸਦੀ ਐੱਮਡੀਆਰ ਲਾਗੂ ਕਰਨ ਦੀ ਤਜਵੀਜ਼ 15 ਅਕਤੂਬਰ ਤੋਂ ਲਾਗੂ ਹੋਣੀ ਦੱਸੀ ਗਈ ਹੈ। ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਕਿਹਾ ਕਿ ਵਪਾਰੀ ਪਹਿਲਾਂ ਹੀ ਕਿਰਾਏ, ਬਿਜਲੀ, ਕਰਮਚਾਰੀਆਂ ਦੀ ਤਨਖ਼ਾਹ, ਟੈਕਸ ਅਤੇ ਹੋਰ ਖਰਚਿਆਂ ਦਾ ਬੋਝ ਝੱਲ ਰਹੇ ਹਨ। ਅਜਿਹੇ ਵਿੱਚ ਡਿਜੀਟਲ ਭੁਗਤਾਨ ’ਤੇ ਵਾਧੂ ਖਰਚਾ ਵਪਾਰੀਆਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਡਿਜੀਟਲ ਭੁਗਤਾਨ ਪ੍ਰਣਾਲੀ ਦੇ ਹੱਕ ਵਿੱਚ ਹਨ ਪਰ ਯੂਪੀਆਈ ’ਤੇ ਵਪਾਰੀ ਫੀਸ ਨਾ ਲਗਾਈ ਜਾਵੇ। ਵਿਧਾਇਕ ਅਸ਼ਵਨੀ ਸ਼ਰਮਾ ਨੇ ਵਪਾਰੀਆਂ ਦੀਆਂ ਮੰਗਾਂ ਸੁਣਦਿਆਂ ਮੰਗ ਪੱਤਰ ਸਬੰਧਤ ਕੇਂਦਰੀ ਮੰਤਰਾਲੇ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪ੍ਰਦੇਸ਼ ਜਨਰਲ ਸਕੱਤਰ ਐਲਆਰ ਸੋਢੀ, ਜ਼ਿਲ੍ਹਾ ਇੰਚਾਰਜ ਭਾਰਤ ਮਹਾਜਨ, ਚੇਅਰਮੈਨ ਰਾਜੇਸ਼ ਪੁਰੀ, ਅਮਿਤ ਨਈਅਰ, ਰਮਨ ਹਾਂਡਾ, ਰਜਨੀਸ਼ ਮਹਾਜਨ, ਰਾਮਪਾਲ ਭੰਡਾਰੀ, ਪ੍ਰਿੰਸ ਅਰੋੜਾ, ਰਾਜੇਸ਼ ਭਾਟੀਆ, ਰਾਜੀਵ ਮਹਾਜਨ ਅਤੇ ਸ਼ਿਵਮ ਗੁਲਾਟੀ ਸਮੇਤ ਵਪਾਰ ਮੰਡਲ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।