ਖਿਡਾਰਨਾਂ ਨੇ ਪਠਾਨਕੋਟ ਦਾ ਨਾਂ ਕੀਤਾ ਰੌਸ਼ਨ ਖੇਡਾਂ ਵਤਨ ਪੰਜਾਬ ਦੀਆਂ 'ਚ ਪਠਾਨਕੋਟ ਦੀਆਂ ਮੁੱਕੇਬਾਜ਼ ਕੁੜੀਆਂ ਨੇ ਤਮਗੇ ਜਿੱਤੇ
Publish Date: Sat, 21 Nov 2026 04:03 PM (IST)
Updated Date: Sat, 21 Nov 2026 04:04 PM (IST)
ਹਰਪ੍ਰੀਤ ਹੈਰੀ, ਪੰਜਾਬੀ ਜਾਗਰਣ, ਪਠਾਨਕੋਟ : ਖੇਡਾਂ ਦੇ ਖੇਤਰ ਵਿੱਚ ਪਠਾਨਕੋਟ ਦੀਆਂ ਧੀਆਂ ਨੇ ਇਕ ਵਾਰ ਫਿਰ ਆਪਣੀ ਪ੍ਰਤਿਭਾ ਅਤੇ ਮਿਹਨਤ ਦਾ ਲੋਹਾ ਮਨਵਾਉਂਦਿਆਂ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਖੇਡਾਂ ਵਤਨ ਪੰਜਾਬ ਦੀਆਂ ਦੇ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਪਠਾਨਕੋਟ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਭਾਰ ਵਰਗਾਂ ਵਿੱਚ ਕਈ ਤਮਗੇ ਜਿੱਤ ਕੇ ਜ਼ਿਲ੍ਹੇ ਦੀ ਝੋਲੀ ਪਾਏ। ਇਨ੍ਹਾਂ ਮੁਕਾਬਲਿਆਂ ਵਿੱਚ ਵਿਸ਼ਾਖਾ ਨੇ 21 ਤੋਂ 31 ਸਾਲ ਉਮਰ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਸੰਜਨਾ ਨੇ ਅੰਡਰ-21 ਵਰਗ ਦੇ 65 ਕਿਲੋਗ੍ਰਾਮ ਭਾਰ ਵਰਗ ਅਤੇ ਝੀਲ ਨੇ 70 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦੇ ਤਮਗੇ ਹਾਸਲ ਕੀਤੇ। ਤਨਵੀ ਨੇ ਕਾਂਸੀ, ਏਂਜਲ ਮਹਾਜਨ ਨੇ ਚਾਂਦੀ ਅਤੇ ਟੀਸੀਕਾ ਨੇ 21 ਤੋਂ 31 ਸਾਲ ਉਮਰ ਵਰਗ ਦੇ 80 ਕਿਲੋਗ੍ਰਾਮ ਭਾਰ ਵਰਗ ’ਚ ਚਾਂਦੀ ਦਾ ਤਮਗਾ ਜਿੱਤ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਖਿਡਾਰਨਾਂ ਦੀ ਇਸ ਪ੍ਰਾਪਤੀ ’ਤੇ ਨਰਿੰਦਰ ਪਾਲ ਮੋਨੂੰ (ਬਾਕਸਿੰਗ, ਸਪੋਰਟਸ ਵਿਭਾਗ ਪੰਜਾਬ) ਅਤੇ ਹਰਪ੍ਰੀਤ ਸਿੰਘ (ਜਨਰਲ ਸਕੱਤਰ, ਡਿਸਟ੍ਰਿਕਟ ਬਾਕਸਿੰਗ ਐਸੋਸੀਏਸ਼ਨ ਪਠਾਨਕੋਟ ਅਤੇ ਬਾਕਸਿੰਗ ਕੋਚ) ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਖਿਡਾਰਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਖਿਡਾਰਨਾਂ ਦੀ ਅਣਥੱਕ ਮਿਹਨਤ, ਅਨੁਸ਼ਾਸਨ ਅਤੇ ਕੋਚਾਂ ਦੀ ਅਗਵਾਈ ਦਾ ਨਤੀਜਾ ਹੈ। ਟੀਮ ਦੇ ਇੰਚਾਰਜ ਵਜੋਂ ਅੰਜਲੀ ਅਤੇ ਸੁਵਿਧਾ ਨੇ ਅਹਿਮ ਭੂਮਿਕਾ ਨਿਭਾਈ, ਜਦਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਸ਼ਿਵਾਨੀ ਜੋ ਐਸੋਸੀਏਸ਼ਨ ਦੀ ਮੈਂਬਰ ਵੀ ਹਨ ਨੇ ਵੀ ਟੀਮ ਨੂੰ ਸਹਿਯੋਗ ਦਿੱਤਾ।