ਭੂਨ ਨੇੜੇ ਬੇਕਾਬੂ ਹੋ ਕੇ ਖੱਡ 'ਚ ਡਿੱਗੀ ਬਲੈਰੋ, ਤਿੰਨ ਔਰਤਾਂ ਜ਼ਖ਼ਮੀ ਭੂਨ ਨੇੜੇ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗੀ ਬੋਲੇਰੋ ਜੀਪ, ਤਿੰਨ ਔਰਤਾਂ ਜ਼ਖ਼ਮੀ
Publish Date: Wed, 18 Nov 2026 06:24 PM (IST)
Updated Date: Thu, 19 Nov 2026 04:05 AM (IST)
ਫੋਟੋ : ਭੂਨ ਨੇੜੇ ਖੱਡ ਚ ਡਿੱਗੀ ਹੋਈ ਬੋਲੇਰੋ ਜੀਪ । ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪਠਾਨਕੋਟ-ਡਲਹੌਜ਼ੀ-ਚੰਬਾ ਕੌਮੀ ਮਾਰਗ ਨੰਬਰ 154-ਏ ਤੇ ਪਿੰਡ ਭੂਨ ਨੇੜੇ ਇਕ ਬੋਲੇਰੋ ਜੀਪ ਦੇ ਡੂੰਘੀ ਖੱਡ ਚ ਡਿੱਗਣ ਕਾਰਨ ਤਿੰਨ ਔਰਤਾਂ ਜ਼ਖ਼ਮੀ ਹੋ ਗਈਆਂ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਖੱਡ ਚੋਂ ਬਾਹਰ ਕੱਢਿਆ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ। ਇਸ ਦੌਰਾਨ ਫੋਰਸ ਦੀ ਟੀਮ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਜ਼ਖ਼ਮੀਆਂ ਦਾ ਨਕਦੀ ਤੇ ਹੋਰ ਕੀਮਤੀ ਸਾਮਾਨ ਵੀ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਹਵਾਲੇ ਕੀਤਾ। ਸੜਕ ਸੁਰੱਖਿਆ ਫੋਰਸ (ਧਾਰ-ਕਟੋਰੀ ਬੰਗਲਾ) ਦੀ ਰਾਤ ਦੀ ਸ਼ਿਫਟ ਦੇ ਸਹਾਇਕ ਸਬ-ਇੰਸਪੈਕਟਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਰਾਤ ਹਾਦਸੇ ਦੀ ਸੂਚਨਾ ਮਿਲੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਬੋਲੇਰੋ ਜੀਪ (ਜੇਕੇ-08ਸੀ-0090), ਜਿਸ ਨੂੰ ਜ਼ਿਲ੍ਹਾ ਕਠੂਆ (ਜੰਮੂ-ਕਸ਼ਮੀਰ) ਦੇ ਪਿੰਡ ਹਥਮਸਕਾ ਦਾ ਰਹਿਣ ਵਾਲਾ ਦੀਪਕ ਥਾਪਾ ਚਲਾ ਰਿਹਾ ਸੀ, ਪਠਾਨਕੋਟ ਤੋਂ ਸਵਾਰੀਆਂ ਲੈ ਕੇ ਬਸੋਹਲੀ ਵੱਲ ਵਾਪਸ ਜਾ ਰਹੀ ਸੀ। ਪਿੰਡ ਭੂਨ ਨੇੜੇ ਸਵਾਰੀਆਂ ਦੇ ਪਖਾਨੇ ਜਾਣ ਲਈ ਉਤਰਨ ਕਾਰਨ ਜੀਪ ਸੜਕ ਕਿਨਾਰੇ ਖੜ੍ਹੀ ਕੀਤੀ ਗਈ ਸੀ। ਇਸੇ ਦੌਰਾਨ ਚਾਲਕ ਵੱਲੋਂ ਹੈਂਡ ਬ੍ਰੇਕ ਸਹੀ ਢੰਗ ਨਾਲ ਨਾ ਲਗਾਏ ਜਾਣ ਕਾਰਨ ਜੀਪ ਢਲਾਣ ਤੇ ਫਿਸਲਦੀ ਹੋਈ ਡੂੰਘੀ ਖੱਡ ਚ ਜਾ ਡਿੱਗੀ। ਸੂਚਨਾ ਮਿਲਣ ਤੇ ਏਐੱਸਆਈ ਜੋਗਿੰਦਰ ਸਿੰਘ ਨੇ ਕਾਂਸਟੇਬਲ ਵਿਕਾਸ ਮਹਿਰਾ ਅਤੇ ਕਾਂਸਟੇਬਲ ਮੁਨੀਸ਼ ਸਿੰਘ ਸਮੇਤ ਮੌਕੇ ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ। ਜ਼ਖ਼ਮੀ ਔਰਤਾਂ ਸੁਨੀਤਾ ਦੇਵੀ, ਕਾਜਲ ਅਤੇ ਸ਼ਕਤੀ ਦੇਵੀ, ਜੋ ਕਿ ਤਿੰਨੋਂ ਪਿੰਡ ਹਥਮਸਕਾ, ਜ਼ਿਲ੍ਹਾ ਕਠੂਆ ਦੀਆਂ ਵਸਨੀਕ ਹਨ, ਨੂੰ ਪਹਿਲਾਂ ਸੀਐੱਚਸੀ ਬਧਾਨੀ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਉਪਰੰਤ ਉਨ੍ਹਾਂ ਦੀ ਹਾਲਤ ਦੇ ਮੱਦੇਨਜ਼ਰ ਸਿਵਲ ਹਸਪਤਾਲ ਪਠਾਨਕੋਟ ਰੈਫ਼ਰ ਕਰ ਦਿੱਤਾ ਗਿਆ। ਫੋਰਸ ਦੀ ਟੀਮ ਨੇ ਮੌਕੇ ਤੋਂ ਮਿਲੇ ਮੋਬਾਈਲ ਫ਼ੋਨ, ਨਕਦੀ ਵਾਲਾ ਪਰਸ, ਕੱਪੜੇ ਅਤੇ ਦਵਾਈਆਂ ਵੀ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ।