- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ੇ ਵਿਰੁੱਧ ਭਾਜਪਾ ਦੀ ਪੰਜਾਬ ਪੱਧਰੀ ਮੁਹਿੰਮ

- ਨਿਤਿਨ ਨਬੀਨ ਨੇ ‘ਨਸ਼ਾ ਮੁਕਤ ਪੰਜਾਬ’ ਦਾ ਪੋਸਟਰ ਤੇ ਹੈਲਪਲਾਈਨ ਨੰਬਰ ਕੀਤਾ ਜਾਰੀ, 13 ਦਿਨਾਂ ’ਚ 4000 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਯਾਤਰਾ
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਅੱਜ ਮਾਧੋਪੁਰ ਪਠਾਨਕੋਟ ਤੋਂ ਆਗਾਜ਼ ਕੀਤਾ ਗਿਆ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਯਾਤਰਾ ਨੂੰ ਹਰੀ ਝੰਡੀ ਦਿਖਾਉਣ ਦੇ ਨਾਲ ਨਸ਼ੇ ਵਿਰੁੱਧ ਹੈਲਪਲਾਈਨ ਨੰਬਰ 97149-02027 ਅਤੇ ‘ਨਸ਼ਾ ਮੁਕਤ ਪੰਜਾਬ’ ਦਾ ਪੋਸਟਰ ਵੀ ਜਾਰੀ ਕੀਤਾ। ਯਾਤਰਾ ਦੀ ਸ਼ੁਰੂਆਤ ਮਾਧੋਪੁਰ ਸਥਿਤ ਏਕਤਾ ਸਥਲ ਤੋਂ ਕੀਤੀ ਗਈ।
ਨਿਤਿਨ ਨਬੀਨ ਨੇ ਕਿਹਾ ਕਿ ਪੰਜਾਬ ਹਰ ਖੇਤਰ ਵਿੱਚ ਮੋਹਰੀ ਰਿਹਾ ਹੈ ਪਰ ਨਸ਼ੇ ਦੀ ਸਮੱਸਿਆ ਨੇ ਪੰਜਾਬ ਦੇ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਗੰਭੀਰ ਚਿੰਤਾ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਠਾਨਕੋਟ ਦੀ ਧਰਤੀ ’ਤੇ ਸਿਰਫ਼ ਯਾਤਰਾ ਸ਼ੁਰੂ ਕਰਨ ਲਈ ਨਹੀਂ, ਸਗੋਂ ਨਸ਼ੇ ਵਿਰੁੱਧ ਨਵੀਂ ਲੜਾਈ ਦਾ ਸੰਕਲਪ ਲੈ ਕੇ ਆਏ ਹਨ। ਉਨ੍ਹਾਂ ਅਨੁਸਾਰ ਇਕ ਮਾਂ ਵੱਲੋਂ ਆਪਣੇ ਪੰਜ ਪੁੱਤਰ ਗੁਆਉਣ ਦਾ ਦਰਦ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਪਟਨਾ ਸਾਹਿਬ ਤੋਂ ਉਹ ਪੰਜਾਬ ਦੇ ਲੋਕਾਂ ਲਈ ਇਹ ਸੰਦੇਸ਼ ਲੈ ਕੇ ਆਏ ਹਨ ਕਿ ਨਸ਼ਾ ਮੁਕਤੀ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਕੇ ਘਰ-ਘਰ ਤੱਕ ਪਹੁੰਚਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਹੱਦਾਂ ’ਤੇ ਦੇਸ਼ ਦੀ ਰੱਖਿਆ ਜਵਾਨ ਕਰ ਰਹੇ ਹਨ, ਜਦਕਿ ਘਰਾਂ ਦੇ ਅੰਦਰ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਦੀ ਜ਼ਿੰਮੇਵਾਰੀ ਸਮਾਜ ਨੂੰ ਨਿਭਾਉਣੀ ਪਵੇਗੀ।
ਨਿਤਿਨ ਨਬੀਨ ਨੇ ਕਿਹਾ ਕਿ ਭਾਜਪਾ ਵੱਲੋਂ ਲਏ ਗਏ ਸੰਕਲਪਾਂ ਨੂੰ ਪੂਰਾ ਕੀਤਾ ਜਾਂਦਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਧਾਰਾ 370 ਹਟਾਉਣ, ਅੱਤਵਾਦ ਅਤੇ ਨਕਸਲਵਾਦ ਵਿਰੁੱਧ ਕੀਤੀਆਂ ਕਾਰਵਾਈਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਲੜਾਈ ਨੂੰ ਵੀ ਲੋਕਾਂ ਦੀ ਸ਼ਮੂਲੀਅਤ ਨਾਲ ਅੱਗੇ ਵਧਾਇਆ ਜਾਵੇਗਾ। ਭਾਜਪਾ ਵੱਲੋਂ ਸ਼ੁਰੂ ਕੀਤੀਆਂ ਚਾਰ ਨਸ਼ਾ ਮੁਕਤ ਯਾਤਰਾਵਾਂ 13 ਦਿਨਾਂ ਦੌਰਾਨ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਤੱਕ ਪਹੁੰਚਣਗੀਆਂ ਅਤੇ ਸਾਂਝੇ ਤੌਰ ’ਤੇ ਕਰੀਬ 4000 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ। ਪਹਿਲੀ ਯਾਤਰਾ ਪਠਾਨਕੋਟ ਤੋਂ, ਦੂਜੀ 19 ਸਤੰਬਰ ਨੂੰ ਫ਼ਤਹਿਗੜ੍ਹ ਸਾਹਿਬ, ਤੀਜੀ 20 ਸਤੰਬਰ ਨੂੰ ਫ਼ਾਜ਼ਿਲਕਾ ਦੇ ਸਾਦਿਕੀ ਸਰਹੱਦੀ ਖੇਤਰ ਅਤੇ ਚੌਥੀ 21 ਸਤੰਬਰ ਨੂੰ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗੀ। ਚਾਰੋਂ ਯਾਤਰਾਵਾਂ ਦਾ ਸਮਾਪਤੀ ਸਮਾਗਮ 30 ਸਤੰਬਰ ਨੂੰ ਜਲੰਧਰ ਵਿੱਚ ਹੋਵੇਗਾ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ। ਨਿਤਿਨ ਨਬੀਨ ਨੇ ਕਿਹਾ ਕਿ ਭਾਜਪਾ ਦਾ ਉਦੇਸ਼ ਪੰਜਾਬ ਨੂੰ ਨਸ਼ੇ ਦੀ ਪਛਾਣ ਤੋਂ ਬਾਹਰ ਕੱਢ ਕੇ ਵਿਕਾਸ ਅਤੇ ਤਰੱਕੀ ਵੱਲ ਲਿਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ‘ਉੱਡਦਾ ਪੰਜਾਬ’ ਨਹੀਂ, ਸਗੋਂ ‘ਉੱਭਰਦਾ ਪੰਜਾਬ’ ਬਣਾਉਣ ਦੀ ਲੋੜ ਹੈ।
ਨਸ਼ੇ ਵਿਰੁੱਧ ਭਾਜਪਾ ਦੇ ਪੰਜ ਸੰਕਲਪ
ਨਿਤਿਨ ਨਬੀਨ ਨੇ ਨਸ਼ੇ ਵਿਰੁੱਧ ਪੰਜ ਸੰਕਲਪਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਸ਼ਾ ਵੇਚਣ ਵਾਲੇ ਛੋਟੇ-ਵੱਡੇ ਤਸਕਰੀ ਨੈੱਟਵਰਕਾਂ ’ਤੇ ਕਾਰਵਾਈ, ਨਸ਼ੇ ਦੀ ਸਪਲਾਈ ਲੜੀ ਨੂੰ ਤੋੜਨਾ, ਨਸ਼ੇ ਦੇ ਕਾਰੋਬਾਰ ਨਾਲ ਜੁੜੇ ਪੈਸੇ ਦੇ ਨੈੱਟਵਰਕ ’ਤੇ ਕਾਰਵਾਈ, ਨਸ਼ੇ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਤੇ ਪੁਨਰਵਾਸ ਅਤੇ ਸਿੱਖਿਆ, ਧਾਰਮਿਕ ਸੰਸਥਾਵਾਂ ਤੇ ਸਮਾਜ ਨੂੰ ਨਾਲ ਲੈ ਕੇ ਨਸ਼ੇ ਵਿਰੁੱਧ ਮੁਹਿੰਮ ਚਲਾਉਣਾ ਇਨ੍ਹਾਂ ਸੰਕਲਪਾਂ ਵਿੱਚ ਸ਼ਾਮਲ ਹੈ।
ਕੇਵਲ ਸਿੰਘ ਢਿੱਲੋਂ ਨੇ ਸਰਕਾਰ ’ਤੇ ਲਾਏ ਦੋਸ਼
ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਿੱਥੇ-ਜਿੱਥੇ ਭਾਜਪਾ ਦੀਆਂ ਸਰਕਾਰਾਂ ਬਣੀਆਂ, ਉੱਥੇ ਵਿਕਾਸ ਹੋਇਆ। ਉਨ੍ਹਾਂ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਕਾਰਾਂ ਦਾ ਜ਼ਿਕਰ ਕਰਦਿਆਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ਾ ਆਸਾਨੀ ਨਾਲ ਮਿਲ ਰਿਹਾ ਹੈ ਅਤੇ ਨਸ਼ੇ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੇਵਲ ਸਿੰਘ ਢਿੱਲੋਂ ਨੇ ਸੰਗਰੂਰ ਦੇ ਗੁਲਜ਼ਾਰ ਸਿੰਘ ਮਾਮਲੇ ਦਾ ਵੀ ਜ਼ਿਕਰ ਕੀਤਾ ਅਤੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਗੰਭੀਰ ਰੂਪ ਧਾਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਸ਼ੇ ਵਿਰੁੱਧ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਕੰਮ ਕਰੇਗੀ।
ਉਨ੍ਹਾਂ ਨਸ਼ਾ ਪੀੜਤ ਪਰਿਵਾਰਾਂ ਨਾਲ ਹੋਈਆਂ ਮੁਲਾਕਾਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਰਿਵਾਰਾਂ ਦੀ ਸਭ ਤੋਂ ਵੱਡੀ ਇੱਛਾ ਪੰਜਾਬ ਨੂੰ ਨਸ਼ਾ ਮੁਕਤ ਦੇਖਣਾ ਹੈ। ਉਨ੍ਹਾਂ ਰਵਨੀਤ ਸਿੰਘ ਬਿੱਟੂ ਦੇ ਕਾਫ਼ਲੇ ਨਾਲ ਵਾਪਰੀ ਘਟਨਾ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਭਾਜਪਾ ਦੀ ਮੁਹਿੰਮ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਮੌਕੇ ਤੇ ਵਿਧਾਇਕ ਅਸ਼ਵਨੀ ਸ਼ਰਮਾ, ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਸਾਬਕਾ ਵਿਧਾਇਕ ਸੀਮਾ ਦੇਵੀ, ਰਵੀਕਰਨ ਕਾਹਲੋਂ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਵਿਜੇ ਸ਼ਰਮਾ, ਅਮਿਤ ਡੋਗਰਾ, ਪ੍ਰਦੀਪ ਰੈਨਾ, ਅਨਿਲ ਵਾਸੂਦੇਵਾ, ਨਰਿੰਦਰ ਕਾਲਾ, ਗਵਰਧਨ ਗੋਪਾਲ, ਅਨਿਲ ਰਾਮਪਾਲ, ਰਾਕੇਸ਼ ਸ਼ਰਮਾ ਤੋਂ ਇਲਾਵਾ ਭਾਜਪਾ ਦੇ ਹੋਰ ਆਗੂ, ਵਰਕਰ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।