ਕਾਂਗੜਾ ਘਾਟੀ ਦੇ ਲੋਕਾਂ ਨੂੰ ਵੱਡੀ ਰਾਹਤ : 10 ਦਿਨਾਂ ਬਾਅਦ ਪਠਾਨਕੋਟ-ਜੋਗਿੰਦਰਨਗਰ ਨੈਰੋਗੇਜ ਰੇਲ ਸੇਵਾ ਮੁੜ ਬਹਾਲ ਲਗਾਤਾਰ ਭਾਰੀ ਮੀਂਹ ਤੇ ਭੂ-ਖਿਸਕਣ ਕਾਰਨ ਕਰੀਬ 10 ਦਿਨਾਂ ਤੋਂ ਪ੍ਰਭਾਵਿਤ ਪਈ ਪਠਾਨਕੋਟ-ਜੋਗਿੰਦਰ ਨਗਰ ਇਤਿਹਾਸਕ ਨੈਰੋਗੇਜ ਰੇਲ ਸੇਵਾ ਮੁੜ ਸ਼ੁਰੂ ਹੋਣ ਨਾਲ ਕਾਂਗੜਾ ਘਾਟੀ ਦੇ ਯਾਤਰੀਆਂ, ਸਥਾਨਕ ਵਪਾਰੀਆਂ ਤੇ ਸੈਲਾਨੀਆਂ ਨੇ ਰਾਹਤ ਦਾ ਸਾਹ ਲਿਆ ਹੈ। ਰੇਲਵੇ ਦੇ ਇੰਜੀਨੀਅਰਿੰਗ ਵਿਭਾਗ ਵੱਲੋਂ ਟਰੈਕ ਦੀ ਵਿਸਥਾਰਪੂਰਵਕ ਜਾਂਚ, ਸੁਰੱਖਿਆ ਪਰਖ ਤੇ ਲੋੜੀਂਦੀ ਮੁਰੰਮਤ ਪੂਰੀ ਕਰਨ ਤੋਂ ਬਾਅਦ ਰੇਲ ਮਾਰਗ ਨੂੰ ਆਵਾਜਾਈ ਲਈ ਸੁਰੱਖਿਅਤ ਐਲਾਨ ਦਿੱਤਾ ਗਿਆ।
Publish Date: Sat, 01 Aug 2026 09:50 AM (IST)
Updated Date: Sat, 01 Aug 2026 09:51 AM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ - ਲਗਾਤਾਰ ਭਾਰੀ ਮੀਂਹ ਤੇ ਭੂ-ਖਿਸਕਣ ਕਾਰਨ ਕਰੀਬ 10 ਦਿਨਾਂ ਤੋਂ ਪ੍ਰਭਾਵਿਤ ਪਈ ਪਠਾਨਕੋਟ-ਜੋਗਿੰਦਰ ਨਗਰ ਇਤਿਹਾਸਕ ਨੈਰੋਗੇਜ ਰੇਲ ਸੇਵਾ ਮੁੜ ਸ਼ੁਰੂ ਹੋਣ ਨਾਲ ਕਾਂਗੜਾ ਘਾਟੀ ਦੇ ਯਾਤਰੀਆਂ, ਸਥਾਨਕ ਵਪਾਰੀਆਂ ਤੇ ਸੈਲਾਨੀਆਂ ਨੇ ਰਾਹਤ ਦਾ ਸਾਹ ਲਿਆ ਹੈ। ਰੇਲਵੇ ਦੇ ਇੰਜੀਨੀਅਰਿੰਗ ਵਿਭਾਗ ਵੱਲੋਂ ਟਰੈਕ ਦੀ ਵਿਸਥਾਰਪੂਰਵਕ ਜਾਂਚ, ਸੁਰੱਖਿਆ ਪਰਖ ਤੇ ਲੋੜੀਂਦੀ ਮੁਰੰਮਤ ਪੂਰੀ ਕਰਨ ਤੋਂ ਬਾਅਦ ਰੇਲ ਮਾਰਗ ਨੂੰ ਆਵਾਜਾਈ ਲਈ ਸੁਰੱਖਿਅਤ ਐਲਾਨ ਦਿੱਤਾ ਗਿਆ।
ਅੱਜ ਸ਼ੁੱਕਰਵਾਰ ਪਹਿਲੀ ਨੈਰੋਗੇਜ ਟ੍ਰੇਨ ਪਠਾਨਕੋਟ ਤੋਂ ਜੋਗਿੰਦਰ ਨਗਰ ਲਈ ਰਵਾਨਾ ਹੋਈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਫ਼ਿਲਹਾਲ ਰੇਲ ਸੇਵਾ ਸੀਮਿਤ ਪੱਧਰ ’ਤੇ ਸ਼ੁਰੂ ਕੀਤੀ ਗਈ ਹੈ ਤੇ ਟਰੈਕ ਦੀ ਹਾਲਤ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ, ਜੇਕਰ ਮੌਸਮ ਸਧਾਰਨ ਰਿਹਾ ਤੇ ਦੁਬਾਰਾ ਭੂ-ਖਿਸਕਣ ਵਰਗੀ ਕੋਈ ਸਥਿਤੀ ਪੈਦਾ ਨਾ ਹੋਈ ਤਾਂ ਹੋਰ ਟ੍ਰੇਨਾਂ ਦੀ ਆਵਾਜਾਈ ਵੀ ਪੜਾਅਵਾਰ ਬਹਾਲ ਕਰ ਦਿੱਤੀ ਜਾਵੇਗੀ।
ਰੇਲਵੇ ਪ੍ਰਸ਼ਾਸਨ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ’ਚ ਭਾਰੀ ਮੀਂਹ, ਭੂ-ਖਿਸਕਣ ਤੇ ਟਰੈਕ ’ਤੇ ਮਲਬਾ ਆ ਜਾਣ ਕਾਰਨ 21 ਜੁਲਾਈ ਤੋਂ ਸੁਰੱਖਿਆ ਦੇ ਮੱਦੇਨਜ਼ਰ ਇਸ ਇਤਿਹਾਸਕ ਰੇਲ ਮਾਰਗ ’ਤੇ ਰੇਲ ਸੇਵਾ ਅਸਥਾਈ ਤੌਰ ’ਤੇ ਰੋਕ ਦਿੱਤੀ ਗਈ ਸੀ। ਇਸ ਦੌਰਾਨ ਇੰਜੀਨੀਅਰਿੰਗ ਟੀਮਾਂ ਨੇ ਮਲਬਾ ਹਟਾਉਣ, ਟਰੈਕ ਦੀ ਮੁਰੰਮਤ ਤੇ ਸੁਰੱਖਿਆ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕੀਤਾ।
ਰੇਲ ਸੇਵਾ ਬੰਦ ਰਹਿਣ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਕਰਮਚਾਰੀਆਂ, ਵਿਦਿਆਰਥੀਆਂ, ਸਥਾਨਕ ਦੁਕਾਨਦਾਰਾਂ ਤੇ ਸੈਲਾਨੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਸਾਰੇ ਯਾਤਰੀਆਂ ਨੂੰ ਨਿੱਜੀ ਵਾਹਨਾਂ ਤੇ ਬੱਸਾਂ ਰਾਹੀਂ ਸਫ਼ਰ ਕਰਨਾ ਪਿਆ, ਜਿਸ ਕਾਰਨ ਉਨ੍ਹਾਂ ਦਾ ਖ਼ਰਚਾ ਕਈ ਗੁਣਾ ਵੱਧ ਗਿਆ ਤੇ ਸੜਕਾਂ ’ਤੇ ਟ੍ਰੈਫ਼ਿਕ ਦਾ ਦਬਾਅ ਵੀ ਵਧਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਪੜਾਅ ’ਚ ਸਵੇਰੇ 5 ਵਜੇ ਤੇ 7 ਵਜੇ ਰਵਾਨਾ ਹੋਣ ਵਾਲੀਆਂ ਦੋ ਜੋੜੀਆਂ ਨੈਰੋਗੇਜ ਟ੍ਰੇਨਾਂ ਚਲਾਈਆਂ ਜਾਣਗੀਆਂ। ਹਾਲਾਤ ਪੂਰੀ ਤਰ੍ਹਾਂ ਸਧਾਰਨ ਰਹਿਣ ’ਤੇ ਬਾਕੀ ਰੇਲ ਸੇਵਾਵਾਂ ਨੂੰ ਵੀ ਪੜਾਅਵਾਰ ਮੁੜ ਸ਼ੁਰੂ ਕੀਤਾ ਜਾਵੇਗਾ।