ਪਠਾਨਕੋਟ ਪਹੁੰਚੇ ਧੀਰੇਂਦਰ ਸ਼ਾਸਤਰੀ ਨੇ ਦਿੱਤਾ ਹਿੰਦੂ-ਸਿੱਖ ਏਕਤਾ ਦਾ ਸੱਦਾ ਪਠਾਨਕੋਟ ਪਹੁੰਚੇ ਬਾਗੇਸ਼ਵਰ ਸਰਕਾਰ ਨੇ ਦਿੱਤਾ ਹਿੰਦੂ-ਸਿੱਖ ਏਕਤਾ ਦਾ ਸੱਦਾ
Publish Date: Sun, 22 Nov 2026 06:48 PM (IST)
Updated Date: Mon, 23 Nov 2026 04:08 AM (IST)
ਫੋਟੋ : ਪਠਾਨਕੋਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ। ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਆਪਣੇ ਪਠਾਨਕੋਟ ਦੌਰੇ ਦੌਰਾਨ ਹਿੰਦੂ-ਸਿੱਖ ਏਕਤਾ, ਧਰਮ ਪਰਿਵਰਤਨ ਤੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਵਰਗੇ ਅਹਿਮ ਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਮਾਜ ਨੂੰ ਆਪਸੀ ਭਾਈਚਾਰਾ ਅਤੇ ਏਕਤਾ ਬਣਾਈ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹਿੰਦੂ ਅਤੇ ਸਿੱਖ ਦੋ ਵੱਖਰੇ ਨਹੀਂ, ਸਗੋਂ ਇੱਕੋ ਸਾਂਝੀ ਪਰੰਪਰਾ ਤੇ ਵਿਰਾਸਤ ਨਾਲ ਜੁੜੇ ਹੋਏ ਹਨ। ਜੇਕਰ ਅਸੀਂ ਇਕਜੁੱਟ ਰਹਾਂਗੇ ਤਾਂ ਹੀ ਦੇਸ਼, ਸੱਭਿਆਚਾਰ ਤੇ ਆਪਣੀਆਂ ਪਰੰਪਰਾਵਾਂ ਦੀ ਰੱਖਿਆ ਕਰ ਸਕਾਂਗੇ। ਤਿੰਨ ਰੋਜ਼ਾ ਪਠਾਨਕੋਟ ਦੌਰੇ ’ਤੇ ਪਹੁੰਚੇ ਪੰਡਿਤ ਧੀਰੇਂਦਰ ਸ਼ਾਸਤਰੀ ਤਿੰਨ ਦਿਨਾਂ ਲਈ ਲਾਮੀਨੀ ਦੇ ਮਲਟੀਪਰਪਜ਼ ਖੇਡ ਸਟੇਡੀਅਮ ਵਿੱਚ ਹਨੂਮੰਤ ਕਥਾ ਅਤੇ ਦਿਵਯ ਦਰਬਾਰ ਸਜਾਇਆ। ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦਿਵਯ ਦਰਬਾਰ ’ਚ ਸ਼ਿਰਕਤ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਸਾਹਿਬਾਨ ਦੀ ਮਹਿਮਾ, ਗੁਰੂ ਪਰੰਪਰਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਹੈ। ਉਹ ਪੰਜਾਬ ਵਿੱਚ ਸਨਾਤਨ ਸੱਭਿਆਚਾਰ ਤੇ ਆਪਸੀ ਸਾਂਝ ਦਾ ਸੁਨੇਹਾ ਲੈ ਕੇ ਆਉਂਦੇ ਹਨ। ਉਨ੍ਹਾਂ ਵਸੁਧੈਵ ਕੁਟੁੰਬਕਮ ਦਾ ਹਵਾਲਾ ਦਿੰਦਿਆਂ ਸਮਾਜ ਵਿੱਚ ਭੇਦਭਾਵ ਖ਼ਤਮ ਕਰਕੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਗੱਲ ਕਹੀ। ਧਰਮ ਪਰਿਵਰਤਨ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਲਾਲਚ ਜਾਂ ਲੋਭ ਦੇ ਕੇ ਧਰਮ ਪਰਿਵਰਤਨ ਨਹੀਂ ਕਰਵਾਇਆ ਜਾਣਾ ਚਾਹੀਦਾ। ਸੰਵਿਧਾਨ ਦੇ ਦਾਇਰੇ ’ਚ ਰਹਿੰਦਿਆਂ ਇਸ ਸਬੰਧੀ ਕਾਨੂੰਨ ਬਣਨਾ ਚਾਹੀਦਾ ਹੈ ਤੇ ਸਮਾਜ ਦੇ ਹਰ ਵਰਗ ਨੂੰ ਇਸ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਹਾਲਾਂਕਿ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਪਾਕਿਸਤਾਨ ਚਲੇ ਜਾਣ ਸਬੰਧੀ ਬਿਆਨ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਬਾਰੇ ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਅਧਿਆਤਮਿਕਤਾ ਅਹਿਮ ਭੂਮਿਕਾ ਨਿਭਾ ਸਕਦੀ ਹੈ। ਵਿਅਕਤੀ ਅੰਦਰ ਪ੍ਰੇਰਣਾ ਦੇ ਨਾਲ ਆਤਮ-ਬੋਧ ਪੈਦਾ ਹੋਣਾ ਜ਼ਰੂਰੀ ਹੈ, ਜਿਸ ਨਾਲ ਉਹ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡਣ ਲਈ ਮਾਨਸਿਕ ਤੌਰ ’ਤੇ ਮਜ਼ਬੂਤ ਬਣ ਸਕਦਾ ਹੈ।