- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਹਿਰ ਦੇ ਗੇਟ ਦੇ ਨੱਟ-ਬੋਲਟ ਤੋੜਨ ਦੀ ਕੋਸ਼ਿਸ਼
ਆਰ.ਸਿੰਘ, ਪੰਜਾਬੀ ਜਾਗਰਣ
ਪਠਾਨਕੋਟ : ਪਠਾਨਕੋਟ ਜ਼ਿਲ੍ਹੇ ਦੇ ਪਿੰਡ ਡਿਬਕੂ ਨੇੜੇ ਗੁਲਪੁਰ ਐਸਕੇਪ ਚੈਨਲ ਦੇ ਗੇਟ ਨਾਲ ਕਥਿਤ ਛੇੜਛਾੜ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਸਦਰ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਹਿਰ ਵਿਭਾਗ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਮੇਂ ਸਿਰ ਘਟਨਾ ਦਾ ਪਤਾ ਲੱਗਣ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪੁਲਿਸ ਨੂੰ ਕਾਰਜਕਾਰੀ ਇੰਜੀਨੀਅਰ, ਨਹਿਰ ਅਤੇ ਭੂਮੀਗਤ ਜਲ ਵਿਭਾਗ, ਗੁਰਦਾਸਪੁਰ ਵੱਲੋਂ ਭੇਜੇ ਗਏ ਅਧਿਕਾਰਤ ਪੱਤਰ ਦੇ ਆਧਾਰ ’ਤੇ ਮਿਲੀ ਸ਼ਿਕਾਇਤ ਅਨੁਸਾਰ ਪਿੰਡ ਮਾਹੀਚੱਕ ਦੇ ਰਹਿਣ ਵਾਲੇ ਆਸਿਫ ਹੁਸੈਨ ਉਰਫ਼ ਕਾਲੂ ਗੁੱਜਰ ਨੂੰ ਨਾਮਜ਼ਦ ਕੀਤਾ ਗਿਆ ਹੈ। ਥਾਣਾ ਸਦਰ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਪੰਜਾਬ ਕੈਨਾਲ ਐਂਡ ਡਰੇਨੇਜ ਐਕਟ ਦੀ ਧਾਰਾ 52 ਅਤੇ ਬੀਐੱਨਐੱਸ ਦੀਆਂ ਧਾਰਾਵਾਂ 326(ਏ) ਅਤੇ 324(3) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਂਚ ਅਧਿਕਾਰੀ ਏਐੱਸਆਈ ਪਰਮਜੀਤ ਸ਼ਰਮਾ ਨੇ ਦੱਸਿਆ ਕਿ ਗੁਲਪੁਰ ਐਸਕੇਪ ਚੈਨਲ ਪਠਾਨਕੋਟ ਜ਼ਿਲ੍ਹੇ ਦੇ ਕਈ ਪਿੰਡਾਂ ਲਈ ਸਿੰਚਾਈ ਦਾ ਮਹੱਤਵਪੂਰਨ ਸਰੋਤ ਹੈ। ਵਿਭਾਗ ਦੇ ਫੀਲਡ ਸਟਾਫ਼ ਦੀ ਰਿਪੋਰਟ ਵਿੱਚ ਦਰਸਾਇਆ ਗਿਆ ਕਿ ਬੁਰਜੀ ਨੰਬਰ 9000 ’ਤੇ ਲੱਗੇ ਲੋਹੇ ਦੇ ਗੇਟ ਦੇ ਨੱਟ-ਬੋਲਟਾਂ ਨਾਲ ਛੇੜਛਾੜ ਕਰ ਕੇ ਉਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਨਹਿਰ ਵਿਭਾਗ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਜੇਕਰ ਗੇਟ ਟੁੱਟ ਜਾਂਦਾ ਤਾਂ ਨਹਿਰ ਦਾ ਪਾਣੀ ਬੇਕਾਬੂ ਹੋ ਕੇ ਰਿਹਾਇਸ਼ੀ ਇਲਾਕਿਆਂ ਅਤੇ ਖੇਤੀਬਾੜੀ ਵਾਲੀ ਜ਼ਮੀਨ ਵਿੱਚ ਦਾਖ਼ਲ ਹੋ ਸਕਦਾ ਸੀ। ਇਸ ਨਾਲ ਕਲਾਨੌਰ, ਡੇਰਾ ਬਾਬਾ ਨਾਨਕ ਅਤੇ ਰਾਮਦਾਸ ਨਾਲ ਲੱਗਦੇ ਖੇਤਰਾਂ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋਣ ਦੀ ਸੰਭਾਵਨਾ ਸੀ ਅਤੇ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਸੀ। ਵਿਭਾਗ ਨੇ ਇਹ ਵੀ ਦੱਸਿਆ ਕਿ ਇਸ ਘਟਨਾ ਕਾਰਨ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਿਆ ਅਤੇ ਕੁਝ ਸਮੇਂ ਲਈ ਨਹਿਰੀ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।