ਹਥਿਆਰ ਦੀ ਸਫ਼ਾਈ ਕਰਦਿਆਂ ਅਚਾਨਕ ਚੱਲੀ ਗੋਲੀ, ਪੁਲਿਸ ਲਾਈਨ 'ਚ ਤਾਇਨਾਤ ASI ਰਾਮ ਸਿੰਘ ਦੀ ਮੌਤ
ਪੁਲਿਸ ਥਾਣੇ ਵਿੱਚ ਰਾਤ ਦੀ ਡਿਊਟੀ ’ਤੇ ਮੁਨਸ਼ੀ ਵਜੋਂ ਪੁਲਿਸ ਲਾਇਨ 'ਚ ਤਾਇਨਾਤ ਏਐਸਆਈ ਰਾਮ ਸਿੰਘ (ਨੰਬਰ 716, ਪਠਾਨਕੋਟ) ਦੀ ਹਥਿਆਰ ਦੀ ਸਫ਼ਾਈ ਕਰਦਿਆਂ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਦੌੜ ਗਈ।
Publish Date: Wed, 07 Oct 2026 04:07 PM (IST)
Updated Date: Wed, 07 Oct 2026 04:49 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪੁਲਿਸ ਥਾਣੇ ਵਿੱਚ ਰਾਤ ਦੀ ਡਿਊਟੀ ’ਤੇ ਮੁਨਸ਼ੀ ਵਜੋਂ ਪੁਲਿਸ ਲਾਇਨ 'ਚ ਤਾਇਨਾਤ ਏਐਸਆਈ ਰਾਮ ਸਿੰਘ (ਨੰਬਰ 716, ਪਠਾਨਕੋਟ) ਦੀ ਹਥਿਆਰ ਦੀ ਸਫ਼ਾਈ ਕਰਦਿਆਂ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਦੌੜ ਗਈ।
ਘਟਨਾ ਦੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਰਾਮ ਸਿੰਘ ਰਾਤ ਦੀ ਡਿਊਟੀ ’ਤੇ ਮੁਨਸ਼ੀ ਵਜੋਂ ਪੁਲਿਸ ਲਾਈਨ 'ਚ ਤਾਇਨਾਤ ਸਨ। ਸਵੇਰੇ ਕਰੀਬ 5 ਵਜੇ ਉਹ ਉੱਠ ਕੇ ਤਿਆਰ ਹੋਏ ਅਤੇ ਚਾਹ ਪੀਣ ਉਪਰੰਤ ਆਪਣੇ ਦਫ਼ਤਰ ਵਿੱਚ ਆ ਕੇ ਬੈਠ ਗਏ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਰਾਤ ਦੀ ਡਿਊਟੀ ਮੁਕੰਮਲ ਹੋਣ ਉਪਰੰਤ ਤਾਇਨਾਤ ਕਰਮਚਾਰੀ ਆਪਣੇ ਹਥਿਆਰ ਜਮ੍ਹਾਂ ਕਰਵਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਸਵੇਰ ਸਮੇਂ ਏਐਸਆਈ ਰਾਮ ਸਿੰਘ ਆਪਣੀ ਏਕੇ-47 ਰਾਈਫ਼ਲ ਨੂੰ ਕੱਪੜੇ ਨਾਲ ਸਾਫ਼ ਕਰ ਰਹੇ ਸਨ। ਇਸ ਦੌਰਾਨ ਅਚਾਨਕ ਹਥਿਆਰ ਚੱਲ ਗਿਆ ਅਤੇ ਗੋਲੀ ਉਨ੍ਹਾਂ ਨੂੰ ਲੱਗ ਗਈ। ਗੰਭੀਰ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫਐੱਸਐੱਲ) ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਨੇੜਲੇ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ।