ਆਈ-20 ਤੇ ਅਰਟਿਗਾ ਕਾਰ ’ਚ ਟੱਕਰ, ਛੇ ਜ਼ਖ਼ਮੀ ਸ੍ਰੀ ਕੀਰਤਪੁਰ ਸਾਹਿਬ ਤੋਂ ਅਸਥੀਆਂ ਜਲ ਪ੍ਰਵਾਹ
Publish Date: Fri, 27 Nov 2026 07:14 PM (IST)
Updated Date: Sat, 28 Nov 2026 04:10 AM (IST)
ਫੋਟੋ : ਮਾਧੋਪੁਰ ਟੀ-ਪੁਆਇੰਟ ਨੇੜੇ ਹਾਦਸੇ ਦੌਰਾਨ ਨੁਕਸਾਨੀਆਂ ਗਈਆਂ ਦੋਵੇਂ ਕਾਰਾਂ। * ਸ੍ਰੀ ਕੀਰਤਪੁਰ ਸਾਹਿਬ ਤੋਂ ਅਸਥੀਆਂ ਜਲ ਪ੍ਰਵਾਹ ਕਰਵਾ ਕੇ ਜੰਮੂ ਪਰਤ ਰਿਹਾ ਸੀ ਪਰਿਵਾਰ * ਜ਼ਖ਼ਮੀਆਂ ਨੂੰ ਸੁਜਾਨਪੁਰ ਦੇ ਨਿੱਜੀ ਹਸਪਤਾਲ ’ਚ ਕਰਵਾਇਆ ਦਾਖ਼ਲ ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਪਠਾਨਕੋਟ-ਜੰਮੂ ਕੌਮੀ ਮਾਰਗ ’ਤੇ ਡਿਫੈਂਸ ਰੋਡ ਸਥਿਤ ਮਾਧੋਪੁਰ ਟੀ-ਪੁਆਇੰਟ ਨੇੜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ’ਚ ਇੱਕ ਬੱਚੀ ਅਤੇ ਤਿੰਨ ਔਰਤਾਂ ਸਮੇਤ 6 ਵਿਅਕਤੀ ਜ਼ਖ਼ਮੀ ਹੋ ਗਏ। ਹਾਦਸਾ ਆਈ-20 ਤੇ ਅਰਟਿਗਾ ਕਾਰ ਵਿਚਕਾਰ ਵਾਪਰਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਵਾਹਨਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ। ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰਦਿਆਂ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਕਾਰ ਵਿੱਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਸੁਜਾਨਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਹਸਪਤਾਲ ਵਿੱਚ ਜ਼ੇਰੇ ਇਲਾਜ ਅਰਟਿਗਾ ਕਾਰ ਦੇ ਚਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਮਰਹੂਮ ਪਰਿਵਾਰਕ ਮੈਂਬਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਵਾਉਣ ਗਏ ਸਨ। ਉੱਥੋਂ ਵਾਪਸ ਜੰਮੂ ਸਥਿਤ ਆਪਣੇ ਘਰ ਪਰਤ ਰਹੇ ਸਨ। ਜਦੋਂ ਉਹ ਮਾਧੋਪੁਰ ਟੀ-ਪੁਆਇੰਟ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਗ਼ਲਤ ਦਿਸ਼ਾ ਵਿੱਚ ਤੇਜ਼ ਰਫ਼ਤਾਰ ਨਾਲ ਆ ਰਹੀ ਆਈ-20 ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਗੁਰਪ੍ਰੀਤ ਸਿੰਘ ਤੋਂ ਇਲਾਵਾ ਕਾਲਾ ਸਿੰਘ, ਗੁਰਪ੍ਰੀਤ ਕੌਰ, ਓਂਕਾਰ ਕੌਰ, ਕਾਂਤਾ ਕੌਰ ਅਤੇ ਸ਼ਕੁੰਤਲਾ ਕੌਰ ਵਾਸੀ ਜੰਮੂ ਜ਼ਖ਼ਮੀ ਹੋ ਗਏ। ਦੂਜੇ ਪਾਸੇ ਆਈ-20 ਕਾਰ ਦੇ ਚਾਲਕ ਰਾਹੁਲ ਨੇ ਦੱਸਿਆ ਕਿ ਉਹ ਕਠੂਆ ਤੋਂ ਪਠਾਨਕੋਟ ਵੱਲ ਆ ਰਿਹਾ ਸੀ। ਉਸ ਅਨੁਸਾਰ ਕੌਮੀ ਮਾਰਗ ’ਤੇ ਅੱਗੇ ਇੱਕ ਪਾਸੇ ਦੀ ਸੜਕ ਬੰਦ ਹੋਣ ਕਾਰਨ ਉਸ ਨੂੰ ਦੂਜੀ ਲੇਨ ਰਾਹੀਂ ਲੰਘਣਾ ਪੈ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਅਰਟਿਗਾ ਕਾਰ ਨਾਲ ਉਸ ਦੀ ਗੱਡੀ ਦੀ ਟੱਕਰ ਹੋ ਗਈ। ਹਾਦਸੇ ਕਾਰਨ ਕੁਝ ਸਮੇਂ ਲਈ ਪਠਾਨਕੋਟ-ਜੰਮੂ ਕੌਮੀ ਮਾਰਗ ’ਤੇ ਆਵਾਜਾਈ ਪ੍ਰਭਾਵਿਤ ਰਹੀ ਅਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਮੌਕੇ ’ਤੇ ਪਹੁੰਚੀ ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਕਰੇਨ ਦੀ ਮਦਦ ਨਾਲ ਨੁਕਸਾਨੀਆਂ ਗਈਆਂ ਕਾਰਾਂ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ। ਪੁਲਿਸ ਨੇ ਦੋਵੇਂ ਕਾਰਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।