- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈ ਮਾਂ ਵੈਸ਼ਨੋ ਦੇਵੀ ਕਲੱਬ ਵੱਲੋਂ ਸਾਲਾਨਾ ਜਗਰਾਤਾ

ਆਰ.ਸਿੰਘ, ਪੰਜਾਬੀ ਜਾਗਰਣ
ਪਠਾਨਕੋਟ : ਜੈ ਮਾਂ ਵੈਸ਼ਨੋ ਦੇਵੀ ਕਲੱਬ ਮੁਹੱਲਾ ਪ੍ਰੀਤਨਗਰ ਵੱਲੋਂ ਪ੍ਰਧਾਨ ਜਤਿਨ (ਮਨੂ) ਦੀ ਅਗਵਾਈ ਹੇਠ ਪਹਿਲਾ ਸਾਲਾਨਾ ਜਗਰਾਤਾ ਅਤੇ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੀ ਸ਼ੁਰੂਆਤ ਸਵੇਰੇ ਪੰਡਿਤ ਦਿਨੇਸ਼ ਸੇਮਵਾਲ ਵੱਲੋਂ ਵਿਧੀਵਤ ਮੰਤਰ ਉਚਾਰਨ ਨਾਲ ਕਰਵਾਏ ਹਵਨ ਯੱਗ ਨਾਲ ਹੋਈ। ਇਸ ਦੌਰਾਨ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਿਸ਼ਵ ਦੀ ਭਲਾਈ ਅਤੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਲਈ ਆਹੂਤੀਆਂ ਪਾਈਆਂ। ਇਸ ਉਪਰੰਤ ਕੰਜਕ ਪੂਜਨ ਕਰਵਾਇਆ ਗਿਆ ਅਤੇ ਵਿਸ਼ਾਲ ਭੰਡਾਰਾ ਲਾਇਆ ਗਿਆ, ਜਿਸ ਦੀ ਸ਼ੁਰੂਆਤ ਕੀਰਤੀ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਕੀਤੀ। ਰਾਤ ਸਮੇਂ ਕਰਵਾਏ ਜਗਰਾਤੇ ਦੌਰਾਨ ਪ੍ਰਸਿੱਧ ਭਜਨ ਗਾਇਕ ਸੰਨੀ ਮਾਹੀ ਨੇ ਗਣੇਸ਼ ਵੰਦਨਾ ਨਾਲ ਭਜਨ ਗਾਇਨ ਦੀ ਸ਼ੁਰੂਆਤ ਕੀਤੀ।
ਉਨ੍ਹਾਂ ਨੇ ‘ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ’, ‘ਮੇਰੇ ਘਰ ਕੇ ਆਗੇ ਮਾਂ ਤੇਰਾ ਮੰਦਰ ਬਨ ਜਾਏ’ ਅਤੇ ‘ਪਿਆਰਾ ਸਜਾ ਹੈ ਤੇਰਾ ਦੁਆਰ ਭਵਾਨੀ’ ਵਰਗੀਆਂ ਭੇਟਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸੇ ਤਰ੍ਹਾਂ ਅੰਤਰਰਾਸ਼ਟਰੀ ਭਜਨ ਗਾਇਕਾ ਹਰਮਨ-ਜਰਮਨ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ‘ਜੈ ਕਾਲੀ ਕਲਕੱਤੇ ਵਾਲੀ’, ‘ਸ਼ਿਵ ਕਾ ਡਮਰੂ’ ਅਤੇ ‘ਭੋਲੇ ਨੇ ਭੰਗ ਪੀਤੀ’ ਸਮੇਤ ਕਈ ਪ੍ਰਸਿੱਧ ਭਜਨ ਪੇਸ਼ ਕਰਕੇ ਪੰਡਾਲ ਨੂੰ ਭਗਤੀਮਈ ਮਾਹੌਲ ਵਿੱਚ ਰੰਗ ਦਿੱਤਾ। ਉਨ੍ਹਾਂ ਦੀਆਂ ਭੇਟਾਂ ’ਤੇ ਸ਼ਰਧਾਲੂ ਦੇਰ ਰਾਤ ਤੱਕ ਨੱਚਦੇ-ਗਾਉਂਦੇ ਰਹੇ ਅਤੇ ਮਾਤਾ ਰਾਣੀ ਦੇ ਜੈਕਾਰੇ ਗੂੰਜਦੇ ਰਹੇ। ਇਸ ਮੌਕੇ ਕਲੱਬ ਵੱਲੋਂ ਦੋਵੇਂ ਭਜਨ ਗਾਇਕਾਂ ਨੂੰ ਮਾਤਾ ਦੀ ਚੁੰਨੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਲੱਬ ਮੈਂਬਰਾਂ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰੇ, ਪਿਆਰ ਅਤੇ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਅੰਤ ਵਿੱਚ ਤਾਰਾ ਰਾਣੀ ਦੀ ਕਥਾ ਸੁਣਾਈ ਗਈ ਅਤੇ ਮਾਤਾ ਰਾਣੀ ਦੀ ਆਰਤੀ ਉਪਰੰਤ ਕੜਾਹ-ਛੋਲਿਆਂ ਦਾ ਪ੍ਰਸ਼ਾਦ ਵੰਡ ਕੇ ਜਗਰਾਤੇ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਕਲੱਬ ਦੇ ਚੇਅਰਮੈਨ ਪ੍ਰਿੰਸ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਬਿੱਲਾ, ਸਕੱਤਰ ਜਸਪ੍ਰੀਤ ਸਿੰਘ ਜੈਪੀ, ਜਨਰਲ ਸਕੱਤਰ ਰਿਸ਼ੀ, ਲੋਕ ਸੰਪਰਕ ਅਧਿਕਾਰੀ ਨਿਤਿਨ ਮਹਾਜਨ ਹੈਪੀ, ਸਾਂਝੇ ਖ਼ਜ਼ਾਨਚੀ ਸੌਰਭ, ਗੋਪੀ ਕਿਸ਼ਨ, ਵਿਸ਼ੂ, ਸੁਸ਼ਾਂਤ ਵਰਮਾ, ਜੱਗੀ, ਪਿਆਰਾ ਸਿੰਘ, ਪ੍ਰਭਨੂਰ ਸਿੰਘ, ਰੋਹਨ, ਬੱਬਲ, ਮੰਗਾ, ਰਾਮ, ਵੀਕੂ ਅਤੇ ਰਾਜਨ ਵਰਮਾ ਆਦਿ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।