
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਔਰਤ ਦੀ ਮੌਤ ਦੇ ਮਾਮਲੇ ’ਚ ਨਾਮਜ਼ਦ ਮੁਲਜ਼ਮ ਕਾਬੂ

ਪੰਜਾਬੀ ਜਾਗਰਣ ਟੀਮ, ਪਠਾਨਕੋਟ : ਘੜਥੌਲੀ ਮੁਹੱਲੇ ’ਚ ਸੱਟਾਂ ਲੱਗਣ ਕਾਰਨ ਔਰਤ ਆਸ਼ਾ ਦੀ ਮੌਤ ਦੇ ਮਾਮਲੇ ਨੂੰ ਸੁਲਝਾਉਣ ਵੱਲ ਪਠਾਨਕੋਟ ਪੁਲਿਸ ਨੇ ਅਹਿਮ ਕਾਮਯਾਬੀ ਹਾਸਲ ਕਰਦਿਆਂ ਨਾਮਜ਼ਦ ਮੁਲਜ਼ਮ ਵਰੁਣ ਕੁਮਾਰ ਉਰਫ਼ ਕਾਲੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਕਥਿਤ ਤੌਰ ’ਤੇ ਵਾਰਦਾਤ ਵਿੱਚ ਵਰਤਿਆ ਚਾਕੂ ਤੇ ਰਾਡ ਤੋਂ ਇਲਾਵਾ ਇੱਕ ਸੋਨੇ ਦਾ ਕੰਗਨ, ਡੀਵੀਆਰ ਅਤੇ ਮੂੰਹ ਢੱਕਣ ਲਈ ਵਰਤਿਆ ਕੱਪੜਾ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਐਸਐਸਪੀ ਪਠਾਨਕੋਟ ਅਦਿੱਤਿਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ 17 ਅਗਸਤ ਨੂੰ ਥਾਣਾ ਡਵੀਜ਼ਨ ਨੰਬਰ-1 ਦੀ ਪੁਲਿਸ ਟੀਮ ਮਾੜੇ ਅਨਸਰਾਂ ਦੀ ਭਾਲ ਸਬੰਧੀ ਅਹਾਤਾ ਚੌਂਕ ਵਿਖੇ ਮੌਜੂਦ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਘੜਥੌਲੀ ਮੁਹੱਲਾ, ਰਾਮਲੀਲਾ ਗਰਾਊਂਡ ਦੇ ਸਾਹਮਣੇ ਰਹਿਣ ਵਾਲੀ ਆਸ਼ਾ ਪਤਨੀ ਸੁਭਾਸ਼ ਚੰਦਰ ਨੂੰ ਕਿਸੇ ਵਿਅਕਤੀ ਵੱਲੋਂ ਸੱਟਾਂ ਮਾਰੀਆਂ ਗਈਆਂ ਹਨ। ਗੰਭੀਰ ਹਾਲਤ ਵਿੱਚ ਆਸ਼ਾ ਨੂੰ ਰਾਜ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਦਾ ਮੁਆਇਨਾ ਕਰਨ ਉਪਰੰਤ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਪੁਲਿਸ ਟੀਮਾਂ ਬਣਾਈਆਂ ਗਈਆਂ। ਪੁਲਿਸ ਟੀਮਾਂ ਨੇ ਮਨੁੱਖੀ ਸੂਚਨਾ ਅਤੇ ਤਕਨੀਕੀ ਸਹਾਇਤਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਵਰੁਣ ਕੁਮਾਰ ਉਰਫ਼ ਕਾਲੂ ਪੁੱਤਰ ਵਿਜੇ ਕੁਮਾਰ, ਵਾਸੀ ਘੜਥੌਲੀ ਮੁਹੱਲਾ, ਰਾਮਲੀਲਾ ਗਰਾਊਂਡ ਦੇ ਸਾਹਮਣੇ, ਪਠਾਨਕੋਟ ਨੂੰ ਕਾਬੂ ਕਰ ਲਿਆ। ਪੁਲਿਸ ਅਨੁਸਾਰ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-1 ਪਠਾਨਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਦੌਰਾਨ ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਸੋਨੇ ਦਾ ਕੰਗਨ, ਇੱਕ ਡੀਵੀਆਰ, ਇੱਕ ਚਾਕੂ, ਇੱਕ ਰਾਡ ਅਤੇ ਉਹ ਕੱਪੜਾ ਬਰਾਮਦ ਕੀਤਾ ਹੈ, ਜਿਸ ਨਾਲ ਕਥਿਤ ਤੌਰ ’ਤੇ ਉਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ। ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਨੂੰ ਸਥਾਨਕ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਐਸਐਸਪੀ ਪਠਾਨਕੋਟ ਅਦਿੱਤਿਆ ਨਾਲ ਐਸ ਪੀ ਸਿਟੀ ਜਗਦੀਸ਼ ਰਾਜ ਅੱਤਰੀ , ਐਸਪੀ ਹੈਡ ਕੁਆਰਟਰ ਗੁਰਇਕਬਾਲ ਸਿੰਘ, ਇੰਸਪੈਕਟਰ ਸੋਰਤਮਾਨ, ਇੰਸਪੈਕਟਰ ਮਨਦੀਪ ਸਰਗੋਤਰਾ, ਐਸਐਚਓ ਦਵਿੰਦਰ ਕਾਸ਼ਨੀ ਵੀ ਹਾਜ਼ਰ ਸਨ।