ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ, ਦੋ ਪੁੱਤਰ ਜ਼ਖ਼ਮੀ ਤੇਜ਼ ਰਫ਼ਤਾਰ ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ
Publish Date: Sat, 26 Sep 2026 06:53 PM (IST)
Updated Date: Sun, 27 Sep 2026 04:06 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਕੋਲੀਆਂ ਤੋਂ ਨਰੋਟ ਜੈਮਲ ਸਿੰਘ ਨੂੰ ਜਾਂਦੀ ਸੜਕ ’ਤੇ ਪਿੰਡ ਪੰਮਾ ਨੇੜੇ ਤੇਜ਼ ਰਫ਼ਤਾਰ ਕੈਂਟਰ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਮੋਟਰਸਾਈਕਲ ’ਤੇ ਸਵਾਰ ਦੋ ਪੁੱਤਰ ਵੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਮੁਹੰਮਦ ਇਕਬਾਲ (36) ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਮੁਹੰਮਦ ਹੁਸੈਨ ਪੁੱਤਰ ਮੁਹੰਮਦ ਸਫ਼ੀ, ਵਾਸੀ ਤਰਫ਼ ਮੰਜਲੀ ਭਾਗਥਲੀ, ਜ਼ਿਲ੍ਹਾ ਕਠੂਆ (ਜੰਮੂ-ਕਸ਼ਮੀਰ) ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਛੋਟਾ ਭਰਾ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਾਨ ਚੋਪੜਾ ਵਿਖੇ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। 26 ਸਤੰਬਰ ਦੀ ਸਵੇਰ ਉਹ ਆਪਣੇ ਦੋ ਪੁੱਤਰਾਂ ਨਾਲ ਮੋਟਰਸਾਈਕਲ ਨੰਬਰ ਪੀਬੀ 06 ਬੀਐੱਮ-2101 ’ਤੇ ਆਪਣੇ ਪਿੰਡ ਮੰਜਲੀ ਭਾਗਥਲੀ, ਜ਼ਿਲ੍ਹਾ ਕਠੂਆ ਵੱਲ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਕੋਲੀਆਂ ਅੱਡੇ ਤੋਂ ਹੁੰਦਾ ਹੋਇਆ ਪਿੰਡ ਪੰਮਾ ਨੇੜੇ ਪਹੁੰਚਿਆ ਤਾਂ ਨਰੋਟ ਜੈਮਲ ਸਿੰਘ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਹੇ ਕੈਂਟਰ ਨੰਬਰ ਜੇਕੇ ਜੇ-1587 ਨੇ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੋਟਰਸਾਈਕਲ ਸਵਾਰ ਮੁਹੰਮਦ ਇਕਬਾਲ ਅਤੇ ਪਿੱਛੇ ਬੈਠੇ ਉਸ ਦੇ ਦੋਵੇਂ ਪੁੱਤਰ ਸੜਕ ਦੇ ਸੱਜੇ ਪਾਸੇ ਜਾ ਡਿੱਗੇ। ਹਾਦਸੇ ਵਿੱਚ ਮੁਹੰਮਦ ਇਕਬਾਲ ਦੇ ਸਿਰ ’ਤੇ ਗੰਭੀਰ ਸੱਟ ਲੱਗੀ, ਜਦਕਿ ਉਸ ਦੇ ਦੋਵੇਂ ਪੁੱਤਰ ਵੀ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਰਾਹਗੀਰਾਂ ਵੱਲੋਂ ਪੁਲਿਸ ਨੂੰ ਸੂਚਿਤ ਕਰਨ ’ਤੇ ਨਰੋਟ ਜੈਮਲ ਸਿੰਘ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਤੇ ਮ੍ਰਿਤਕ ਨੂੰ ਹਸਪਤਾਲ ਪਹੁੰਚਾਉਣ ਦੀ ਕਾਰਵਾਈ ਕੀਤੀ ਗਈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਕੀਤੀ ਮੁੱਢਲੀ ਜਾਂਚ ਤੋਂ ਬਾਅਦ ਕੈਂਟਰ ਚਾਲਕ ਗੋਪਾਲ ਸਿੰਘ ਪੁੱਤਰ ਰੂਪ ਸਿੰਘ, ਵਾਸੀ ਭੰਬਰਡੌ, ਥਾਣਾ ਰਾਜਬਾਗ, ਜ਼ਿਲ੍ਹਾ ਕਠੂਆ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਫ਼ਰਾਰ ਕੈਂਟਰ ਚਾਲਕ ਦੀ ਭਾਲ ਅਤੇ ਹਾਦਸੇ ਦੇ ਕਾਰਨਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।