
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਕਾਰੀ ਅਦਾਰਿਆਂ ਨੂੰ ਤਾਲੇ ਲਾ ਕੇ ਬੱਸ ਸਟੈਂਡ ਤੋਂ ਗਾਂਧੀ ਚੌਕ ਤੱਕ ਕੱਢਿਆ ਰੋਸ ਮਾਰਚ

ਆਰ.ਸਿੰਘ/ਅੰਕੁਰ ਮਹਾਜਨ, ਪੰਜਾਬੀ ਜਾਗਰਣ, ਪਠਾਨਕੋਟ
ਪੰਜਾਬ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਸਾਂਝਾ ਤਾਲਮੇਲ ਕਮੇਟੀ/ਸਾਂਝਾ ਫਰੰਟ ਦੇ ਸੱਦੇ ’ਤੇ ਕੀਤੇ ਪੰਜਾਬ ਮਹਾਬੰਦ ਤਹਿਤ ਪਠਾਨਕੋਟ ਵਿੱਚ ਸਰਕਾਰੀ ਕੰਮਕਾਜ ’ਤੇ ਵਿਆਪਕ ਅਸਰ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਨੂੰ ਬੰਦ ਕਰਕੇ ਤਾਲੇ ਲਗਾਏ ਅਤੇ ਬੱਸ ਸਟੈਂਡ ਵਿਖੇ ਕੀਤੀ ਵਿਸ਼ਾਲ ਰੋਸ ਰੈਲੀ ਵਿੱਚ ਸ਼ਮੂਲੀਅਤ ਕੀਤੀ।
ਡੀਏਸੀ ਕੰਪਲੈਕਸ ਮਲਿਕਪੁਰ, ਸਿਵਲ ਹਸਪਤਾਲ, ਰੋਡਵੇਜ਼, ਡੈਮ ਸਮੇਤ ਵੱਖ-ਵੱਖ ਸਰਕਾਰੀ ਅਦਾਰਿਆਂ ਵਿੱਚ ਕੰਮਕਾਜ ਪ੍ਰਭਾਵਿਤ ਰਿਹਾ। ਬੱਸ ਸਟੈਂਡ ਤੋਂ ਗਾਂਧੀ ਚੌਕ ਤੱਕ ਕੱਢੇ ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਗਾਂਧੀ ਚੌਕ ਵਿਖੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਗਿਆ।
ਇਸ ਮੌਕੇ PSMSU ਦੇ ਜ਼ਿਲ੍ਹਾ ਪ੍ਰਧਾਨ ਵਿਸ਼ਾਲਵੀਰ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂ ਤੇ ਵਰਕਰ ਹਾਜ਼ਰ ਹੋਏ। ਸਟੇਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਨਰੇਸ਼ ਕੁਮਾਰ, ਪੁਲਸ ਪੈਨਸ਼ਨਰਜ਼ ਦੇ ਪ੍ਰਧਾਨ ਗੁਰਦਿਆਲ ਸਿੰਘ ਸੈਣੀ, ਚੇਅਰਮੈਨ ਗੁਰਨਾਮ ਸਿੰਘ, ਜਨਰਲ ਸਕੱਤਰ ਹਿਤੇਸ਼ ਸ਼ਰਮਾ ਅਤੇ ਪ੍ਰੈੱਸ ਸਕੱਤਰ ਤੇਜਿੰਦਰ ਸਾਂਵਲ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਇਸ ਦੌਰਾਨ ਅਧਿਆਪਕ, ਪਟਵਾਰੀ, ਆਂਗਣਵਾੜੀ ਵਰਕਰ, ਸਿਹਤ ਵਿਭਾਗ, ਐਨਐਚਐਮ, ਡਰਾਈਵਰ ਯੂਨੀਅਨ, ਦਰਜਾ-4 ਮੁਲਾਜ਼ਮ, ਸਫ਼ਾਈ ਯੂਨੀਅਨ, ਪੀਐੱਸਈਬੀ ਮੁਲਾਜ਼ਮ ਯੂਨੀਅਨ, ਪੰਜਾਬ ਰੋਡਵੇਜ਼ ਪਨਬੱਸ ਤੇ ਪੀਆਰਟੀਸੀ ਵਰਕਰਜ਼ ਯੂਨੀਅਨ, ਸਿੰਚਾਈ, ਲੋਕ ਨਿਰਮਾਣ, ਜਲ ਸਪਲਾਈ ਤੇ ਸੈਨੀਟੇਸ਼ਨ, ਮਿਡ-ਡੇ ਮੀਲ, ਆਸ਼ਾ ਵਰਕਰਜ਼, ਮਨਰੇਗਾ, ਪਿੰਡ ਰੋਜ਼ਗਾਰ ਸੇਵਕ, ਕਲਰਕ, ਸਟੈਨੋਗ੍ਰਾਫਰ, ਲਾਇਬ੍ਰੇਰੀਅਨ, ਵੈਟਰਨਰੀ ਫਾਰਮਾਸਿਸਟ, ਮਾਲ ਪਟਵਾਰੀ, ਕਾਨੂੰਗੋ, ਸਹਿਕਾਰੀ ਸਭਾਵਾਂ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਪੰਜਾਬ ਸਰਕਾਰੀ ਪੈਨਸ਼ਨਰਜ਼ ਐਸੋਸੀਏਸ਼ਨ, ਪੀਐੱਸਐੱਮਐੱਸਯੂ, ਸਿਹਤ ਕਰਮਚਾਰੀ, ਮੈਡੀਕਲ ਲੈਬ ਟੈਕਨੀਸ਼ੀਅਨ, ਫਾਰਮਾਸਿਸਟ, ਨਰਸਿੰਗ ਸਟਾਫ਼, ਆਯੁਰਵੈਦਿਕ, ਪਸ਼ੂ ਪਾਲਣ, ਖੇਤੀਬਾੜੀ, ਜੰਗਲਾਤ, ਖੁਰਾਕ ਤੇ ਸਿਵਲ ਸਪਲਾਈਜ਼, ਸਥਾਨਕ ਸਰਕਾਰ, ਨਗਰ ਕੌਂਸਲ, ਸੀਵਰੇਜ ਬੋਰਡ, ਪੰਚਾਇਤ ਸਕੱਤਰ, ਡੀਸੀ ਦਫ਼ਤਰ, ਅਦਾਲਤੀ, ਜੇਲ੍ਹ, ਪੁਲਸ ਕਰਮਚਾਰੀ ਤੇ ਪੈਨਸ਼ਨਰ, ਠੇਕਾ ਮੁਲਾਜ਼ਮ, ਕੱਚੇ ਅਤੇ ਆਊਟਸੋਰਸਡ ਕਰਮਚਾਰੀ, ਕੰਪਿਊਟਰ ਅਧਿਆਪਕ, ਐੱਸਐੱਸਏ/ਰਮਸਾ, ਈਟੀਟੀ, ਮਾਸਟਰ ਕੇਡਰ, ਲੈਕਚਰਾਰ, ਸਿੱਖਿਆ ਵਿਭਾਗ ਮਿਨਿਸਟੀਰੀਅਲ ਸਟਾਫ਼, ਪੀਟੀਆਈ, ਵੋਕੇਸ਼ਨਲ ਅਧਿਆਪਕ, ਪੰਜਾਬ ਸਟੇਟ ਟੀਚਰਜ਼ ਯੂਨੀਅਨ, ਡੈਮੋਕ੍ਰੈਟਿਕ ਟੀਚਰਜ਼ ਫਰੰਟ, ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਹੋਰ ਜਥੇਬੰਦੀਆਂ ਦੇ ਆਗੂ ਤੇ ਵਰਕਰ ਵੀ ਹਾਜ਼ਰ ਸਨ।
ਵਿਸ਼ਾਲਵੀਰ ਸਿੰਘ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਹੋਰ ਅਣਗੌਲਿਆ ਨਾ ਕਰੇ। ਉਨ੍ਹਾਂ 17.07.2020 ਦਾ ਪੁਰਾਣੀ ਪੈਨਸ਼ਨ ਸਕੀਮ ਸਬੰਧੀ ਪੱਤਰ ਰੱਦ ਕਰਕੇ ਸਾਰੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪੈਨਸ਼ਨਰਾਂ ਨੂੰ 2.59 ਗੁਣਾਂਕ ਦਾ ਲਾਭ ਦੇਣ ਅਤੇ ਡੀਏ ਦੇ ਬਕਾਏ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮੰਗਾਂ ਦਾ ਨਿਪਟਾਰਾ ਨਾ ਹੋਇਆ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਆਪਣੀ ਏਕਤਾ ਦੀ ਤਾਕਤ ਦਿਖਾਉਣਗੇ।