ਪਾਣੀ ਦੀ ਸਮੱਸਿਆ ਦੇ ਹੱਲ ਲਈ ਲਗਾਈ ਨਵੀਂ ਮੋਟਰ ਸਾਫ਼ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਰੇਣੂਕਾ ਮੰਦਰ ਨੇੜੇ ਨਵੀਂ ਮੋਟਰ ਲਗਾਈ
Publish Date: Sat, 24 Oct 2026 04:23 PM (IST)
Updated Date: Sun, 25 Oct 2026 04:01 AM (IST)
ਅੰਕੁਰ ਮਹਾਜਨ, ਪੰਜਾਬੀ ਜਾਗਰਣ, ਪਠਾਨਕੋਟ ਕੈਂਟ : ਪਠਾਨਕੋਟ ਵਾਰਡ ਨੰਬਰ 9 ਗਾਰਡਨ ਕਲੋਨੀ ਵਿਖੇ ਰੇਣੂਕਾ ਮੰਦਰ ਦੇ ਨੇੜੇ ਇਲਾਕਾ ਨਿਵਾਸੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰੋਹਿਤ ਸਿਆਲ ਤੇ ਨਵ-ਨਿਯੁਕਤ ਮਾਝਾ ਜ਼ੋਨ ਇੰਚਾਰਜ ਸੂਰਜ ਠਾਕੁਰ ਦੇ ਯਤਨਾਂ ਸਦਕਾ ਨਵੀਂ ਪਾਣੀ ਦੀ ਮੋਟਰ ਲਗਵਾਈ ਗਈ। ਦੋਵਾਂ ਆਗੂਆਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਨਵੀਂ ਮੋਟਰ ਦਾ ਉਦਘਾਟਨ ਕੀਤਾ। ਇਸ ਨਾਲ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਦੀ ਉਮੀਦ ਜਤਾਈ ਗਈ। ਇਸ ਮੌਕੇ ਰੋਹਿਤ ਸਿਆਲ ਨੇ ਕਿਹਾ ਕਿ ਗਾਰਡਨ ਕਲੋਨੀ ਵਿੱਚ ਪਾਣੀ ਦੀ ਸਮੱਸਿਆ ਲੰਬੇ ਸਮੇਂ ਤੋਂ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਸੀ। ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਉਨ੍ਹਾਂ ਪਾਰਟੀ ਦੀ ਉੱਚ ਲੀਡਰਸ਼ਿਪ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ। ਉਨ੍ਹਾਂ ਦੱਸਿਆ ਕਿ ਐੱਸਡੀਓ ਅਮਨਦੀਪ ਕੌਰ ਅਤੇ ਨਗਰ ਨਿਗਮ ਦੀ ਟੀਮ ਦੇ ਸਹਿਯੋਗ ਨਾਲ ਨਵੀਂ ਮੋਟਰ ਲਗਾਉਣ ਦਾ ਕੰਮ ਨੇਪਰੇ ਚੜ੍ਹਿਆ ਹੈ। ਮਾਝਾ ਜ਼ੋਨ ਇੰਚਾਰਜ ਸੂਰਜ ਠਾਕੁਰ ਨੇ ਕਿਹਾ ਕਿ ਸਾਫ਼ ਪੀਣ ਵਾਲਾ ਪਾਣੀ ਹਰ ਵਿਅਕਤੀ ਦੀ ਮੁੱਢਲੀ ਲੋੜ ਹੈ ਅਤੇ ਲੋਕਾਂ ਨੂੰ ਇਹ ਸਹੂਲਤ ਮੁਹੱਈਆ ਕਰਵਾਉਣਾ ਪਹਿਲ ਦੇ ਆਧਾਰ ’ਤੇ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਵਾਉਣਾ ਹੀ ਜਨਤਕ ਸੇਵਾ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਯਤਨ ਜਾਰੀ ਰਹਿਣਗੇ। ਨਵੀਂ ਮੋਟਰ ਲੱਗਣ ’ਤੇ ਇਲਾਕਾ ਨਿਵਾਸੀਆਂ ਨੇ ਰਾਹਤ ਦੀ ਆਸ ਪ੍ਰਗਟਾਈ ਤੇ ਇਸ ਕੰਮ ਲਈ ਰੋਹਿਤ ਸਿਆਲ, ਸੂਰਜ ਠਾਕੁਰ ਤੇ ਨਗਰ ਨਿਗਮ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।