- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਦਰਾਂ ਦੇ ਬਾਹਰ ਭੀਖ ਮੰਗਦੇ 7 ਬੱਚੇ ਰੈਸਕਿਊ

ਆਰ.ਸਿੰਘ, ਪੰਜਾਬੀ ਜਾਗਰਣ
ਪਠਾਨਕੋਟ : ਬਾਲ ਭਿੱਖਿਆ ਨੂੰ ਠੱਲ੍ਹ ਪਾਉਣ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ, ਚਾਈਲਡ ਲਾਈਨ 1098 ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਵੱਲੋਂ ਸ਼ਹਿਰ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਆਸ-ਪਾਸ ਵਿਸ਼ੇਸ਼ ਰੈਸਕਿਊ ਮੁਹਿੰਮ ਚਲਾਈ ਗਈ। ਪ੍ਰੋਜੈਕਟ ਜੀਵਨ ਜੋਤ-0.2 ਤਹਿਤ ਕੀਤੀ ਗਈ ਇਸ ਕਾਰਵਾਈ ਦੌਰਾਨ ਕਾਲੀ ਮਾਤਾ ਮੰਦਰ ਅਤੇ ਆਸ਼ਾਪੁਰਨੀ ਮੰਦਰ ਨੇੜਿਓਂ ਭੀਖ ਮੰਗ ਰਹੇ 7 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ। ਡਿਪਟੀ ਕਮਿਸ਼ਨਰ ਪਠਾਨਕੋਟ ਡਾਕਟਰ ਪਲਵੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਣਾਈ ਗਈ ਕਮੇਟੀ ਦੀ ਅਗਵਾਈ ਹੇਠ ਹੋਈ ਇਸ ਮੁਹਿੰਮ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ (ਡੀਸੀਪੀਓ) ਮੈਡਮ ਊਸ਼ਾ ਦੀ ਅਗਵਾਈ ਵਿੱਚ ਅੰਜਾਮ ਦਿੱਤਾ ਗਿਆ। ਟੀਮ ਵੱਲੋਂ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਚੈਕਿੰਗ ਕਰਦਿਆਂ ਭੀਖ ਮੰਗ ਰਹੇ ਬੱਚਿਆਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਨੂੰ ਸੁਰੱਖਿਅਤ ਹਿਰਾਸਤ ਵਿੱਚ ਲਿਆ ਗਿਆ। ਮੁਹਿੰਮ ਦੌਰਾਨ ਕਾਲੀ ਮਾਤਾ ਮੰਦਰ ਨੇੜਿਓਂ 2 ਅਤੇ ਆਸ਼ਾਪੁਰਨੀ ਮੰਦਰ ਨੇੜਿਓਂ 5 ਬੱਚਿਆਂ ਸਮੇਤ ਕੁੱਲ 7 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ। ਇਸ ਉਪਰੰਤ ਸਾਰੇ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ।
ਇਸ ਮੌਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬਾਲ ਭਿੱਖਿਆ ਦੇ ਮਾੜੇ ਪ੍ਰਭਾਵਾਂ, ਬੱਚਿਆਂ ਦੇ ਅਧਿਕਾਰਾਂ ਅਤੇ ਸਿੱਖਿਆ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਵੱਲੋਂ ਮਾਪਿਆਂ ਨੂੰ ਤਾੜਨਾ ਕਰਦਿਆਂ ਹਦਾਇਤ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਨੂੰ ਭੀਖ ਮੰਗਣ ਲਈ ਨਾ ਭੇਜਣ। ਮਾਪਿਆਂ ਨੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਬੱਚਿਆਂ ਨੂੰ ਭੀਖ ਮੰਗਣ ਲਈ ਨਹੀਂ ਭੇਜਣਗੇ।
ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਉਪਰੰਤ ਬਾਲ ਭਲਾਈ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ। ਰੈਸਕਿਊ ਮੁਹਿੰਮ ਵਿੱਚ ਸੋਨਿਕਾ ਕੌਂਸਲਰ, ਇੰਦਰਜੀਤ ਸਿੰਘ ਸੋਸ਼ਲ ਵਰਕਰ, ਨੀਰਜ ਕੁਮਾਰੀ ਆਊਟਰੀਚ ਵਰਕਰ, ਚਾਈਲਡ ਲਾਈਨ 1098 ਦੇ ਸੁਪਰਵਾਈਜ਼ਰ ਭਾਰਤ, ਸ਼ਵੇਤਾ ਸ਼ਰਮਾ, ਸਿਮਰਨ ਅਤੇ ਕੇਸ ਵਰਕਰ ਰੂਬੀ ਸ਼ਰਮਾ ਨੇ ਸਰਗਰਮ ਭੂਮਿਕਾ ਨਿਭਾਈ।
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਕਿਹਾ ਗਿਆ ਕਿ ਬੱਚਿਆਂ ਨੂੰ ਬਾਲ ਭਿੱਖਿਆ ਤੋਂ ਮੁਕਤ ਕਰਕੇ ਉਨ੍ਹਾਂ ਨੂੰ ਸਿੱਖਿਆ, ਸੁਰੱਖਿਆ ਅਤੇ ਬਿਹਤਰ ਭਵਿੱਖ ਦੇ ਮੌਕੇ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦੀ ਮੁੱਖ ਤਰਜੀਹ ਹੈ। ਬਾਲ ਭਿੱਖਿਆ ਦੀ ਰੋਕਥਾਮ ਲਈ ਅਜਿਹੀਆਂ ਰੈਸਕਿਊ ਮੁਹਿੰਮਾਂ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ।