ਡੇਰਾ ਸਵਾਮੀ ਜਗਤਗਿਰੀ ਵਿਖੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ, ਹਜ਼ਾਰਾਂ ਸੰਗਤਾਂ ਨੇ ਕੀਤੀ ਸ਼ਮੂਲੀਅਤ ਡੇਰਾ ਸਵਾਮੀ ਜਗਤਗਿਰੀ ਵਿਖੇ 650ਵੇਂ ਪ੍ਰਕਾਸ਼ ਪੁਰਬ
Publish Date: Fri, 18 Sep 2026 05:16 PM (IST)
Updated Date: Fri, 18 Sep 2026 05:17 PM (IST)
ਨਰਿੰਦਰ ਨਿੰਦੀ, ਪੰਜਾਬੀ ਜਾਗਰਣ ਪਠਾਨਕੋਟ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਡੇਰਾ ਸਵਾਮੀ ਜਗਤਗਿਰੀ ਪਠਾਨਕੋਟ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਹਜ਼ਾਰਾਂ ਸੰਗਤਾਂ ਨੇ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਦੇ ਦਰਸ਼ਨ ਕੀਤੇ। ਇਸ ਮੌਕੇ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ’ਤੇ ਆਧਾਰਿਤ ਸਤਸੰਗ ਕੀਤਾ। ਰਾਗੀ ਜੱਥਿਆਂ ਨੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਇਸ ਮੌਕੇ ਤੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਬਰਾਬਰੀ, ਮਨੁੱਖਤਾ, ਸਾਂਝੀਵਾਲਤਾ ਅਤੇ ਸੇਵਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਗੁਰੂ ਸਾਹਿਬ ਦੀ ਬਾਣੀ ਅਤੇ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ 650ਵੇਂ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਸਮਾਗਮ ਕਰਵਾਏ ਜਾਣਗੇ ਅਤੇ ਨਗਰ ਕੀਰਤਨ ਵੀ ਕੱਢੇ ਜਾਣਗੇ। ਸੱਚਖੰਡ ਬੱਲਾਂ ਵਿਖੇ 10 ਏਕੜ ਜ਼ਮੀਨ ਵਿੱਚ ਲਗਭਗ 37 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਸਾਹਿਬ ਦੀ ਬਾਣੀ ਨਾਲ ਸਬੰਧਤ ਵਿਸ਼ੇਸ਼ ਕੇਂਦਰ ਸਥਾਪਤ ਕਰਨ ਦੀ ਜਾਣਕਾਰੀ ਵੀ ਦਿੱਤੀ। ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ, ਲਾਲ ਚੰਦ ਕਟਾਰੂਚੱਕ ਅਤੇ ਹੋਰ ਅਧਿਕਾਰੀਆਂ ਨੂੰ ਸਿਰੋਪਾਓ ਤੇ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਪਠਾਨਕੋਟ ਰੋਹਿਤ ਸਿਆਲ, ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ, ਚੇਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ ਸੌਰਭ ਬਹਿਲ, ਚੇਅਰਮੈਨ ਮਾਰਕੀਟ ਕਮੇਟੀ ਪਠਾਨਕੋਟ ਸੰਜੀਵ ਸ਼ਾਰਦਾ, ਵਧੀਕ ਡਿਪਟੀ ਕਮਿਸ਼ਨਰ (ਜ) ਅਰਸ਼ਦੀਪ ਸਿੰਘ, ਸਹਾਇਕ ਕਮਿਸ਼ਨਰ ਜਨਰਲ ਕੁਲਵੀਰ ਸਿੰਘ, ਐਸਡੀਐਮ ਪਠਾਨਕੋਟ ਮਨਦੀਪ ਮਾਨ, ਸ੍ਰੀ ਗੁਰੂ ਰਵਿਦਾਸ ਸਭਾ ਪਠਾਨਕੋਟ ਦੇ ਪ੍ਰਧਾਨ ਕੇਵਲ ਕ੍ਰਿਸ਼ਨ, ਜਰਨਲ ਸਕੱਤਰ ਡਾਕਟਰ ਸੋਮਾ ਅੱਤਰੀ, ਗੁਲਗਾਰੀ ਲਾਲ ਟਰੱਸਟੀ ਪ੍ਰਧਾਨ, ਅਨਿਲ ਕੁਮਾਰ, ਮਦਨ ਜਲੰਧਰੀ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਯੁਵਾ ਸੰਗਠਨ ਦੇ ਪ੍ਰਧਾਨ ਦਲਵੀਰ ਸਰੰਗਲ, ਵਾਈਸ ਪ੍ਰਧਾਨ ਵਰੁਣ ਬੈਂਸ, ਮਨੀਸ਼, ਬਲਦੇਵ ਰਾਜ, ਕਰਨ, ਅਰੁਣ, ਬਾਲ ਕ੍ਰਿਸ਼ਨ, ਤੀਰਥ ਅਤੇ ਡੇਰੇ ਦੇ ਹੋਰ ਅਧਿਕਾਰੀ ਤੇ ਸੇਵਾਦਾਰ ਹਾਜ਼ਰ ਸਨ।