ਪਠਾਨਕੋਟ ’ਚ 5 ਘੰਟੇ ਦੀ ਮੋਹਲੇਧਾਰ ਬਾਰਿਸ਼: ਹਰ ਪਾਸੇ ਪਾਣੀ ਹੀ ਪਾਣੀ, ਜਲਥਲ ਹੋਇਆ ਸ਼ਹਿਰ; ਸੈਂਕੜੇ ਪਿੰਡਾਂ ਦਾ ਮੁੱਖ ਮਾਰਗਾਂ ਨਾਲੋਂ ਟੁੱਟਿਆ ਸੰਪਰਕ
ਸ਼ਹਿਰ ’ਚੋਂ ਲੰਘਣ ਵਾਲਾ ਖੱਡੀ ਨਾਲ਼ਾ ਉਫਾਨ ’ਤੇ ਆ ਗਿਆ, ਜਿਸ ਕਾਰਨ ਮਨਵਾਲ, ਸਿਉਂਟੀ ਸਮੇਤ ਜ਼ਿਲ੍ਹੇ ਦੇ 100 ਤੋਂ ਵੱਧ ਪਿੰਡਾਂ ਨੂੰ ਪਠਾਨਕੋਟ ਨਾਲ ਜੋੜਨ ਵਾਲੇ ਰਸਤੇ ਬੰਦ ਹੋ ਗਏ। ਇਸ ਕਾਰਨ ਲੋਕ ਸਮੇਂ ਸਿਰ ਆਪਣੇ ਕੰਮਾਂ ਅਤੇ ਦਫ਼ਤਰਾਂ ਤੱਕ ਨਹੀਂ ਪਹੁੰਚ ਸਕੇ, ਜਦਕਿ ਕਈ ਵਿਦਿਆਰਥੀ ਸਕੂਲ ਜਾਣ ਤੋਂ ਵੀ ਵਾਂਝੇ ਰਹੇ।
Publish Date: Mon, 03 Aug 2026 12:20 PM (IST)
Updated Date: Mon, 03 Aug 2026 12:25 PM (IST)
ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ। ਅੱਜ ਸਵੇਰੇ ਕਰੀਬ 5 ਵਜੇ ਤੋਂ 10 ਵਜੇ ਤੱਕ ਲਗਾਤਾਰ ਪੰਜ ਘੰਟੇ ਪਈ ਮੋਹਲੇਧਾਰ ਬਾਰਿਸ਼ ਨੇ ਪਠਾਨਕੋਟ ਸ਼ਹਿਰ ਦੀ ਰਫ਼ਤਾਰ ਠੱਪ ਕਰ ਦਿੱਤੀ। ਭਾਰੀ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕੇ ਪਾਣੀ ਨਾਲ ਭਰ ਗਏ, ਜਿਸ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਬਾਰਿਸ਼ ਨੇ ਸ਼ਹਿਰੀ ਨਿਕਾਸੀ ਪ੍ਰਬੰਧਾਂ ਅਤੇ ਨਗਰ ਨਿਗਮ ਦੇ ਦਾਅਵਿਆਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ।
ਸ਼ਹਿਰ ’ਚੋਂ ਲੰਘਣ ਵਾਲਾ ਖੱਡੀ ਨਾਲ਼ਾ ਉਫਾਨ ’ਤੇ ਆ ਗਿਆ, ਜਿਸ ਕਾਰਨ ਮਨਵਾਲ, ਸਿਉਂਟੀ ਸਮੇਤ ਜ਼ਿਲ੍ਹੇ ਦੇ 100 ਤੋਂ ਵੱਧ ਪਿੰਡਾਂ ਨੂੰ ਪਠਾਨਕੋਟ ਨਾਲ ਜੋੜਨ ਵਾਲੇ ਰਸਤੇ ਬੰਦ ਹੋ ਗਏ। ਇਸ ਕਾਰਨ ਲੋਕ ਸਮੇਂ ਸਿਰ ਆਪਣੇ ਕੰਮਾਂ ਅਤੇ ਦਫ਼ਤਰਾਂ ਤੱਕ ਨਹੀਂ ਪਹੁੰਚ ਸਕੇ, ਜਦਕਿ ਕਈ ਵਿਦਿਆਰਥੀ ਸਕੂਲ ਜਾਣ ਤੋਂ ਵੀ ਵਾਂਝੇ ਰਹੇ।
ਸ਼ਹਿਰ ਦੇ ਗਾਂਧੀ ਚੌਕ, ਅੰਦਰੂਨ ਬਾਜ਼ਾਰ ਅਤੇ ਹੋਰ ਵਪਾਰਕ ਇਲਾਕਿਆਂ ’ਚ ਬਾਰਿਸ਼ ਦਾ ਪਾਣੀ ਦੁਕਾਨਾਂ ਅੰਦਰ ਦਾਖ਼ਲ ਹੋ ਗਿਆ, ਜਿਸ ਨਾਲ ਵਪਾਰੀਆਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਲੋਕਾਂ ਨੇ ਦੋਸ਼ ਲਾਇਆ ਕਿ ਮੌਨਸੂਨ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਗਏ।
ਬਾਰਿਸ਼ ਦਾ ਸਭ ਤੋਂ ਵੱਧ ਅਸਰ ਬਾਉਲੀਆਂ ਰੋਡ, ਗਾਂਧੀ ਚੌਕ, ਵਡੈਹਰਾ ਮੁਹੱਲਾ, ਟੀਚਰ ਕਾਲੋਨੀ ਅਤੇ ਪ੍ਰਤਾਪ ਨਗਰ ’ਚ ਵੇਖਣ ਨੂੰ ਮਿਲਿਆ। ਕਈ ਥਾਵਾਂ ’ਤੇ ਸੜਕਾਂ ਉੱਪਰ ਕਈ ਫੁੱਟ ਪਾਣੀ ਇਕੱਠਾ ਹੋ ਗਿਆ, ਜਿਸ ਕਾਰਨ ਵਾਹਨ ਅੱਧੇ ਤੱਕ ਡੁੱਬ ਗਏ।
ਵਡੈਹਰਾ ਮੁਹੱਲਾ ਅਤੇ ਟੀਚਰ ਕਾਲੋਨੀ ’ਚ ਪਾਣੀ ਗਲੀਆਂ ਤੋਂ ਹੁੰਦਾ ਹੋਇਆ ਘਰਾਂ ਦੇ ਕਮਰਿਆਂ ਤੱਕ ਪਹੁੰਚ ਗਿਆ, ਜਦਕਿ ਪ੍ਰਤਾਪ ਨਗਰ ਵਿੱਚ ਵੀ ਗੰਦਾ ਪਾਣੀ ਸੜਕਾਂ ਉੱਪਰ ਵਗਦਾ ਰਿਹਾ।
ਪਠਾਨਕੋਟ ਦੇ ਮੁੱਖ ਵਪਾਰਕ ਕੇਂਦਰ ਗਾਂਧੀ ਚੌਕ, ਅੰਦਰੂਨ ਬਾਜ਼ਾਰ, ਮੀਟ ਮਾਰਕੀਟ ਅਤੇ ਮਿਊਂਸਿਪਲ ਬਾਜ਼ਾਰ ਦੀਆਂ ਸੈਂਕੜੇ ਦੁਕਾਨਾਂ ’ਚ ਬਾਰਿਸ਼ ਦਾ ਪਾਣੀ ਦਾਖ਼ਲ ਹੋਣ ਕਾਰਨ ਕੱਪੜੇ, ਰਾਸ਼ਨ, ਇਲੈਕਟ੍ਰਾਨਿਕ ਸਾਮਾਨ ਅਤੇ ਹੋਰ ਕੀਮਤੀ ਵਸਤਾਂ ਨੂੰ ਨੁਕਸਾਨ ਪਹੁੰਚਿਆ। ਵਪਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।
ਭਾਰੀ ਬਾਰਿਸ਼ ਦੇ ਨਾਲ ਹੀ ਸ਼ਹਿਰ ਦੇ ਕਈ ਹਿੱਸਿਆਂ ’ਚ ਬਿਜਲੀ ਸਪਲਾਈ ਵੀ ਠੱਪ ਹੋ ਗਈ। ਬਿਜਲੀ ਬੰਦ ਹੋਣ ਕਾਰਨ ਨਗਰ ਨਿਗਮ ਦੀ ਪਾਣੀ ਸਪਲਾਈ ਵੀ ਪ੍ਰਭਾਵਿਤ ਰਹੀ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੰਬੇ ਸਮੇਂ ਤੱਕ ਬਿਜਲੀ ਨਾ ਆਉਣ ਕਾਰਨ ਇਨਵਰਟਰ ਵੀ ਬੰਦ ਹੋ ਗਏ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ।
ਉੱਧਰ, ਲਗਾਤਾਰ ਜਲ ਭਰਾਅ, ਬਿਜਲੀ ਕੱਟਾਂ ਅਤੇ ਪਾਣੀ ਦੀ ਕਮੀ ਕਾਰਨ ਲੋਕਾਂ ਦਾ ਗੁੱਸਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਖ਼ਿਲਾਫ਼ ਫੁੱਟ ਪਿਆ।
ਸਥਾਨਕ ਵਸਨੀਕਾਂ ਨੇ ਕਿਹਾ ਕਿ ਹਰ ਸਾਲ ਮੌਨਸੂਨ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਪਹਿਲੀ ਹੀ ਭਾਰੀ ਬਾਰਿਸ਼ ’ਚ ਸ਼ਹਿਰ ਜਲਥਲ ਹੋ ਜਾਂਦਾ ਹੈ। ਲੋਕਾਂ ਨੇ ਖੱਡੀ ਨਾਲ਼ੇ ਦੀ ਤੁਰੰਤ ਸਫ਼ਾਈ ਅਤੇ ਸ਼ਹਿਰ ਦੇ ਡਰੇਨੇਜ ਸਿਸਟਮ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ ਦੌਰਾਨ ਹੋਰ ਬਾਰਿਸ਼ ਦੀ ਸੰਭਾਵਨਾ ਜਤਾਈ ਹੈ, ਜਿਸ ਕਾਰਨ ਪ੍ਰਸ਼ਾਸਨ ਅਤੇ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ।