ਜੇਐੱਮਕੇ ਇੰਟਰਨੈਸ਼ਨਲ ਸਕੂਲ ਦੀਆਂ ਪ੍ਰਾਪਤੀਆਂ ਨੂੰ ਸਮਰਪਿਤ ਸਿਲਵਰ ਜੁਬਲੀ ਸਮਾਰੋਹ ਜੇਐਮਕੇ ਇੰਟਰਨੈਸ਼ਨਲ ਸਕੂਲ ਦੀਆਂ 25 ਸਾਲਾਂ
Publish Date: Sun, 22 Nov 2026 04:40 PM (IST)
Updated Date: Mon, 23 Nov 2026 04:02 AM (IST)
ਫੋਟੋ : ਜੇਐਮਕੇ ਇੰਟਰਨੈਸ਼ਨਲ ਸਕੂਲ ਦੇ ਸਿਲਵਰ ਜੁਬਲੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ। ਫੋਟੋ - ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਵਿਦਿਆਰਥੀ। ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਜੇਐੱਮਕੇ ਇੰਟਰਨੈਸ਼ਨਲ ਸਕੂਲ ਪਠਾਨਕੋਟ ਵੱਲੋਂ ਆਪਣੀ ਸਥਾਪਨਾ ਦੇ 25 ਸਾਲ ਪੂਰੇ ਹੋਣ ਦੀ ਖੁਸ਼ੀ ’ਚ ਸਿਲਵਰ ਜੁਬਲੀ ਸਮਾਰੋਹ ਕਰਵਾਇਆ ਗਿਆ। ਪਰਿਵਰਤਨ : ਲੀਗੇਸੀ ਆਫ ਪ੍ਰੋਗਰੈੱਸ ਵਿਸ਼ੇ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਜਿੱਥੇ ਸਕੂਲ ਦੇ ਢਾਈ ਦਹਾਕਿਆਂ ਦੇ ਸਫ਼ਰ ਤੇ ਪ੍ਰਾਪਤੀਆਂ ਨੂੰ ਯਾਦ ਕੀਤਾ ਗਿਆ, ਉੱਥੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਕੂਲ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਡਾ. ਨੀਰਜ ਮੋਹਨ ਪੁਰੀ ਦੀ ਅਗਵਾਈ ਹੇਠ ਹੋਏ ਸਮਾਗਮ ’ਚ ਪਠਾਨਕੋਟ ਦੇ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਅਨੁਜ ਸੂਦ, ਵਾਈਸ ਚੇਅਰਪਰਸਨ ਵੰਦਨਾ ਸੂਦ, ਮੈਨੇਜਿੰਗ ਡਾਇਰੈਕਟਰ ਤਾਨਿਆ ਸੂਦ ਤੇ ਡਾਇਰੈਕਟਰ ਸੋਮਾਂਸ਼ੂ ਸੂਦ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਿਵ ਵਿਆਹ, ਰਾਧਾ-ਕ੍ਰਿਸ਼ਨ ਲੀਲਾ, ਦੇਸ਼ ਭਗਤੀ, ਫ਼ੌਜ, ਸੁਪਰਹੀਰੋਜ਼, ਲੋਕ ਸੱਭਿਆਚਾਰ, ਆਜ਼ਾਦੀ, ਬਾਲੀਵੁੱਡ, ਹਿੱਪ-ਹੌਪ, ਕਰਾਟੇ ਅਤੇ ਸਵੈ-ਰੱਖਿਆ ਸਮੇਤ ਵੱਖ-ਵੱਖ ਵਿਸ਼ਿਆਂ ਤੇ ਪੇਸ਼ਕਾਰੀਆਂ ਦਿੱਤੀਆਂ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਰੰਗਾਰੰਗ ਪੇਸ਼ਕਾਰੀਆਂ ਨੇ ਦਰਸ਼ਕਾਂ ਦੀ ਭਰਪੂਰ ਵਾਹ-ਵਾਹ ਖੱਟੀ। ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਵੀ ਖਿੱਚ ਦਾ ਕੇਂਦਰ ਰਹੀਆਂ। ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੇ ਸਕੂਲ ਦੇ 25 ਸਾਲਾਂ ਦੇ ਸਫ਼ਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਦਾ ਮਕਸਦ ਕੇਵਲ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨਾ, ਉਨ੍ਹਾਂ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਆਤਮ-ਵਿਸ਼ਵਾਸ ਪੈਦਾ ਕਰਨਾ ਵੀ ਹੈ। ਉਨ੍ਹਾਂ ਸਫ਼ਲ ਸਮਾਗਮ ਲਈ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਮੈਨੇਜਿੰਗ ਡਾਇਰੈਕਟਰ ਤਾਨਿਆ ਸੂਦ ਨੇ ਕਿਹਾ ਕਿ ਸਕੂਲ ਦੀ 25 ਸਾਲਾਂ ਦੀ ਯਾਤਰਾ ਪ੍ਰਬੰਧਕਾਂ, ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਅਤੇ ਵਿਸ਼ਵਾਸ ਦਾ ਨਤੀਜਾ ਹੈ। ਡਾ. ਨੀਰਜ ਮੋਹਨ ਪੁਰੀ ਨੇ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਸਥਾ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ ਅਨੁਸ਼ਾਸਨ ਅਤੇ ਜੀਵਨ ਦੀਆਂ ਕਦਰਾਂ-ਕੀਮਤਾਂ ਨਾਲ ਜੋੜਨ ਲਈ ਵਚਨਬੱਧ ਹੈ। ਅੰਤ ’ਚ ਪ੍ਰਬੰਧਕਾਂ ਵੱਲੋਂ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।