200 ਫੁੱਟ ਉੱਚੇ ਬਿਜਲੀ ਦੇ ਖੰਭੇ 'ਤੇ ਚੜ੍ਹੇ 2 ਬਜ਼ੁਰਗ, ਪ੍ਰਸ਼ਾਸਨ ਨੂੰ ਪਈਆਂ ਹੱਥਾਂ-ਪੈਰਾਂ ਦੀਆਂ, ਪੁਲਿਸ ਮੌਕੇ 'ਤੇ ਮੌਜੂਦ
ਡੈਮ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਕਮੇਟੀ ਦੇ ਦੋ ਬਜ਼ੁਰਗ ਮੈਂਬਰ ਲਗਪਗ 200 ਫੁੱਟ ਉੱਚੇ ਹਾਈ ਵੋਲਟੇਜ ਬਿਜਲੀ ਦੇ ਖੰਭੇ 'ਤੇ ਚੜ੍ਹ ਗਏ।
Publish Date: Tue, 25 Aug 2026 04:08 PM (IST)
Updated Date: Tue, 25 Aug 2026 04:12 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਸੁਜਾਨਪੁਰ/ਪਠਾਨਕੋਟ : ਡੈਮ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਕਮੇਟੀ ਦੇ ਦੋ ਬਜ਼ੁਰਗ ਮੈਂਬਰ ਲਗਪਗ 200 ਫੁੱਟ ਉੱਚੇ ਹਾਈ ਵੋਲਟੇਜ ਬਿਜਲੀ ਦੇ ਖੰਭੇ 'ਤੇ ਚੜ੍ਹ ਗਏ। ਇਹ ਘਟਨਾ ਮਾਧੋਪੁਰ-ਸ਼ਾਹਪੁਰਕੰਡੀ ਸੜਕ 'ਤੇ ਪਿੰਡ ਸਾਧੋੜੀ ਵਿਖੇ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਰਿਹਾਇਸ਼ ਨੇੜੇ ਵਾਪਰੀ।
ਖੰਭੇ 'ਤੇ ਚੜ੍ਹਨ ਵਾਲਿਆਂ ਦੀ ਪਛਾਣ ਕੁਲਵਿੰਦਰ ਸਿੰਘ (81) ਅਤੇ ਸ਼ਰਮ ਸਿੰਘ (85) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਦੋਵਾਂ ਨੂੰ ਹੇਠਾਂ ਆਉਣ ਲਈ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੇ।
ਕਮੇਟੀ ਦੇ ਆਗੂਆਂ ਅਨੁਸਾਰ ਬੈਰਾਜ ਬੰਨ੍ਹ ਕਾਰਨ ਪ੍ਰਭਾਵਿਤ ਪਰਿਵਾਰ ਪਿਛਲੇ ਕਰੀਬ 35 ਸਾਲਾਂ ਤੋਂ ਰੁਜ਼ਗਾਰ ਦੀ ਮੰਗ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦੇ ਵਾਅਦੇ ਦੇ ਬਾਵਜੂਦ ਕਈ ਹੱਕਦਾਰ ਪਰਿਵਾਰਾਂ ਨੂੰ ਅਜੇ ਤੱਕ ਰੁਜ਼ਗਾਰ ਨਹੀਂ ਮਿਲਿਆ। ਕਮੇਟੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ 600 ਤੋਂ ਵੱਧ ਧਰਨੇ ਦੇਣ ਦਾ ਵੀ ਦਾਅਵਾ ਕੀਤਾ ਗਿਆ ਹੈ।
ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਨੇ ਦੱਸਿਆ ਕਿ 31 ਮਈ 2019 ਨੂੰ ਐੱਸਡੀਐੱਮ ਧਾਰ ਦੀ ਰਿਪੋਰਟ ਵਿੱਚ 50 ਵਿਅਕਤੀਆਂ ਵੱਲੋਂ ਗਲਤ ਢੰਗ ਨਾਲ ਰੁਜ਼ਗਾਰ ਹਾਸਲ ਕਰਨ ਦਾ ਜ਼ਿਕਰ ਕੀਤਾ ਗਿਆ ਸੀ ਪਰ ਇਸ ਸਬੰਧੀ ਅਜੇ ਤੱਕ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਅਧਿਕਾਰੀਆਂ ਤੇ ਸਿਆਸੀ ਆਗੂਆਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਕੁਲਵਿੰਦਰ ਸਿੰਘ ਅਤੇ ਸ਼ਰਮ ਸਿੰਘ ਪਹਿਲਾਂ ਵੀ ਟੈਂਕੀਆਂ ਅਤੇ ਟਾਵਰਾਂ 'ਤੇ ਚੜ੍ਹ ਕੇ ਆਪਣੀਆਂ ਮੰਗਾਂ ਵੱਲ ਪ੍ਰਸ਼ਾਸਨ ਦਾ ਧਿਆਨ ਖਿੱਚ ਚੁੱਕੇ ਹਨ। ਸਾਲ 2022 ਵਿੱਚ ਦੋਵੇਂ ਬਜ਼ੁਰਗ ਇਸੇ ਟਾਵਰ 'ਤੇ 18 ਦਿਨ ਤੱਕ ਰਹੇ ਸਨ। ਉਸ ਸਮੇਂ ਅਧਿਕਾਰੀਆਂ ਅਤੇ ਆਗੂਆਂ ਵੱਲੋਂ ਦਿੱਤੇ ਭਰੋਸੇ ਮਗਰੋਂ ਉਹ ਹੇਠਾਂ ਉਤਰੇ ਸਨ। ਹੁਣ ਮੁੜ ਵਾਪਰੀ ਘਟਨਾ ਨੇ ਪ੍ਰਸ਼ਾਸਨ ਸਾਹਮਣੇ ਇਸ ਲੰਮੇ ਸਮੇਂ ਤੋਂ ਚੱਲ ਰਹੇ ਮਸਲੇ ਦੇ ਹੱਲ ਦੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।