ਐੱਸਆਈਆਰ ਮੁਹਿੰਮ 'ਚ ਪਿੰਡ ਕਾਹਲੋਂ ਰਿਹਾ ਜ਼ਿਲ੍ਹੇ 'ਚੋਂ ਅੱਵਲ : ਐੱਸਡੀਐੱਮ ਐਸਆਈਆਰ ਮੁਹਿੰਮ 'ਚ ਪਿੰਡ ਕਾਹਲੋਂ ਬਣਿਆ ਜ਼ਿਲ੍ਹੇ ਭਰ 'ਚੋਂ ਅੱਵਲ-ਐੱਸਡੀਐਮ
Publish Date: Thu, 09 Jul 2026 05:16 PM (IST)
Updated Date: Thu, 09 Jul 2026 05:18 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸਆਰਆਈ) ਮੁਹਿੰਮ ਦੌਰਾਨ ਪਿੰਡ ਕਾਹਲੋਂ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਪਿੰਡ ਵਾਸੀਆਂ ਦੇ ਭਰਪੂਰ ਸਹਿਯੋਗ, ਪ੍ਰਸ਼ਾਸਨ ਨਾਲ ਬਿਹਤਰ ਤਾਲਮੇਲ ਤੇ ਚੋਣ ਅਮਲੇ ਦੀ ਦਿਨ-ਰਾਤ ਦੀ ਮਿਹਨਤ ਨੇ ਇਸ ਉਪਲਬਧੀ ਨੂੰ ਸੰਭਵ ਬਣਾਇਆ, ਜਿਸ ਦੀ ਹਰ ਪਾਸੇ ਸਰਾਹਨਾ ਹੋ ਰਹੀ ਹੈ। ਇਸ ਸ਼ਾਨਦਾਰ ਸਫ਼ਲਤਾ ਤੇ ਐੱਸਡੀਐੱਮ ਨਵਾਂਸ਼ਹਿਰ ਅਨਮਜਯੋਤ ਕੌਰ ਨੇ ਪਿੰਡ ਕਾਹਲੋਂ ਦੇ ਸਮੂਹ ਨਾਗਰਿਕਾਂ, ਪੰਚਾਇਤ ਮੈਂਬਰਾਂ ਤੇ ਚੋਣ ਡਿਊਟੀ ਨਿਭਾ ਰਹੇ ਅਧਿਕਾਰੀਆਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪੂਰੀ ਜ਼ਿੰਮੇਵਾਰੀ, ਅਨੁਸ਼ਾਸਨ ਤੇ ਸ਼ਾਂਤੀ ਪੂਰਵਕ ਢੰਗ ਨਾਲ ਐੱਸਆਰਆਈ ਮੁਹਿੰਮ ਵਿਚ ਸਹਿਯੋਗ ਦੇ ਕੇ ਇਕ ਮਿਸਾਲ ਕਾਇਮ ਕੀਤੀ ਹੈ, ਜਿਸ ਕਾਰਨ ਪਿੰਡ ਨੇ ਪੂਰੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਬੂਥ ਨੰਬਰ 183 ਦੇ ਬੀਐੱਲਓ ਨਰੇਸ਼ ਕੁਮਾਰ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ, ਮਿਹਨਤ ਤੇ ਇਮਾਨਦਾਰੀ ਲਈ ਪ੍ਰਸ਼ੰਸਾ ਪੱਤਰ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਐੱਸਡੀਐਮ ਨੇ ਕਿਹਾ ਕਿ ਬੀਐੱਲਓ ਨਰੇਸ਼ ਕੁਮਾਰ ਨੇ ਆਪਣੀ ਡਿਊਟੀ ਨੂੰ ਪੂਰੀ ਲਗਨ ਨਾਲ ਨਿਭਾਇਆ ਤੇ ਵੋਟਰ ਸੂਚੀ ਸਬੰਧੀ ਸਾਰੇ ਕੰਮ ਸਮੇਂ ਸਿਰ, ਪਾਰਦਰਸ਼ੀ ਤੇ ਬਿਨਾਂ ਕਿਸੇ ਵਿਵਾਦ ਦੇ ਮੁਕੰਮਲ ਕਰਕੇ ਹੋਰਾਂ ਲਈ ਵੀ ਪ੍ਰੇਰਣਾ ਬਣੇ ਹਨ। ਪਿੰਡ ਕਾਹਲੋਂ ਦੇ ਲੋਕਾਂ ਨੇ ਇਸ ਉਪਲਬਧੀ ਨੂੰ ਸਮੂਹ ਪਿੰਡ ਦਾ ਸਨਮਾਨ ਦੱਸਦਿਆਂ ਕਿਹਾ ਕਿ ਇਹ ਸਫ਼ਲਤਾ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਪਿੰਡ ਦੀ ਏਕਤਾ, ਜਾਗਰੂਕਤਾ ਤੇ ਸਾਂਝੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਚਲਾਈਆਂ ਜਾਣ ਵਾਲੀਆਂ ਲੋਕ ਹਿੱਤ ਦੀਆਂ ਮੁਹਿੰਮਾਂ ਵਿਚ ਇਸੇ ਜਜ਼ਬੇ ਨਾਲ ਸਹਿਯੋਗ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਐੱਸਆਰਆਈ ਮੁਹਿੰਮ ਦਾ ਮੁੱਖ ਉਦੇਸ਼ ਵੋਟਰ ਸੂਚੀਆਂ ਨੂੰ ਹੋਰ ਵਧੇਰੇ ਸਹੀ, ਪਾਰਦਰਸ਼ੀ ਤੇ ਅਪਡੇਟ ਬਣਾਉਣਾ ਹੈ। ਪਿੰਡ ਕਾਹਲੋਂ ਵੱਲੋਂ ਇਸ ਮੁਹਿੰਮ ਨੂੰ ਸ਼ਾਂਤੀ ਪੂਰਵਕ, ਸੁਚਾਰੂ ਤੇ ਸਮੇਂ ਸਿਰ ਮੁਕੰਮਲ ਕਰਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕਰਨਾ ਪੂਰੇ ਖੇਤਰ ਲਈ ਮਾਣ ਵਾਲੀ ਗੱਲ ਬਣ ਗਿਆ ਹੈ ਤੇ ਇਸ ਉਪਲਬਧੀ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।