ਪੁਲਿਸ ਦੀ ਧੱਕੇਸ਼ਾਹੀ ਤੋਂ ਤੰਗ ਕਾਰਤਿਕ ਨੇ ਨਿਗਲਿਆ ਜ਼ਹਿਰ, ਮੌਤ
ਪੁਲਿਸ ਦੀ ਧੱਕੇਸ਼ਾਹੀ ਤੋੰ ਤੰਗ ਕਾਰਤਿਕ ਨੇ ਨਿਗਲਿਆ ਜਹਿਰ, ਮੌਤ
Publish Date: Tue, 09 Jun 2026 07:58 PM (IST)
Updated Date: Wed, 10 Jun 2026 04:09 AM (IST)

- ਨਾਬਾਲਿਗਾ ਦੇ ਲਾਪਤਾ ਮਾਮਲੇ ’ਚ ਪੁਲਿਸ ਨੇ ਕੀਤੀ ਸੀ ਪੁੱਛਗਿੱਛ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਰਾਹੋਂ ਦੇ ਇਕ ਮੁਹੱਲੇ ਦੇ ਵਸਨੀਕ ਕਾਰਤਿਕ ਪੁੱਤਰ ਜਗਤਾਰ ਚੰਦ ਵੱਲੋਂ ਸ਼ੱਕੀ ਹਾਲਾਤ ’ਚ ਜਹਿਰੀਲਾ ਪਦਾਰਥ ਨਿਗਲ ਕੇ ਆਤਮਹਤਿਆ ਕਰਨ ਦੇ ਮਾਮਲੇ ’ਚ ਰੋਸ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ’ਤੇ ਧੱਕੇਸ਼ਾਹੀ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਨਵਾਂਸ਼ਹਿਰ ਦੇ ਇਕ ਮੁਹੱਲੇ ਦੀ ਨਾਬਾਲਿਗ ਲੜਕੀ ਦੇ ਲਾਪਤਾ ਮਾਮਲੇ ’ਚ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਰੋਜ਼ਾਨਾ ਕਾਰਤਿਕ ਨੂੰ ਪੁੱਛਗਿੱਛ ਲਈ ਸੱਦ ਰਹੀ ਸੀ। ਜਿਥੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਾਰਤਿਕ ਨੂੰ ਪੁੱਛਗਿਛ ਲਈ ਸਵੇਰੇ 9 ਵਜੇ ਸੱਦ ਕੇ ਰਾਤ 10 ਵਜੇ ਤੱਕ ਭੁੱਖਣ ਭਾਣੇ ਰੱਖ ਕੇ ਉਸ ਨੂੰ ਪੁਲਿਸ ਥਾਣਾ ਸਿਟੀ ’ਚ ਬਿਠਾ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਹੀ ਨਹੀਂ ਲਾਪਤਾ ਲੜਕੀ ਦੇ ਮਾਮਲੇ ’ਚ ਨੌਜਵਾਨ ਦੇ ਸਿਰ ਪਰਚਾ ਪਾਉਣ ਤੇ ਉਸ ਨੂੰ ਫਾਂਸੀ ਦੀ ਸਜ਼ਾ ਹੋਣ ਦਾ ਕਥਿਤ ਤੌਰ ’ਤੇ ਡਰਾਵਾ ਵੀ ਦਿੱਤਾ ਜਾ ਰਿਹਾ ਸੀ, ਜਿਸ ਕਾਰਨ ਮਾਨਸਿਕ ਪਰੇਸ਼ਾਨੀ ਸਦਕਾ ਨੌਜਵਾਨ ਨੇ ਇਹ ਕਦਮ ਚੁਕਿਆ ਹੈ। ਕਾਰਤਿਕ ਦੇ ਪਰਿਵਾਰਕ ਮੈਂਬਰਾਂ ਚਾਚਾ ਰਾਜਿੰਦਰ ਕੁਮਾਰ ਸਮੇਤ ਹੋਰਨਾਂ ਨੇ ਦੱਸਿਆ ਕਿ ਪੁਲਿਸ ਨੂੰ ਲਾਪਤਾ ਨਾਬਾਲਿਗਾ ਨੂੰ ਕਥਿਤ ਤੌਰ ’ਤੇ ਕਤਲ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਕੇ ਸਜ਼ਾ ਦਿਵਾਉਣੀ ਚਾਹੀਦੀ ਹੈ, ਜਦਕਿ ਪੁਲਿਸ ਵੱਲੋਂ ਬੇ-ਕਸੂਰ ਨੂੰ ਤੰਗ ਪਰੇਸ਼ਾਨ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਹਮਦਰਦੀ ਦਿਖਾਉਣ ਦੀ ਥਾਂ ਤੰਗ ਪਰੇਸ਼ਾਨ ਕਰਨਾ ਠੀਕ ਨਹੀਂ ਹੈ। ਪੁਲਿਸ ਦੇ ਆਲਾ ਅਫ਼ਸਰਾਂ ਨੂੰ ਵੀ ਇਸ ਮਾਮਲੇ ਚ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਕਾਰਤਿਕ ਨੂੰ ਤੰਗ ਪਰੇਸ਼ਾਨ ਨਾ ਕਰਦੀ ਤਾਂ ਅੱਜ ਕਾਰਤਿਕ ਨਾਲ ਇਹ ਭਾਣਾ ਨਹੀਂ ਸੀ ਵਾਪਰਨਾ। ਉਨ੍ਹਾਂ ਕਿਹਾ ਕਿ ਕਾਰਤਿਕ ਦੇ ਨਾਲ-ਨਾਲ ਥਾਣੇ ਆਉਣ ਵਾਲੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਪੁਲਿਸ ਮਾੜਾ ਵਿਵਹਾਰ ਕਰਦੀ ਸੀ। ਜਿਸ ਕਾਰਨ ਨਮੋਸ਼ੀ ਦੇ ਆਲਮ ’ਚ ਕਾਰਤਿਕ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਇਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕਾਰਤਿਕ ਦੀ ਮਾਤਾ ਨੂੰ ਵੀ ਮੰਦਾ ਚੰਗਾ ਬੋਲਦੇ ਸਨ, ਜਿਸ ਕਾਰਨ ਉਹ 10 ਵਾਰ ਹਸਪਤਾਲ ’ਚ ਚੱਕਰ ਖਾ ਕੇ ਡਿੱਗ ਚੁੱਕੀ ਸੀ। ਉੁਨ੍ਹਾਂ ਕਿਹਾ ਕਿ ਜਦੋਂ ਪੁਲਿਸ ਨੇ ਕਾਤਲ ਨੂੰ ਫੜ ਲਿਆ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਦੇਣ ਦੇ ਉਪਰਾਲੇ ਕਰੇ। ਉਨ੍ਹਾਂ ਕਿਹਾ ਕਿ ਪੁਲਿਸ ਵਾਲੇ ਕਾਰਤਿਕ ਨੂੰ ਛੁਡਾਉਣ ਆਏ ਪਰਿਵਾਰਕ ਮੈਂਬਰਾਂ ਤੋਂ ਗਾਰੰਟੀਆਂ ਮੰਗਦੇ ਸਨ। ਉਨ੍ਹਾਂ ਕਿਹਾ ਕਿ ਕਾਰਤਿਕ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ। ਮਰਨ ਵਾਲੀ ਲੜਕੀ ਦਾ ਦੋਸਤ ਸੀ ਕਾਰਤਿਕ : ਡੀਐੱਸਪੀ ਨਵਾਂਸ਼ਹਿਰ ਦੇ ਡੀਐੱਸਪੀ ਪੰਕਜ ਸ਼ਰਮਾ ਦਾ ਕਹਿਣਾ ਹੈ ਕਿ ਮਰਨ ਵਾਲੀ ਲੜਕੀ ਦਾ ਕਾਰਤਿਕ ਦੋਸਤ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੌਜਵਾਨ ਦੀ ਮੌਤ ਹੋ ਗਈ ਹੈ। ਉਸ ਨੇ ਕੁੱਝ ਜਹਿਰੀਲਾ ਪਦਾਰਥ ਖਾ ਲਿਆ ਸੀ। ਜਿਸ ਕਾਰਨ ਉਹ ਮਰ ਗਿਆ। ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾ ਰਹੀ ਹੈ। ਇਸ ਰਿਪੋਰਟ ਤੋਂ ਬਾਅਦ ਕਲੀਅਰ ਹੋ ਜਾਵੇਗਾ ਕਿ ਮਰਨ ਦੇ ਕੀ ਕਾਰਨ ਹੈ ਤੇ ਕਿਉਂ ਮਰਿਆ। ਪਰਿਵਾਰ ਵੱਲੋਂ ਹਾਲੇ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ। ਜਦੋਂ ਸ਼ਿਕਾਇਤ ਆਵੇਗੀ ਤਾਂ ਬਣਦੀ ਜਾਂਚ ਕਰ ਕੇ ਸਾਰੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁੱਝ ਲੋਕ ਅਜਿਹਾ ਕਹਿ ਰਹੇ ਹਨ। ਪਰ ਪੁਲਿਸ ਨੇ ਪਹਿਲਾ ਹੀ ਕਾਫੀ ਮਿਹਨਤ ਕਰ ਕੇ ਇੰਨੀ ਛੇਤੀ ਇਹ ਮਾਮਲਾ ਟਰੇਸ ਕੀਤਾ ਹੈ। ਬਾਕੀ ਜਾਂਚ ਚਲ ਰਹੀ ਹੈ। ਨੌਜਵਾਨ ਨੂੰ ਪਿਛਲੇ ਤਿੰਨ-ਚਾਰ ਦਿਨ ਤੋਂ ਪੁਲਿਸ ਵੱਲੋਂ ਬੁਲਾਉਣ ਬਾਰੇ ਪੁੱਛੇ ਸਵਾਲ ਬਾਰੇ ਡੀਐੱਸਪੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ।