ਬਾਬਾ ਹਾਥੀ ਰਾਮ ਜੀ ਦਾ ਸਾਲਾਨਾ ਮੇਲਾ ਅੱਜ
ਬਾਜੀ ਪਰੰਪਰਾ ਦੇ ਮੋਢੀ ਬਾਬਾ ਹਾਥੀ ਰਾਮ ਜੀ ਦਾ ਸਲਾਨਾ ਮੇਲਾ ਅੱਜ
Publish Date: Thu, 18 Jun 2026 06:57 PM (IST)
Updated Date: Fri, 19 Jun 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ : ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਰਿਸ਼ੀਆਂ, ਮੂਨੀਆਂ ਯੋਧਿਆਂ, ਸੂਰਬੀਰਾਂ ਦੀ ਧਰਤੀ ਹੈ। ਇਸ ਧਰਤੀ ਨੇ ਰੂਹਾਨੀਅਤ ਨਾਲ ਭਰਪੂਰ ਅਨੇਕ ਮਹਾਂਪੁਰਸ਼ ਪੈਦਾ ਕੀਤੇ ਹਨ ਜਿਨ੍ਹਾਂ ਨੇ ਪੰਜਾਬ ਦਾ ਨਾਂ ਭਾਰਤ ਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਚ ਚਮਕਾਇਆ ਹੈ। ਇਸੇ ਲੜੀ ਵਿਚ ਬਾਜੀਗਰ ਭਾਈਚਾਰੇ ਦੇ ਪੂਜਨੀਕ ਬਾਬਾ ਹਾਥੀ ਰਾਮ ਜੀ ਦਾ ਨਾਂ ਵੀ ਆਉਂਦਾ ਹੈ। ਇਸ ਭਾਈਚਾਰੇ ਵਿਚ ਬਾਬਾ ਹਾਥੀ ਰਾਮ ਨੂੰ ਬਾਜੀ ਪ੍ਰੰਪਰਾ ਦੇ ਮੋਢੀ ਮੰਨਿਆ ਜਾਂਦਾ ਹੈ।।ਬਾਬਾ ਹਾਥੀ ਰਾਮ ਜੀ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਿਚ ਜਨਮੇ ਸਨ। ਉਨ੍ਹਾਂ ਦਾ ਅਸਲੀ ਨਾਂ ਬਾਬਾ ਆਸਾ ਰਾਮ ਸੀ। ਆਪ ਜੀ ਦਾ ਪਰਿਵਾਰ ਸਾਲ ਵਿਚ 6 ਮਹੀਨੇ ਗਰਮੀਆਂ ਵਿਚ ਪੰਜਾਬ ਆ ਕੇ ਰਹਿੰਦਾ ਸੀ ਅਤੇ ਪਿੰਡ ਗੁਣਾਚੌਰ ਵਿਖੇ ਆਪ ਜੀ ਦਾ ਡੇਰਾ ਲੱਗਦਾ ਸੀ, ਜੋ ਰਾਜਾ ਗੋਪੀ ਚੰਦ ਕੋਲ ਹਾਥੀਆਂ ਦਾ ਤਬੇਲਾ ਹੁੰਦਾ ਸੀ। ਬਾਬਾ ਆਸਾ ਰਾਮ ਰਾਜਾ ਗੋਪੀ ਚੰਦ ਦੇ ਤਬੇਲੇ ਚ ਹਾਥੀਆਂ ਨੂੰ ਨੁਹਾਉਣ ਦਾ ਕੰਮ ਕਰਨ ਲੱਗ ਪਏ। ਬਾਬਾ ਆਸਾ ਰਾਮ ਅਥਾਹ ਰੂਹਾਨੀਅਤ ਦੇ ਮਾਲਕ ਸਨ।।ਆਪ ਜੀ ਚ ਤਪੋਬਲ ਇੰਨਾ ਸੀ ਕਿ ਆਪ ਇਕ ਮਸਤ ਹਾਥੀ ਨੂੰ ਚੁੱਕ ਕੇ ਨਹਿਰ ਤੇ ਲਿਜਾਂਦੇ ਤੇ ਉਸ ਨੂੰ ਨੁਹਾ ਕੇ ਵਾਪਸ ਚੁੱਕ ਕੇ ਤਬੇਲੇ ਚ ਲਿਆਉਂਦੇ। ਆਪ ਜੀ ਦੇ ਇਸ ਕੌਤਕ ਦਾ ਜਦੋਂ ਰਾਜੇ ਗੋਪੀ ਚੰਦ ਨੂੰ ਪਤਾ ਲੱਗਾ ਤਾਂ ਰਾਜੇ ਨੂੰ ਯਕੀਨ ਨਾ ਆਇਆ। ਅਖੀਰ ਇੱਕ ਦਿਨ ਰਾਜੇ ਨੇ ਲੁਕ ਕੇ ਇਹ ਕੌਤਕ ਦੇਖਿਆ ਤਾਂ ਬਾਬਾ ਆਸਾ ਰਾਮ ਜੀ ਦੇ ਚਰਨੀ ਪੈ ਗਿਆ ਕਿ ਇੰਨੀ ਮਹਾਨ ਆਤਮਾ ਨੂੰ ਮੈਂ ਪਛਾਣ ਹੀ ਨਹੀਂ ਸਕਿਆ। ਰਾਜਾ ਗੋਪੀ ਚੰਦ ਨੇ 12 ਕਨਾਲ ਜਮੀਨ ਬਾਬਾ ਜੀ ਨੂੰ ਮੰਦਿਰ ਵਾਸਤੇ ਅਲਾਟ ਕੀਤੀ ਤੇ 2100 ਮੋਹਰਾਂ ਬਾਬਾ ਆਸਾ ਰਾਮ ਜੀ ਦੇ ਚਰਨੀ ਭੇਂਟ ਕੀਤੀਆਂ। 12 ਕਨਾਲ ਜਮੀਨ ਤੇ ਬਾਬਾ ਜੀ ਨੇ ਇੱਕ ਛੋਟਾ ਜਿਹਾ ਮੰਦਿਰ ਉਸਾਰਿਆ ਤੇ 2100 ਮੋਹਰਾਂ ਲੈਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਇਹ ਮੇਰੀ ਮਿਹਨਤ ਦੀ ਕਮਾਈ ਨਹੀਂ। ਰਾਜਾ ਗੋਪੀ ਚੰਦ ਰਿਆਸਤ ਗੁਣਾਚੌਰ ਜਿਸ ਦਾ ਕਿ ਪੁਰਾਣਾ ਨਾਂ ਮੰਡਿਆਲਾ ਹੈ, ਵਿਚ ਭਰੇ ਦਰਬਾਰ ਖੁੱਲ੍ਹੇ ਮੈਦਾਨ ਵਿਚ 22 ਹਾਥੀ ਇੱਕ ਲਾਈਨ ਚ ਖੁੱਲੇ ਇੱਕੋ ਛਾਲ ਚ ਟੱਪੇ ਸਨ, ਜਿਸ ’ਤੇ ਰਾਜਾ ਗੋਪੀ ਚੰਦ ਨੇ ਆਪ ਜੀ ਨੂੰ ਬਾਬਾ ਹਾਥੀ ਰਾਮ ਜੀ ਦੀ ਉਪਾਧੀ ਨਾਲ ਸਨਮਾਨਿਆ ਸੀ। ਪਿੰਡ ਗੁਣਾਚੌਰ ਬਾਬਾ ਹਾਥੀ ਰਾਮ ਜੀ ਦੀ ਸਮਾਧ ਤੇ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਵਾਰ ਇਹ ਮੇਲਾ 16 ਜੂਨ ਤੋਂ 19 ਜੂਨ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ 16 ਜੂਨ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਏ ਅਤੇ 18 ਜੂਨ ਦਿਨ ਵੀਰਵਾਰ ਨੂੰ ਭੋਗ ਪਾਏ ਗਏ। ਸ਼ਾਮ ਨੂੰ ਬਾਜ਼ੀ ਮੁਕਾਬਲੇ ਕਰਵਾਏ ਗਏ। 19 ਜੂਨ ਦਿਨ ਸ਼ੁੱਕਰਵਾਰ ਨੂੰ ਮੇਲੇ ਵਿਚ ਰੰਗਾਰੰਗ ਪ੍ਰੋਗਰਾਮ ਦੌਰਾਨ ਕਲਾਕਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਪ੍ਰੋਗਰਾਮ ਦੇ ਪ੍ਰਬੰਧਕਾਂ ਵਿਚ ਡਾ. ਕੁਲਵੰਤ ਰਾਮਾ ਨਗਰ, ਪਰਮਜੀਤ ਸਿੰਘ ਕੁਲਥਮ ਆਦਿ ਮੇਲੇ ਵਿਚ ਸ਼ਮੂਲੀਅਤ ਕਰਨਗੇ।