- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਬੀਆਈ ਦੀ ਸਿਵਲ ਲਾਈਨਜ਼, ਜਲੰਧਰ ਸ਼ਾਖਾ ਵਿੱਚ 736.68 ਕਰੋੜ ਰੁਪਏ ਜਮ੍ਹਾਂ ਅਤੇ 734.79 ਕਰੋੜ ਰੁਪਏ ਕੱਢੇ ਗਏ। ਮਾਡਲ ਟਾਊਨ ਸਥਿਤ ਆਰਬੀਐੱਲ ਬੈਂਕ ਵਿੱਚ 422.91 ਕਰੋੜ ਰੁਪਏ ਕ੍ਰੈਡਿਟ ਅਤੇ 422.48 ਕਰੋੜ ਰੁਪਏ ਡੈਬਿਟ ਹੋਏ। ਯੂਕੋ ਬੈਂਕ, ਗੁੜਮੰਡੀ ਵਿੱਚ 197.12 ਕਰੋੜ ਰੁਪਏ ਜਮ੍ਹਾਂ ਅਤੇ 197.07 ਕਰੋੜ ਰੁਪਏ ਦੀ ਨਿਕਾਸੀ ਦਰਜ ਕੀਤੀ ਗਈ।

ਸ਼ੁਭੇਂਦੂ ਸ਼ੁਕਲਾ, ਪੰਜਾਬੀ ਜਾਗਰਣ, ਨਵਾਂਸ਼ਹਿਰ : ਵਸਤੂ ਤੇ ਸੇਵਾ ਕਰ ਖੁਫੀਆ ਮਹਾਨਿਰਦੇਸ਼ਾਲੇ (ਡੀਜੀਜੀਆਈ) ਦੀ ਅੰਮ੍ਰਿਤਸਰ ਇਕਾਈ ਨੇ 3,742.08 ਕਰੋੜ ਰੁਪਏ ਦੇ ਕਥਿਤ ਵੱਡੇ ਜੀਐੱਸਟੀ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਾਗਜ਼ਾਂ ’ਤੇ ਸੋਨੇ ਦੀ ਖਰੀਦ-ਵੇਚ ਦਿਖਾ ਕੇ ਫਰਜ਼ੀ ਬਿੱਲਾਂ ਰਾਹੀਂ 112.4 ਕਰੋੜ ਰੁਪਏ ਦਾ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਲਿਆ ਗਿਆ। ਮਾਮਲੇ ਦੇ ਤਾਰ ਪੰਜਾਬ, ਚੰਡੀਗੜ੍ਹ ਅਤੇ ਮਹਾਰਾਸ਼ਟਰ ਨਾਲ ਜੁੜੇ ਦੱਸੇ ਜਾ ਰਹੇ ਹਨ। ਜਾਂਚ ਏਜੰਸੀ ਨੇ 25 ਅਗਸਤ ਨੂੰ ਇਸ ਨੈੱਟਵਰਕ ਨਾਲ ਜੁੜੇ 31 ਵਿਅਕਤੀਆਂ ਅਤੇ ਕਾਰੋਬਾਰੀ ਸੰਸਥਾਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।
ਜਾਂਚ ਅਨੁਸਾਰ ਇਹ ਕਥਿਤ ਖੇਡ ਵਿੱਤੀ ਸਾਲ 2020-21 ਤੋਂ 2025-26 ਤੱਕ ਚਲਦੀ ਰਹੀ। ਮੁੱਖ ਕਥਿਤ ਸਰਗਨਾ ਨੇ ਆਪਣੀਆਂ ਫਰਮਾਂ ਰਾਹੀਂ ਅਸਲ ਵਿੱਚ ਸੋਨੇ ਦੀ ਖਰੀਦ-ਵੇਚ ਕੀਤੇ ਬਿਨਾਂ ਸਿਰਫ਼ ਕਾਗਜ਼ਾਂ ’ਤੇ ਫਰਜ਼ੀ ਰਸੀਦਾਂ ਦਾ ਜਾਲ ਵਿਛਾਇਆ। ਬਾਜ਼ਾਰ ਵਿੱਚ ਨਕਦ ਵਿੱਚ ਸੋਨਾ ਵੇਚਣ ਵਾਲੇ ਕੁਝ ਸਰਾਫ਼ਾ ਕਾਰੋਬਾਰੀਆਂ ਨੇ ਕਥਿਤ ਤੌਰ ’ਤੇ ਆਪਣੀ ਨਕਦੀ ਨੂੰ ਬੈਂਕਿੰਗ ਪ੍ਰਣਾਲੀ ਵਿੱਚ ਲਿਆਉਣ ਲਈ ਮੁਖੌਟਾ ਫਰਮਾਂ ਦੇ ਖਾਤਿਆਂ ਦੀ ਵਰਤੋਂ ਕੀਤੀ। ਬਿਚੌਲੀਆਂ ਰਾਹੀਂ ਰਕਮ ਖਾਤਿਆਂ ਵਿੱਚ ਭੇਜੀ ਜਾਂਦੀ ਸੀ ਅਤੇ ਕਮਿਸ਼ਨ ਕੱਟ ਕੇ ਨਕਦੀ ਵਾਪਸ ਕੀਤੀ ਜਾਂਦੀ ਸੀ।
ਜਾਂਚ ਦੇ ਘੇਰੇ ਵਿੱਚ ਅੰਮ੍ਰਿਤਸਰ ਦੇ ਅੱਠ, ਜਲੰਧਰ ਦੇ ਚਾਰ, ਲੁਧਿਆਣਾ ਦੇ ਦੋ ਅਤੇ ਹੁਸ਼ਿਆਰਪੁਰ ਤੇ ਚੰਡੀਗੜ੍ਹ ਦਾ ਇਕ-ਇਕ ਕਾਰੋਬਾਰੀ ਦੱਸਿਆ ਗਿਆ ਹੈ। ਮੁੰਬਈ ਦੀਆਂ ਅੱਠ ਕਾਰੋਬਾਰੀ ਸੰਸਥਾਵਾਂ ਵੀ ਜਾਂਚ ਅਧੀਨ ਹਨ। ਜਾਂਚ ਏਜੰਸੀ ਨੇ ਕਰ ਵਸੂਲੀ ਅਤੇ ਜੁਰਮਾਨੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਕੂਰੀਅਰ ਨੈੱਟਵਰਕ ਦੀ ਦੁਰਵਰਤੋਂ ਦਾ ਦੋਸ਼
ਦਸਤਾਵੇਜ਼ਾਂ ਵਿੱਚ ਦਾਅਵਾ ਕੀਤਾ ਗਿਆ ਕਿ ਸੋਨਾ ਮੁੰਬਈ ਤੋਂ ਨਿੱਜੀ ਕੂਰੀਅਰ ਸੇਵਾ ਰਾਹੀਂ ਮੰਗਵਾਇਆ ਗਿਆ ਸੀ। ਕੂਰੀਅਰ ਕੰਪਨੀਆਂ ਦੇ ਰਿਕਾਰਡ ਦੀ ਜਾਂਚ ਦੌਰਾਨ ਕਥਿਤ ਤੌਰ ’ਤੇ ਸਾਹਮਣੇ ਆਇਆ ਕਿ ਪਾਰਸਲ ਮੁੱਖ ਮੁਲਜ਼ਮ ਤੱਕ ਪਹੁੰਚੇ ਹੀ ਨਹੀਂ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਅਸਲ ਵਿੱਚ ਇਕ ਗ੍ਰਾਮ ਸੋਨਾ ਵੀ ਨਹੀਂ ਵੇਚਿਆ ਗਿਆ, ਜਦਕਿ ਕਾਗਜ਼ਾਂ ’ਤੇ ਵੱਡੇ ਪੱਧਰ ’ਤੇ ਲੈਣ-ਦੇਣ ਦਿਖਾ ਕੇ 112.4 ਕਰੋੜ ਰੁਪਏ ਦਾ ਆਈਟੀਸੀ ਲਿਆ ਗਿਆ।
ਤਿੰਨ ਬੈਂਕ ਖਾਤਿਆਂ ਵਿੱਚ 1,356 ਕਰੋੜ ਦਾ ਲੈਣ-ਦੇਣ
ਜਾਂਚ ਵਿੱਚ ਮੁੱਖ ਕਥਿਤ ਮੁਲਜ਼ਮ ਦੀਆਂ ਫਰਮਾਂ ਦੇ ਤਿੰਨ ਪ੍ਰਮੁੱਖ ਬੈਂਕ ਖਾਤਿਆਂ ਦਾ ਪਤਾ ਲੱਗਾ। ਵਿੱਤੀ ਸਾਲ 2020-21 ਅਤੇ 2021-22 ਦੌਰਾਨ ਇਨ੍ਹਾਂ ਖਾਤਿਆਂ ਵਿੱਚ 1,356.72 ਕਰੋੜ ਰੁਪਏ ਜਮ੍ਹਾਂ ਹੋਏ ਅਤੇ 1,354.35 ਕਰੋੜ ਰੁਪਏ ਦੀ ਨਿਕਾਸੀ ਕੀਤੀ ਗਈ।
ਐੱਸਬੀਆਈ ਦੀ ਸਿਵਲ ਲਾਈਨਜ਼, ਜਲੰਧਰ ਸ਼ਾਖਾ ਵਿੱਚ 736.68 ਕਰੋੜ ਰੁਪਏ ਜਮ੍ਹਾਂ ਅਤੇ 734.79 ਕਰੋੜ ਰੁਪਏ ਕੱਢੇ ਗਏ। ਮਾਡਲ ਟਾਊਨ ਸਥਿਤ ਆਰਬੀਐੱਲ ਬੈਂਕ ਵਿੱਚ 422.91 ਕਰੋੜ ਰੁਪਏ ਕ੍ਰੈਡਿਟ ਅਤੇ 422.48 ਕਰੋੜ ਰੁਪਏ ਡੈਬਿਟ ਹੋਏ। ਯੂਕੋ ਬੈਂਕ, ਗੁੜਮੰਡੀ ਵਿੱਚ 197.12 ਕਰੋੜ ਰੁਪਏ ਜਮ੍ਹਾਂ ਅਤੇ 197.07 ਕਰੋੜ ਰੁਪਏ ਦੀ ਨਿਕਾਸੀ ਦਰਜ ਕੀਤੀ ਗਈ।
ਬੀ-ਟੂ-ਬੀ ਅਤੇ ਬੀ-ਟੂ-ਸੀ ਬਿਲਿੰਗ ਦੀ ਕਥਿਤ ਖੇਡ
ਬੀ-ਟੂ-ਬੀ (ਬਿਜਨਸ ਟੂ ਬਿਜਨਸ: 175.38 ਕਰੋੜ ਰੁਪਏ) ਇੱਕ ਰਜਿਸਟਰਡ ਕਾਰੋਬਾਰੀ ਵੱਲੋਂ ਦੂਜੇ ਰਜਿਸਟਰਡ ਕਾਰੋਬਾਰੀ ਨੂੰ ਮਾਲ ਵੇਚਣਾ ਬੀ-ਟੂ-ਬੀ ਕਿਹਾ ਜਾਂਦਾ ਹੈ। ਜਾਂਚ ਅਨੁਸਾਰ ਸਰਾਫ਼ਾ ਕਾਰੋਬਾਰੀਆਂ ਨੇ ਕਾਗਜ਼ਾਂ ’ਤੇ 175.38 ਕਰੋੜ ਰੁਪਏ ਦਾ ਸੋਨਾ ਵੇਚਿਆ ਦਿਖਾਇਆ।
ਬੀ-ਟੂ-ਸੀ (ਬਿਜਨਸ ਟੂ ਕੰਜਿਊਮਰ : 3,612.54 ਕਰੋੜ ਰੁਪਏ) ਕਥਿਤ ਫਰਜ਼ੀ ਆਈਟੀਸੀ ਨੂੰ ਖਪਾਉਣ ਲਈ ਕੁੱਲ ਵਿਕਰੀ ਦਾ 94 ਤੋਂ 99.9 ਫੀਸਦੀ ਹਿੱਸਾ ਸਿੱਧਾ ਗਾਹਕਾਂ ਨੂੰ ਵਿਕਰੀ ਵਜੋਂ ਦਿਖਾਇਆ ਗਿਆ। ਜਾਂਚ ਏਜੰਸੀ ਅਨੁਸਾਰ ਇਸ ਲਈ ਦਿਹਾੜੀਦਾਰ ਮਜ਼ਦੂਰਾਂ ਦੇ ਪੈਨ ਅਤੇ ਆਧਾਰ ਕਾਰਡਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਗਾਹਕ ਦਰਸਾਇਆ ਗਿਆ।