ਚੋਣ ਪ੍ਰਚਾਰ 'ਚ ਗਾਇਕਾਂ ਲਈ ਲੱਖਾਂ ਰੁਪਏ, ਪਰ ਔਡੀ-ਫਾਰਚੂਨਰ ਦਾ ਕਿਰਾਇਆ ਸਿਰਫ਼ 1800 ! ਵਿਧਾਨ ਸਭਾ ਚੋਣਾਂ ਲਈ ਕਮਿਸ਼ਨ ਨੇ ਜਾਰੀ ਕੀਤੀ ਰੇਟ ਲਿਸਟ
ਮੁੱਖ ਚੋਣ ਅਧਿਕਾਰੀ ਦਫ਼ਤਰ ਪੰਜਾਬ ਨੇ ਚੋਣ ਪ੍ਰਚਾਰ ਵਿਚ ਵਰਤੀਆਂ ਜਾਣ ਵਾਲੀਆਂ 244 ਵਸਤਾਂ ਅਤੇ ਸੇਵਾਵਾਂ ਦੀਆਂ ਦਰਾਂ ਤੈਅ ਕਰ ਦਿੱਤੀਆਂ ਹਨ। ਸੂਚੀ ਵਿਚ ਕਈ ਅਜਿਹੇ ਰੇਟ ਹਨ, ਜੋ ਦਿਲਚਸਪ ਹੋਣ ਦੇ ਨਾਲ-ਨਾਲ ਚਰਚਾ ਦਾ ਵਿਸ਼ਾ ਵੀ ਬਣ ਸਕਦੇ ਹਨ। ਮਿਸਾਲ ਵਜੋਂ, ਪ੍ਰਚਾਰ ਲਈ ਪ੍ਰਸਿੱਧ ਗਾਇਕ ਨੂੰ ਬੁਲਾਉਣ ’ਤੇ ਇਕ ਪ੍ਰੋਗਰਾਮ ਦਾ 2.75 ਲੱਖ ਰੁਪਏ ਖ਼ਰਚ ਉਮੀਦਵਾਰ ਦੇ ਚੋਣ ਖਾਤੇ ਵਿਚ ਜੋੜਿਆ ਜਾਵੇਗਾ, ਜਦੋਂ ਕਿ ਔਡੀ, ਬੀਐੱਮਡਬਲਿਊ, ਮਰਸਡੀਜ਼ ਅਤੇ ਫਾਰਚੂਨਰ ਵਰਗੀਆਂ ਲਗਜ਼ਰੀ ਗੱਡੀਆਂ ਦਾ ਕਿਰਾਇਆ ਸਿਰਫ਼ 1800 ਰੁਪਏ ਪ੍ਰਤੀ ਦਿਨ ਤੈਅ ਕੀਤਾ ਗਿਆ ਹੈ।
Publish Date: Wed, 18 Nov 2026 10:11 AM (IST)
Updated Date: Wed, 18 Nov 2026 10:16 AM (IST)
ਸ਼ੁਭੇਂਦੂ ਸ਼ੁਕਲਾ, ਜਾਗਰਣ ਨਵਾਂਸ਼ਹਿਰ : ਪੰਜਾਬ ਵਿਧਾਨ ਸਭਾ ਚੋਣਾਂ 2027 ਵਿਚ ਉਮੀਦਵਾਰਾਂ ਦੀਆਂ ਰੈਲੀਆਂ ਵਿਚ ਨਾਮੀ ਗਾਇਕਾਂ ਨੂੰ ਬੁਲਾਉਣ ਤੋਂ ਲੈ ਕੇ ਲਗਜ਼ਰੀ ਗੱਡੀਆਂ ਵਿਚ ਪ੍ਰਚਾਰ ਕਰਨ ਅਤੇ ਡ੍ਰੋਨ ਰਾਹੀਂ ਚੋਣ ਗਤੀਵਿਧੀਆਂ ਦੀ ਵੀਡੀਓਗ੍ਰਾਫੀ ਕਰਵਾਉਣ ਤੱਕ, ਹਰ ਚੀਜ਼ ਦਾ ਹਿਸਾਬ ਚੋਣ ਕਮਿਸ਼ਨ ਰੱਖੇਗਾ। ਮੁੱਖ ਚੋਣ ਅਧਿਕਾਰੀ ਦਫ਼ਤਰ ਪੰਜਾਬ ਨੇ ਚੋਣ ਪ੍ਰਚਾਰ ਵਿਚ ਵਰਤੀਆਂ ਜਾਣ ਵਾਲੀਆਂ 244 ਵਸਤਾਂ ਅਤੇ ਸੇਵਾਵਾਂ ਦੀਆਂ ਦਰਾਂ ਤੈਅ ਕਰ ਦਿੱਤੀਆਂ ਹਨ।
ਸੂਚੀ ਵਿਚ ਕਈ ਅਜਿਹੇ ਰੇਟ ਹਨ, ਜੋ ਦਿਲਚਸਪ ਹੋਣ ਦੇ ਨਾਲ-ਨਾਲ ਚਰਚਾ ਦਾ ਵਿਸ਼ਾ ਵੀ ਬਣ ਸਕਦੇ ਹਨ। ਮਿਸਾਲ ਵਜੋਂ, ਪ੍ਰਚਾਰ ਲਈ ਪ੍ਰਸਿੱਧ ਗਾਇਕ ਨੂੰ ਬੁਲਾਉਣ ’ਤੇ ਇਕ ਪ੍ਰੋਗਰਾਮ ਦਾ 2.75 ਲੱਖ ਰੁਪਏ ਖ਼ਰਚ ਉਮੀਦਵਾਰ ਦੇ ਚੋਣ ਖਾਤੇ ਵਿਚ ਜੋੜਿਆ ਜਾਵੇਗਾ, ਜਦੋਂ ਕਿ ਔਡੀ, ਬੀਐੱਮਡਬਲਿਊ, ਮਰਸਡੀਜ਼ ਅਤੇ ਫਾਰਚੂਨਰ ਵਰਗੀਆਂ ਲਗਜ਼ਰੀ ਗੱਡੀਆਂ ਦਾ ਕਿਰਾਇਆ ਸਿਰਫ਼ 1800 ਰੁਪਏ ਪ੍ਰਤੀ ਦਿਨ ਤੈਅ ਕੀਤਾ ਗਿਆ ਹੈ। ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗਠਿਤ ਰਾਜ ਪੱਧਰੀ ਕਮੇਟੀ ਵੱਲੋਂ ਤਿਆਰ ਕੀਤੀ ਇਹ ਸੂਚੀ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ, ਰਿਟਰਨਿੰਗ ਅਧਿਕਾਰੀਆਂ ਅਤੇ ਚੋਣ ਖ਼ਰਚ ਨਿਗਰਾਨੀ ਟੀਮਾਂ ਨੂੰ ਭੇਜ ਦਿੱਤੀ ਗਈ ਹੈ।
ਚੋਣ ਰੈਲੀਆਂ ਵਿਚ ਭੀੜ ਇਕੱਠੀ ਕਰਨ ਲਈ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਵੀ ਕਮਿਸ਼ਨ ਦੀ ਨਿਗਰਾਨੀ ਹੇਠ ਰਹਿਣਗੇ। ਪ੍ਰਸਿੱਧ ਗਾਇਕ ਨੂੰ ਇਕ ਪ੍ਰੋਗਰਾਮ ਲਈ ਬੁਲਾਉਣ ’ਤੇ 2.75 ਲੱਖ ਰੁਪਏ ਅਤੇ ਸਥਾਨਕ ਗਾਇਕ ਲਈ 30 ਹਜ਼ਾਰ ਰੁਪਏ ਖ਼ਰਚ ਤੈਅ ਕੀਤਾ ਗਿਆ ਹੈ। ਇਸੇ ਤਰ੍ਹਾਂ ਸਾਊਂਡ ਸਿਸਟਮ ਦਾ ਕਿਰਾਇਆ ਸਾਜ਼ਾਂ ਸਮੇਤ 14 ਹਜ਼ਾਰ ਰੁਪਏ ਅਤੇ ਸਾਜ਼ਾਂ ਤੋਂ ਬਿਨਾਂ 4500 ਰੁਪਏ ਤੈਅ ਕੀਤਾ ਗਿਆ ਹੈ। ਢਾਡੀ ਜਥੇ ਲਈ 5100 ਰੁਪਏ, ਢੋਲ-ਤਾਸ਼ਿਆਂ ਲਈ 900 ਰੁਪਏ ਪ੍ਰਤੀ ਦਿਨ ਅਤੇ ਬੈਂਡ ਤੇ ਗੱਤਕਾ ਦਲ ਦੇ ਹਰੇਕ ਮੈਂਬਰ ਲਈ 700 ਰੁਪਏ ਪ੍ਰਤੀ ਪ੍ਰੋਗਰਾਮ ਖ਼ਰਚ ਜੋੜਿਆ ਜਾਵੇਗਾ। ਰੈਲੀ ਵਿਚ ਮੰਚ ਸਜਾਉਣ ਦਾ ਖ਼ਰਚ ਵੀ ਤੈਅ ਹੈ। 20x20 ਫੁੱਟ ਦੇ ਮੁੱਖ ਮੰਚ ਦਾ ਕਿਰਾਇਆ 3,300 ਰੁਪਏ ਅਤੇ ਕਲਾਕਾਰਾਂ ਦੇ ਮੰਚ ਦਾ 3,500 ਰੁਪਏ ਤੈਅ ਕੀਤਾ ਗਿਆ ਹੈ।
ਡ੍ਰੋਨ ਕੈਮਰੇ ਦਾ ਕਿਰਾਇਆ 1100 ਰੁਪਏ ਪ੍ਰਤੀ ਘੰਟਾ ਅਤੇ 22x7 ਫੁੱਟ ਦੇ ਐੱਲਈਡੀ ਪ੍ਰਚਾਰ ਵਾਹਨ ਦਾ ਖ਼ਰਚ ਈਂਧਣ ਸਮੇਤ 32 ਰੁਪਏ ਪ੍ਰਤੀ ਕਿਲੋਮੀਟਰ ਤੈਅ ਕੀਤਾ ਗਿਆ ਹੈ। ਅਸਮਾਨੀ ਗੁਬਾਰੇ ਲਈ 23 ਹਜ਼ਾਰ ਰੁਪਏ, ਈ-ਰਿਕਸ਼ਾ ਲਈ 2,750 ਰੁਪਏ ਅਤੇ ਚਾਰ ਸੀਸੀਟੀਵੀ ਕੈਮਰਿਆਂ ਦੇ ਸੈੱਟਅੱਪ ਲਈ 2,200 ਰੁਪਏ ਪ੍ਰਤੀ ਦਿਨ ਦੀ ਦਰ ਤੈਅ ਕੀਤੀ ਗਈ ਹੈ।
ਚੋਣ ਮੀਟਿੰਗਾਂ ਅਤੇ ਦਫ਼ਤਰਾਂ ਲਈ ਵੀ ਵੱਖ-ਵੱਖ ਦਰਾਂ ਤੈਅ ਕੀਤੀਆਂ ਗਈਆਂ ਹਨ। ਪੇਂਡੂ ਵਿਆਹ ਭਵਨ ਦਾ ਇਕ ਦਿਨ ਦਾ ਕਿਰਾਇਆ 26 ਹਜ਼ਾਰ ਰੁਪਏ, ਅਰਧ-ਸ਼ਹਿਰੀ ਖੇਤਰ ਦਾ 49 ਹਜ਼ਾਰ ਰੁਪਏ ਅਤੇ ਸ਼ਹਿਰੀ ਵਿਆਹ ਭਵਨ ਦਾ 65 ਹਜ਼ਾਰ ਰੁਪਏ ਤੈਅ ਕੀਤਾ ਗਿਆ ਹੈ। ਉੱਥੇ ਹੀ ਪੇਂਡੂ ਖੇਤਰ ਵਿਚ ਚੋਣ ਦਫ਼ਤਰ ਦਾ ਮਹੀਨਾਵਾਰ ਕਿਰਾਇਆ 6000 ਰੁਪਏ ਅਤੇ ਸ਼ਹਿਰੀ ਖੇਤਰ ਵਿਚ 12 ਹਜ਼ਾਰ ਰੁਪਏ ਤੈਅ ਕੀਤਾ ਗਿਆ ਹੈ।
ਔਡੀ ਤੋਂ ਡਿਫੈਂਡਰ ਤੱਕ, ਸਾਰਿਆਂ ਦਾ ਕਿਰਾਇਆ ਇੱਕੋ ਜਿਹਾ
ਵਾਹਨਾਂ ਦੀਆਂ ਦਰਾਂ ਵਿਚ ਸਭ ਤੋਂ ਦਿਲਚਸਪ ਲਗਜ਼ਰੀ ਗੱਡੀਆਂ ਦਾ ਕਿਰਾਇਆ ਹੈ। ਸਾਢੇ ਸੱਤ ਹਜ਼ਾਰ ਕਿਲੋਗ੍ਰਾਮ ਤੋਂ ਘੱਟ ਭਾਰ ਵਾਲੇ ਵਾਹਨਾਂ ਨੂੰ ਹਲਕੇ ਵਪਾਰਕ ਵਾਹਨ ਦੀ ਸ਼੍ਰੇਣੀ ਵਿਚ ਰੱਖਦਿਆਂ ਫਾਰਚੂਨਰ, ਥਾਰ, ਔਡੀ, ਬੀਐੱਮਡਬਲਿਊ, ਮਰਸਡੀਜ਼, ਲੈਂਡ ਕਰੂਜ਼ਰ ਅਤੇ ਡਿਫੈਂਡਰ ਵਰਗੀਆਂ ਗੱਡੀਆਂ ਦਾ ਕਿਰਾਇਆ ਬਿਨਾਂ ਈਂਧਨ ਦੇ 1800 ਰੁਪਏ ਪ੍ਰਤੀ ਦਿਨ ਤੈਅ ਕੀਤਾ ਗਿਆ ਹੈ। ਆਮ ਕਾਰ ਦਾ ਕਿਰਾਇਆ ਈਂਧਨ ਸਮੇਤ ਅੱਠ ਘੰਟੇ ਜਾਂ 80 ਕਿਲੋਮੀਟਰ ਤੱਕ 1800 ਰੁਪਏ ਰਹੇਗਾ। ਸਕਾਰਪੀਓ ਅਤੇ ਆਮ ਇਨੋਵਾ ਲਈ 2,600 ਰੁਪਏ, ਇਨੋਵਾ ਕ੍ਰਿਸਟਾ ਲਈ 4,250 ਰੁਪਏ, ਇਨੋਵਾ ਹਾਈਕ੍ਰਾਸ ਲਈ 5,000 ਰੁਪਏ ਅਤੇ ਫੋਰਸ ਅਰਬਾਨੀਆ ਲਈ 7,500 ਰੁਪਏ ਪ੍ਰਤੀ ਦਿਨ ਤੈਅ ਕੀਤੇ ਗਏ ਹਨ। ਚੋਣ ਪ੍ਰਚਾਰ ਵਿਚ ਟਰੈਕਟਰ-ਟਰਾਲੀ ਦੀ ਵਰਤੋਂ ’ਤੇ ਪਾਬੰਦੀ ਰਹੇਗੀ।