ਅਕਾਲੀ ਦਲ ਵਾਰਿਸ ਪੰਜਾਬ ਦੀ ਵਧ ਰਹੀ ਚੜ੍ਹਤ ਤੋਂ ਵਿਰੋਧੀ ਧਿਰਾਂ 'ਚ ਬੇਚੈਨੀ : ਖੋਸਲਾ
ਅਕਾਲੀ ਦਲ ਵਾਰਿਸ ਪੰਜਾਬ ਦੀ ਵਧ ਰਹੀ ਚੜ੍ਹਤ ਤੋਂ ਵਿਰੋਧੀ ਧਿਰਾਂ 'ਚ ਬੇਚੈਨੀ-ਖੋਸਲਾ
Publish Date: Thu, 25 Jun 2026 04:23 PM (IST)
Updated Date: Fri, 26 Jun 2026 04:02 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਨਿੱਡਰ, ਸਿਧਾਂਤਕ ਅਤੇ ਪੰਜਾਬ ਪੱਖੀ ਸੋਚ ਵਾਲੀ ਅਗਵਾਈ ਕਾਰਨ ਅੱਜ ਪੰਜਾਬ ਦੇ ਹਰ ਵਰਗ ਦਾ ਵਿਸ਼ਵਾਸ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜ ਰਿਹਾ ਹੈ ਜਿਸ ਤਹਿਤ ਸਮੁੱਚੀ ਲੀਡਰਸ਼ਿਪ ਵੱਲੋਂ ਚਲਾਈ ਜਾ ਰਹੀ ਪੰਥ ਬਚਾਓ, ਪੰਜਾਬ ਬਚਾਓ ਮੁਹਿਮ ਦਿਨੋਂ-ਦਿਨ ਵੱਧ ਰਹੀ ਚੜਤ ਨੂੰ ਵੇਖ ਵਿਰੋਧੀ ਧਿਰਾਂ ਚ ਬੇਚੈਨੀ ਪਾਈ ਜਾਣ ਲੱਗੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਪੱਤਰਕਾਰ ਨਾਲ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਹੁਣ ਤੱਕ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਆਪਣੇ ਖੁਦ ਦੇ ਘਰਾਂ ਨੂੰ ਹੀ ਭਰਿਆ ਜਿਸ ਦੀ ਬਦੌਲਤ ਅੱਜ ਪੰਜਾਬ ਕਰੋੜਾਂ ਰੁਪਏ ਦੇ ਕਰਜ਼ੇ ਦੀ ਪੰਡ ਦੇ ਬੋਝ ਹੇਠ ਦੱਬ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਬੇਰੋਜ਼ਗਾਰੀ ਨਾਲ ਜੂਝ ਰਹੇ ਹਨ ਅਤੇ ਲੋਕ ਅੱਤ ਦੀ ਮਹਿੰਗਾਈ ਦੀ ਚੱਕੀ ਚ ਪਿੜ ਰਹੇ ਹਨ, ਕੱਚੇ ਮੁਲਾਜ਼ਮ ਪੱਕੇ ਹੋਣ ਲਈ ਸੜਕਾਂ ਉੱਪਰ ਸੰਘਰਸ਼ ਕਰਨ ਲਈ ਮਜਬੂਰ ਹਨ ਜਿਨ੍ਹਾਂ ਨੂੰ ਸੱਤਾ ਧਿਰ ਪਾਰਟੀ ਦੀ ਸ਼ਹਿ ਉਪਰ ਪੁਲਿਸ ਵੱਲੋਂ ਲਾਠੀਆਂ ਦਾ ਮੀਂਹ ਬਰਸਾ ਕੇ ਖਿੰਡਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਰਾਜ ਤੋਂ ਅੱਕ ਅਤੇ ਥੱਕ ਚੁੱਕੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਹੁਣ ਪੰਥ ਦੀ ਚੜ੍ਹਦੀ ਸੱਚੀ ਤੇ ਨਿੱਡਰ ਆਵਾਜ਼ ਉਠਾਉਣ ਵਾਲੀ ਧਿਰ ਨਾਲ ਜੁੜ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਪਾਰਟੀ ਦਾ ਜਨ-ਅਧਾਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ।।ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ, ਪੰਜਾਬੀਅਤ ਅਤੇ ਪੰਥ ਲਈ ਕੀਤੇ ਜਾ ਰਹੇ ਅਤੇ ਪੰਜਾਬ ਦੇ ਮੁੱਦਿਆਂ ਤੇ ਸੰਘਰਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ ਜਿਸ ਸੰਬੰਧੀ ਪਾਰਟੀ ਆਗੂ ਅਤੇ ਹਰ ਇੱਕ ਵਰਕਰ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਬਹੁਤ ਹੀ ਥੋੜੇ ਸਮੇਂ ਵਿਚ ਪੰਜਾਬ ਦੇ ਨੌਜਵਾਨਾਂ ਅੰਦਰ ਨਵੀਂ ਚੇਤਨਾ ਅਤੇ ਪੰਥਕ ਜਾਗਰੂਕਤਾ ਪੈਦਾ ਕੀਤੀ ਹੈ। ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ 2027 ਵਿਚ ਪੰਥਕ ਸਰਕਾਰ ਚਾਹੁੰਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਹ ਪੰਥਕ ਲਹਿਰ ਹੋਰ ਵੀ ਮਜ਼ਬੂਤ ਹੋ ਕੇ ਉਭਰੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੁੜਨ, ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਪੰਜਾਬ ਦੇ ਹੱਕਾਂ ਲਈ ਇਕਜੁੱਟ ਹੋ ਕੇ ਸੰਘਰਸ਼ ਦਾ ਹਿੱਸਾ ਬਣਨ।