ਸਰੀਰਦਾਨ ਮਨੁੱਖੀ ਜੀਵਨ ਦੀ ਆਖਰੀ ਤੇ ਸਭ ਤੋਂ ਵੱਡੀ ਸਮਾਜ ਸੇਵਾ : ਸਿਵਲ ਸਰਜਨ
ਸਰੀਰਦਾਨੀ ਰਾਮ ਪ੍ਰਕਾਸ਼ ਨੂੰ ਜਾਰੀ ਕੀਤਾ ਪਹਿਚਾਣ ਪੱਤਰ
Publish Date: Thu, 25 Jun 2026 04:43 PM (IST)
Updated Date: Fri, 26 Jun 2026 04:04 AM (IST)

ਸਰੀਰਦਾਨੀ ਰਾਮ ਪ੍ਰਕਾਸ਼ ਨੂੰ ਪਹਿਚਾਣ ਪੱਤਰ ਜਾਰੀ ਕੀਤਾ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਮਰਨ ਉਪਰੰਤ ਸ਼ਰੀਰਦਾਨ ਸਬੰਧੀ ਜਾਗਰੂਕਤਾ ਸਮਾਗਮ ਦੌਰਾਨ ਪਿੰਡ ਮੀਰਪੁਰ ਜੱਟਾਂ ਦੇ ਵਸਨੀਕ ਰਾਮ ਪ੍ਰਕਾਸ਼ ਪੁੱਤਰ ਦੀਵਾਨ ਚੰਦ ਵੱਲੋਂ ਮਰਨ ਉਪਰੰਤ ਦੇਹਦਾਨ ਕਰਨ ਦੇ ਮਹਾਨ ਫੈਸਲੇ ਲਈ ਸਨਮਾਨਿਤ ਕਰਦਿਆਂ ਸਰੀਰਦਾਨੀ ਵੱਜੋਂ ਪਹਿਚਾਣ ਪੱਤਰ ਭੇਂਟ ਕੀਤਾ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਸਰੀਰਦਾਨ ਮਨੁੱਖੀ ਜੀਵਨ ਦੀ ਆਖਰੀ ਅਤੇ ਸਭ ਤੋਂ ਵੱਡੀ ਸਮਾਜ ਸੇਵਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਕ ਮ੍ਰਿਤਕ ਦੇਹ ਮੈਡੀਕਲ ਵਿਦਿਆਰਥੀਆਂ ਦੀ ਸਿੱਖਿਆ, ਖੋਜ ਅਤੇ ਭਵਿੱਖ ਦੇ ਇਲਾਜਾਂ ਲਈ ਵਰਤੀ ਜਾਂਦੀ ਹੈ। ਤਾਂ ਉਹ ਅਨੇਕਾਂ ਜਿੰਦਗੀਆਂ ਨੂੰ ਬਿਹਤਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਐੱਮਬੀਬੀਐੱਸ ਅਤੇ ਹੋਰ ਮੈਡੀਕਲ ਕੋਰਸਾਂ ਦੇ ਵਿਦਿਆਰਥੀਆਂ ਲਈ ਮਨੁੱਖੀ ਸਰੀਰ ਦੀ ਬਣਤਰ ਅਤੇ ਅੰਗਾਂ ਦੀ ਕਾਰਗੁਜ਼ਾਰੀ ਨੂੰ ਵਿਹਾਰਕ ਤੌਰ ਤੇ ਸਮਝਣ ਲਈ ਸਰੀਰਦਾਨ ਬੇਹੱਦ ਜ਼ਰੂਰੀ ਹੈ। ਸਰੀਰਦਾਨੀਆਂ ਦਾ ਇਹ ਯੋਗਦਾਨ ਹੀ ਭਵਿੱਖ ਦੇ ਮਾਹਿਰ ਅਤੇ ਕੁਸ਼ਲ ਡਾਕਟਰ ਤਿਆਰ ਕਰਨ ਦੀ ਮਜ਼ਬੂਤ ਨੀਂਹ ਬਣਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਹਾਨ ਮਨੁੱਖਤਾਵਾਦੀ ਅਭਿਆਨ ਨਾਲ ਜੁੜਨ ਅਤੇ ਮੌਤ ਤੋਂ ਬਾਅਦ ਵੀ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਣ ਦਾ ਸੰਕਲਪ ਲੈਣ। ਉਨ੍ਹਾਂ ਕਿਹਾ ਕਿ ਸ਼ਰੀਰਦਾਨ ਲਈ ਸਵੈ-ਇਛੁੱਕ ਵਿਅਕਤੀ ਨਿਰਧਾਰਿਤ ਫਾਰਮ ਭਰ ਕੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਇਹ ਨੇਕ ਕਾਰਜ ਅਪਣਾ ਸਕਦੇ ਹਨ। ਸਿਵਲ ਸਰਜਨ ਨੇ ਦੋਆਬਾ ਸੇਵਾ ਸਮਿੱਤੀ ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ, ਮਾ. ਹੁਸਨ ਲਾਲ, ਸੇਵਾ ਮੁਕਤ ਬੈਂਕ ਮੈਨੇਜਰ ਅਸ਼ੋਕ ਸ਼ਰਮਾ, ਸਰਪੰਚ ਰਣਜੀਤ ਸਿੰਘ, ਦਲਬੀਰ ਸਿੰਘ ਤੇ ਸਮੂਹ ਟੀਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿਚ ਸਰੀਰਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਵਿਚ ਸੰਸਥਾ ਦੀ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਹੈ। ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 149 ਵਿਅਕਤੀਆਂ ਨੂੰ ਸਰੀਰਦਾਨ ਲਈ ਪ੍ਰੇਰਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇਹਦਾਨ ਸੰਬੰਧੀ ਸਾਰੀ ਪ੍ਰਕਿਰਿਆ ਵਿਚ ਸਵੈ-ਇੱਛੁਕ ਵਿਅਕਤੀਆਂ ਦੀ ਸਹਾਇਤਾ ਕਰਦੀ ਹੈ ਅਤੇ ਸਰਕਾਰੀ ਮੈਡੀਕਲ ਕਾਲਜਾਂ ਨਾਲ ਤਾਲਮੇਲ ਬਣਾ ਕੇ ਪਛਾਣ-ਪੱਤਰ ਜਾਰੀ ਕਰਵਾਉਂਦੀ ਹੈ। ਸਰੀਰਦਾਨੀ ਰਾਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰਾਂ ਜੋਗਾ ਸਿੰਘ, ਰਣਜੀਤ ਸਿੰਘ, ਨੂੰਹਾਂ ਸਤਵਿੰਦਰ ਕੌਰ ਤੇ ਸੰਦੀਪ ਕੌਰ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਸਰੀਰ ਮਿੱਟੀ ਵਿਚ ਮਿਲ ਜਾਂਦਾ ਹੈ, ਪਰ ਜੇਕਰ ਇਹੀ ਦੇਹ ਮੈਡੀਕਲ ਸਿੱਖਿਆ ਅਤੇ ਖੋਜ ਰਾਹੀਂ ਭਵਿੱਖ ਵਿਚ ਕਿਸੇ ਦੀ ਜਾਨ ਬਚਾਉਣ ਦਾ ਕਾਰਨ ਬਣੇ। ਤਾਂ ਇਸ ਤੋਂ ਵੱਡਾ ਪੁੰਨ ਅਤੇ ਮਨੁੱਖਤਾ ਦੀ ਸੇਵਾ ਹੋਰ ਕੋਈ ਨਹੀਂ।ਹੈ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਆਦਿ ਹਾਜ਼ਰ ਸਨ।