ਮਿਰਗੀ ਦਾ ਹਰ ਮਰੀਜ਼ ਬਿਹਤਰ ਇਲਾਜ ਦਾ ਹੱਕਦਾਰ ਮਿਰਗੀ ਦਾ ਹਰ ਮਰੀਜ਼ ਸਨਮਾਨ ਤੇ ਬਿਹਤਰ ਇਲਾਜ ਦਾ ਹੱਕਦਾਰ
Publish Date: Thu, 09 Jul 2026 05:21 PM (IST)
Updated Date: Thu, 09 Jul 2026 05:24 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਮਿਰਗੀ ਦੀ ਬਿਮਾਰੀ ਬਾਰੇ ਸਮਾਜ ਵਿਚ ਫੈਲੇ ਭਰਮਾਂ ਤੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਕੇ ਡਾਕਟਰੀ ਇਲਾਜ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਲੁਧਿਆਣਾ ਵੱਲੋਂ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਅੰਦਰ ਸਫਲਤਾ ਪੂਰਵਕ ਚਲਾਏ ਜਾ ਰਹੇ ਸਟਾਪ ਐਪੀਲੈਪਸੀ ਪ੍ਰੋਜੈਕਟ ਤੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਮਿਰਗੀ ਦਾ ਹਰ ਮਰੀਜ਼ ਸਨਮਾਨ ਤੇ ਬਿਹਤਰ ਇਲਾਜ ਦਾ ਹੱਕਦਾਰ ਹੈ। ਇਸ ਲਈ ਮਿਰਗੀ ਦੇ ਮਰੀਜ਼ਾਂ ਦੀ ਭਲਾਈ ਲਈ ਜ਼ਿਲ੍ਹੇ ਵਿਚ ਜਾਗਰੂਕਤਾ, ਸਮੇਂ ਸਿਰ ਪਛਾਣ, ਰੈਫਰਲ, ਮੁਫ਼ਤ ਇਲਾਜ ਤੇ ਨਿਰੰਤਰ ਫਾਲੋ-ਅੱਪ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਹਰ ਯੋਗ ਮਰੀਜ਼ ਨੂੰ ਗੁਣਵੱਤਾ ਭਰੀ ਸਿਹਤ ਸੇਵਾਵਾਂ ਦਾ ਲਾਭ ਮਿਲ ਸਕੇ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਤੇ ਡੀਐੱਮਸੀ ਲੁਧਿਆਣਾ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਪ੍ਰੋਫੈਸਰ ਡਾ. ਗਗਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਪ੍ਰੋਜੈਕਟ ਤਹਿਤ ਮਿਰਗੀ ਦੇ ਮਰੀਜ਼ਾਂ ਦੀ ਸਮੇਂ ਸਿਰ ਪਛਾਣ, ਸਕ੍ਰੀਨਿੰਗ, ਮਾਹਿਰ ਡਾਕਟਰੀ ਸਲਾਹ ਤੇ ਮੁਫ਼ਤ ਇਲਾਜ ਦੀਆਂ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਰਮ ਛੱਡਣ ਤੇ ਡਾਕਟਰੀ ਇਲਾਜ ਅਪਣਾਉਣ। ਉਨ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਮਿਰਗੀ ਦੇ ਮਰੀਜ਼ਾਂ ਦੀ ਪਛਾਣ, ਜਾਗਰੂਕਤਾ, ਰੈਫਰਲ ਤੇ ਇਲਾਜ ਲਈ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਪ੍ਰੋ. ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਮਿਰਗੀ ਦਿਮਾਗ ਨਾਲ ਸਬੰਧਤ ਤੰਤੂ ਪ੍ਰਣਾਲੀ ਦਾ ਇਕ ਵਿਗਾੜ ਹੈ, ਜਿਸ ਦਾ ਪ੍ਰਭਾਵਸ਼ਾਲੀ ਇਲਾਜ ਸੰਭਵ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਸਹੀ ਇਲਾਜ ਨਾਲ ਕਰੀਬ 70 ਫੀਸਦੀ ਮਰੀਜ਼ ਪੂਰੀ ਤਰ੍ਹਾਂ ਆਮ ਜੀਵਨ ਬਤੀਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਰ ਦੀ ਸੱਟ, ਦਿਮਾਗੀ ਇਨਫੈਕਸ਼ਨ, ਦਿਮਾਗੀ ਟਿਊਮਰ, ਦਿਮਾਗੀ ਸੋਜ਼, ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ਦੇ ਵਿਗਾੜ, ਸ਼ਰਾਬ ਤੇ ਕੁਝ ਨਸ਼ੀਲੇ ਪਦਾਰਥਾਂ ਦੀ ਵਰਤੋਂ ਮਿਰਗੀ ਦੇ ਕਾਰਨਾਂ ਵਿਚ ਸ਼ਾਮਲ ਹੋ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ, ਸਟਾਪ ਐਪੀਲੈਪਸੀ ਪ੍ਰੋਜੈਕਟ ਦੇ ਰਿਸਰਚ ਐਸੋਸੀਏਟ ਨਿਸ਼ੂ ਸ਼ਰਮਾ, ਕਲੀਨੀਕਲ ਰਿਸਰਚ ਟ੍ਰੇਨਿੰਗ ਫੈਲੋ ਉਤਪਲ, ਬੱਬਲਜੀਤ ਸਿੰਘ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।