ਨਵਾਂਸ਼ਹਿਰ 'ਚ ਚਿੱਟੀ ਬੇਈਂ ਦੀ ਸਫਾਈ ਦਾ ਕੰਮ ਸ਼ੁਰੂ : ਰੌਬੀ ਕੰਗ ਨਵਾਂਸ਼ਹਿਰ 'ਚ ਚਿੱਟੀ ਬੇਈਂ ਦੀ ਸਫਾਈ ਦਾ ਕੰਮ ਸ਼ੁਰੂ-ਜਸਪ੍ਰੀਤ ਸਿੰਘ ਰੌਬੀ ਕੰਗ
Publish Date: Thu, 09 Jul 2026 06:58 PM (IST)
Updated Date: Thu, 09 Jul 2026 07:00 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਬੀਤੇ ਦਿਨੀਂ ਨਵਾਂਸ਼ਹਿਰ ਚ ਮਾਨਸੂਨ ਦੀ ਪਹਿਲੀ ਬਾਰਿਸ਼ ਤੋਂ ਬਾਅਦ ਜਲਮਗਨ ਹੋਏ ਨਵਾਂਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਵੱਖ-ਵੱਖ ਵਾਰਡਾਂ ’ਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਪਜੀ ਸਥਿਤੀ ਨੂੰ ਦੇਖਦਿਆਂ ਤੇ ਲੋਕਾਂ ਦੀ ਪਰੇਸ਼ਾਨੀ ਦੂਰ ਕਰਨ ਦੀ ਮੰਸ਼ਾ ਨਾਲ ਅੱਜ ਆਪ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਦੀ ਅਗਵਾਈ ਹੇਠ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਅੱਜ ਚਿੱਟੀ ਬੇਈਂ ਡ੍ਰੇਨ ਦੀ ਸਫਾਈ ਦੀ ਕਮਾਨ ਸੰਭਾਲਦੇ ਹੋਏ ਜੇਸੀਬੀ ਮਸ਼ੀਨਾਂ ਨਾਲ ਬੇਈਂ ਚ ਘਾਹ, ਬੂਟੀ ਤੇ ਚਿੱਕੜ ਦੀ ਸਫਾਈ ਸ਼ੁਰੂ ਕਰਵਾਈ ਗਈ। ਰੌਬੀ ਕੰਗ ਨੇ ਦੱਸਿਆ ਕਿ ਪਿਛਲੇ ਸਾਲਾਂ ਚ ਮਾਨਸੂਨ ਦੀ ਬਾਰਿਸ਼ ਤੇ ਪਹਾੜੀ ਇਲਾਕਿਆਂ ਵਿਚ ਜ਼ਿਆਦਾ ਬਾਰਿਸ਼ ਤੋਂ ਬਾਅਦ ਵੱਖ-ਵੱਖ ਪਿੰਡਾਂ ਤੋਂ ਚਿੱਟੀ ਬੇਈਂ ਵਿਚ ਆਉਣ ਵਾਲੇ ਪਾਣੀ ਦਾ ਪੱਧਰ ਉੱਚਾ ਹੋ ਗਿਆ ਸੀ, ਜਿਸ ਕਾਰਨ ਇਸ ਪਾਣੀ ਦੇ ਨਵਾਂਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਜਾਣ ਕਾਰਨ ਲੋਕਾਂ ਦੇ ਘਰਾਂ ਤੇ ਡੇਰਿਆਂ ਵਿਚ ਪਾਣੀ ਵੜਣ ਕਾਰਨ ਪਸ਼ੂਆਂ ਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਕੰਗ ਨੇ ਕਿਹਾ ਕਿ ਲੋਕਾਂ ਨੂੰ ਆਉਣ ਵਾਲੀਆਂ ਦਿੱਕਤਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਵਾਰ ਇਲਾਕੇ ਦੇ ਕੌਂਸਲਰ ਬਲਵਿੰਦਰ ਕੁਮਾਰ, ਜਸਕਰਨ ਸਮੇਤ ਆਪ ਆਗੂ ਲੱਕੀ ਲੱਧੜ, ਲੱਡੂ ਮਹਾਲੋਂ ਅਤੇ ਵਰਕਰ ਵੀ ਹਾਜ਼ਰ ਸਨ। ਰੌਬੀ ਕੰਗ ਨੇ ਕਿਹਾ ਕਿ ਨਵਾਂਸ਼ਹਿਰ ਚ ਡਰੇਨ ਦੀ ਸਫਾਈ ਦੇ ਨਾਲ-ਨਾਲ ਇਲਾਕੇ ਦੇ ਹੋਰਨਾਂ ਕਾਰਜਾਂ ਨੂੰ ਵੀ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਪਰੇਸ਼ਾਨੀਆਂ ਤੋਂ ਨਿਜਾਤ ਮਿਲ ਸਕੇ। ਚਿੱਟੀ ਬੇਈਂ ਦੇ ਓਵਰਫਲੋ ਹੋਣ ਕਾਰਨ ਵਧੀ ਸੀ ਲੋਕਾਂ ਦੀ ਪਰੇਸ਼ਾਨੀ ਜ਼ਿਕਰਯੋਗ ਹੈ ਕਿ 1 ਸਤੰਬਰ 2025 ਨੂੰ ਨਵਾਂਸ਼ਹਿਰ ਚ ਚਿੱਟੀ ਬੇਈਂ ਦੇ ਓਵਰਫਲੋ ਹੋਣ ਕਾਰਨ, ਲੋਕਾਂ ਦੇ ਸਾਹ ਸੁੱਕੇ ਸਨ। ਇਸ ਮੌਕੇ ਲੋਕਾਂ ਵੱਲੋਂ ਚਿੱਟੀ ਬੇਈਂ ਦੀ ਸਫ਼ਾਈ ਦੇ ਨਾਕਾਰਾ ਪ੍ਰਬੰਧਾਂ ਦੀ ਪੋਲ ਖੋਲ੍ਹਣ ਤੇ ਰੋਸ ਜਤਾਉਂਦੇ ਹੋਏ, ਬੰਦ ਪਈ ਚਿੱਟੀ ਬੇਈਂ ਵਿਚ ਉੱਗੀ ਘਾਹ, ਬੂਟੀ ਤੇ ਮਿੱਟੀ ਦੀ ਸਫ਼ਾਈ ਦੀ ਮੰਗ ਕੀਤੀ ਜਾ ਰਹੀ ਸੀ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਬਲਾਚੌਰ ਤੇ ਨਵਾਂਸ਼ਹਿਰ ਚ ਕੁੱਝ ਦਿਨ ਮੋਹਲੇਧਾਰ ਮੀਂਹ ਪੈਂਦਾ ਹੈ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਚੋਂ ਬਾਰਿਸ਼ ਦਾ ਪਾਣੀ ਜ਼ਿਲ੍ਹੇ ’ਚੋਂ ਲੰਘਦੀਆਂ ਬੇਈਆਂ ਚੋਂ ਓਵਰਫਲੋ ਹੋ ਕੋ ਨਵਾਂਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਆ ਵੜਦਾ ਹੈ, ਜਿਸ ਕਾਰਨ ਸ਼ਹਿਰ ਚ ਰਹਿੰਦੇ ਲੋਕਾਂ ਦੇ ਸਾਹ ਸੁੱਕ ਜਾਂਦੇ ਹਨ। ਇਸ ਤੋਂ ਪਰੇਸ਼ੇਨ ਲੋਕਾਂ ਨੇ ਆਪ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਤੇ ਆਪ ਆਗੂਆਂ ਤੋਂ ਨਹਿਰਾਂ, ਬੇਈਆਂ ਦੀ ਸਾਫ਼-ਸਫ਼ਾਈ ਦੇ ਸੁੱਚਜੇ ਪ੍ਰਬੰਧਾਂ ਕਰਵਾਉਣ ਦੀ ਪੁਰਜ਼ੋਰ ਮੰਗ ਕੀਤੀ ਸੀ। ਇਸ ਨੂੰ ਦੇਖਦੇ ਹੋਏ ਇਸ ਵਾਰ ਚਿੱਟੀ ਬੇਈਂ ਦੀ ਸਫ਼ਾਈ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਇਆ ਜਾ ਰਿਹਾ ਹੈ। ਸੋਹਣ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਬਲਕਾਰ ਸਿੰਘ ਨੇ ਦੱਸਿਆ ਸੀ ਕਿ ਮੀਂਹ ਤੇ ਪਹਾੜੀ ਖੱਡਾਂ ਚੋਂ ਆ ਰਹੇ ਪਾਣੀ ਕਾਰਨ ਪਿੰਡ ਸਿੰਬਲੀ, ਬਘੌਰਾਂ, ਗੁੱਜਰਪੁਰ, ਭੀਣ, ਜੱਬੋਵਾਲ, ਪਠਲਾਵਾ, ਚੇਤਾਂ, ਕਟਾਰੀਆਂ, ਮੇਹਲੀਆਣਾ ਸਮੇਤ ਹੋਰਨਾਂ ਪਿੰਡਾਂ ਵਿਚ ਲੋਕਾਂ ਦੀ ਪਰੇਸ਼ਾਨੀ ਵੱਧ ਜਾਂਦੀ ਹੈ। ਇਸੇ ਤਰ੍ਹਾਂ ਚਿੱਟੀ ਬੇਈਂ ਰਾਹੀਂ ਇਹ ਪਾਣੀ ਅਗਲੇ ਪਿੰਡਾਂ ਨੂੰ ਜਾਂਦਾ ਹੈ। ਜ਼ਿਕਰਯੋਗ ਹੈ ਕਿ 1 ਸਤੰਬਰ 2025 ਤੇ ਇਸ ਤੋਂ ਪਹਿਲਾ ਆਏ ਪਾਣੀ ਕਾਰਨ ਜਿਥੇ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਸੀ, ਉਥੇ ਘਰਾਂ ਦੇ ਸਮਾਨ ਦਾ ਵੀ ਕਾਫੀ ਨੁਕਸਾਨ ਹੋਇਆ ਸੀ।