ਬੱਚਿਆਂ ਦੀ ਸੁਰੱਖਿਆ ਲਈ ਹੈ ਪੋਕਸੋ ਐਕਟ : ਅਰੋੜਾ ਜੂਵੇਨਾਇਲ ਜਸਟਿਸ ਐਕਟ ਤੇ ਪੋਕਸੋ ਐਕਟ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Publish Date: Thu, 09 Jul 2026 04:04 PM (IST)
Updated Date: Thu, 09 Jul 2026 04:06 PM (IST)
ਜੂਵੇਨਾਇਲ ਜਸਟਿਸ ਐਕਟ ਤੇ ਪੋਕਸੋ ਐਕਟ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਦੀ ਅਗਵਾਈ ਹੇਠ ਅਪੋਲੋ ਸਟਾਰ ਇੰਟਰ ਨੈਸ਼ਨਲ ਪਬਲਿਕ ਸਕੂਲ ਰਾਹੋਂ ਵਿਖੇ ਬੱਚਿਆਂ ਨੂੰ ਬਾਲ ਅਧਿਕਾਰਾਂ, ਜੇਜੇ ਐਕਟ ਤੇ ਪੋਕਸੋ ਐਕਟ ਸਬੰਧੀ ਜਾਗਰੂਕ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ, ਜਿਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੱਲੋਂ ਜੂਵੇਨਾਇਲ ਜਸਟਿਸ ਐਕਟ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਮਿਸ਼ਨ ਵਾਸਤਲਿਆ ਸਕੀਮ ਅਧੀਨ ਬੱਚਿਆਂ ਦੀ ਸੁਰੱਖਿਆ ਨਾਲ ਸਬੰਧਤ ਦਿੱਤੇ ਗਏ ਪ੍ਰੋਵੀਜ਼ਨਸ ਬਾਰੇ ਜਾਣੂ ਕਰਵਾਇਆ। ਉਨ੍ਹਾਂ ਪੋਕਸੋ ਐਕਟ ਤੇ ਬਾਲ ਅਧਿਕਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੇ ਤੇ ਲੜਕੀਆਂ ਦੇ ਸਰਵਪੱਖੀ ਵਿਕਾਸ ਲਈ ਸੁਰੱਖਿਤ ਮਾਹੌਲ ਹੋਣਾ ਜ਼ਰੂਰੀ ਹੈ, ਜਿਸ ਦੀ ਸਿਰਜਣਾ ਕਰਨ ਲਈ ਸਰਕਾਰ ਵੱਲੋਂ ਬੱਚਿਆਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕਰਨ ਲਈ ਪੋਕਸੋ ਐਕਟ ਲਾਗੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਕਸੋ ਐਕਟ ਤਹਿਤ ਜ਼ੀਰੋ ਤੋਂ 18 ਸਾਲ ਤੱਕ ਦੇ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਵਿਵਸਥਾ ਹੈ। ਗੌਰਵ ਸ਼ਰਮਾ ਸੀਪੀਓਆਈਸੀ ਵੱਲੋਂ ਬੱਚਿਆਂ ਨੂੰ ਗੁੱਡ-ਟੱਚ ਤੇ ਬੈਡ ਟੱਚ ਸੰਬੰਧੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਦੇ ਮਾਮਲੇ ਵਿਚ ਬਿਨਾਂ ਝਿਜਕ ਇਸ ਸਬੰਧੀ ਆਪਣੇ ਮਾਪਿਆਂ ਜਾਂ ਆਪਣੇ ਅਧਿਆਪਕਾਂ ਨੂੰ ਦੱਸ ਸਕਦਾ ਹੈ ਤਾਂ ਜੋ ਅਜਿਹਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਪੋਕਸੋ ਐਕਟ ਤਹਿਤ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਉਚਿਤ ਕਾਰਵਾਈ ਕੀਤੀ ਜਾ ਸਕੇ। ਕੰਚਨ ਅਰੋੜਾ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਨਾਲ ਪੂਰੇ ਦਿਨ ਵਿਚ ਹੋਣ ਵਾਲੀ ਹਰ ਇਕ ਗੱਲ ਬਾਰੇ ਆਪਣੇ ਮਾਤਾ-ਪਿਤਾ ਜਾਂ ਫਿਰ ਆਪਣੇ ਅਧਿਆਪਕਾਂ ਨੂੰ ਦੱਸਣਾ ਚਾਹੀਦਾ ਹੈ ਤਾਂ ਜੋ ਲੋੜ ਅਨੁਸਾਰ ਉਨ੍ਹਾਂ ਨੂੰ ਕਿਸੇ ਵੀ ਮੁਸ਼ਕਲ ਹਾਲਾਤ ਵਿਚ ਫਸਣ ਤੋਂ ਪਹਿਲਾਂ ਬਚਾਇਆ ਜਾ ਸਕੇ। ਉਨ੍ਹਾਂ ਬੱਚਿਆਂ ਨੂੰ ਯੌਨ ਸ਼ੋਸ਼ਣ ਸਬੰਧੀ ਜਾਣੂ ਕਰਵਾਉਣ ਲਈ ਮੂਵੀ ਵੀ ਦਿਖਾਈ। ਗੌਰਵ ਸ਼ਰਮਾ ਬਾਲ ਸੁਰੱਖਿਆ ਅਫਸਰ ਆਈਸੀ ਨੇ ਬੱਚਿਆਂ ਦੇ ਅਧਿਕਾਰਾਂ ਸਬੰਧੀ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜਾਂ ਚਾਈਲਡ ਹੈਲਪ ਲਾਈਨ ਨੰਬਰ 1098 ਤੇ ਦਿੱਤੀ ਜਾਵੇ। ਪ੍ਰੋਗਰਾਮ ਦੌਰਾਨ ਅਪੋਲੋ ਸਟਾਰ ਸਕੂਲ ਦੇ ਮੈਨੇਜਮੈਂਟ ਮੈਂਬਰ ਪ੍ਰਿੰ. ਡਾ. ਗੁਰਮੀਤ ਸਿੰਘ ਹਾਜ਼ਰ ਸਨ। ਉਨਾਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਗੌਰਵ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲੀ ਬੱਚਿਆਂ ਦੇ ਨਾਲ-ਨਾਲ ਸਕੂਲ ਸਟਾਫ ਵੀ ਹਾਜ਼ਰ ਸੀ।