ਆਪ ਕੋਈ ਇਮਾਨਦਾਰ ਚਿਹਰੇ ਲਿਆਏਗੀ ਅੱਗੇ : ਰਿਟਾ. ਬ੍ਰਿ. ਰਾਜ ਕੁਮਾਰ ਆਮ ਆਦਮੀ ਪਾਰਟੀ ਇਮਾਨਦਾਰ ਚਿਹਰੇ ਲਿਆਏਗੀ ਅੱਗੇ-ਰਿਟਾ. ਬ੍ਰਿਗੇਡੀਅਰ ਰਾਜ ਕੁਮਾਰ
Publish Date: Thu, 09 Jul 2026 04:28 PM (IST)
Updated Date: Thu, 09 Jul 2026 04:30 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਭ੍ਰਿਸ਼ਟਾਚਾਰੀ ਲੀਡਰਾਂ ਨੂੰ ਬਦਲ ਕੇ ਇਮਾਨਦਾਰ ਚਿਹਰੇ ਨੂੰ ਅੱਗ ਲਿਆਏਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂ ਰਿਟਾ. ਬ੍ਰਿਗੇਡੀਅਰ ਰਾਜ ਕੁਮਾਰ ਨੇ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਵੱਡੇ ਪੱਧਰ ਤੇ ਟਿਕਟਾਂ ਬਦਲ ਰਹੀ ਹੈ ਕਿਉਂਕਿ ਪਾਰਟੀ ਇਮਾਨਦਾਰੀ ਦੇ ਨਾਂ ਤੇ ਸੱਤਾ ਵਿਚ ਆਈ ਸੀ। ਇਸ ਲਈ ਜਿਹੜੇ ਚੁਣੇ ਹੋਏ ਨੁਮਾਇੰਦੇ ਜ਼ਿਆਦਾ ਖਰਾਬ ਜਾਂ ਬੇਈਮਾਨ ਨਿਕਲੇ, ਉਨ੍ਹਾਂ ਦੀ ਥਾਂ ਨਵੇਂ ਤੇ ਇਮਾਨਦਾਰ ਚਿਹਰਿਆਂ ਨੂੰ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਾ ਹੈ ਤੇ ਪਾਰਟੀ ਗਰਾਊਂਡ ਲੈਵਲ ਤੇ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਪਾਰਟੀ ਦੇ ਹੁਕਮ ਮੁਤਾਬਕ ਉਹ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ। ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਾਰੰਟੀਆਂ ਨੂੰ ਇਕ-ਇਕ ਕਰਕੇ ਪੂਰਾ ਕੀਤੇ ਜਾਣ ਦੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਆਖਿਆ ਕਿ ਅੱਜ ਪੰਜਾਬ ਅੰਦਰ ਜਿਥੇ ਕਰੀਬ 80 ਫੀਸਦੀ ਲੋਕਾਂ ਦੇ ਘਰੇਲੂ ਬਿਜਲੀ ਬਿੱਲ ਮੁਆਫ ਹਨ, ਉੱਥੇ ਹੀ ਸਿਹਤ ਬੀਮਾ, ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ, ਸਰਪੰਚਾਂ ਨੂੰ 10 ਹਜ਼ਾਰ ਰੁਪਏ ਮਹੀਨਾ ਭੱਤਾ, ਔਰਤਾਂ ਨੂੰ ਹਜ਼ਾਰ ਤੇ ਪੰਦਰਾਂ ਸੌ ਰੁਪਏ ਮਾਸਿਕ ਸਹਾਇਤਾ, ਸਰਕਾਰੀ ਦਫਤਰਾਂ ਵਿਚੋਂ ਭ੍ਰਿਸ਼ਟਾਚਾਰ ਦਾ ਖਾਤਮਾ, ਨਸ਼ਿਆਂ ਦਾ ਖਾਤਮਾ ਤੇ ਮੈਰਿਟ ਦੇ ਅਧਾਰ ਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਵਿਧਾਨ ਸਭਾ ਹਲਕਾ ਬਲਾਚੌਰ ਦੀ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਲਿਫਟ ਇਰੀਗੇਸ਼ਨ ਨਾਲ ਕੰਢੀ ਤੇ ਬੰਜਰ ਇਲਾਕਿਆਂ ਵਿਚ ਖੇਤੀ ਲਈ ਪਾਣੀ ਪਹੁੰਚਾਉਣ ਵਾਸਤੇ ਲਿਫਟ ਇਰੀਗੇਸ਼ਨ ਪ੍ਰੋਜੈਕਟਾਂ ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ, ਜਿਸ ਨਾਲ ਕੰਢੀ ਤੇ ਬੰਜਰ ਇਲਾਕਿਆਂ ਦੀਆਂ ਬੇਅਬਾਦ ਜ਼ਮੀਨਾਂ ਫ਼ਸਲਾਂ ਦੀ ਪੈਦਾਵਾਰ ਨਾਲ ਜਲਦ ਹੀ ਹਰੀਆਂ-ਭਰੀਆਂ ਹੋਣਗੀਆਂ। ਉਨ੍ਹਾਂ ਆਖਿਆ ਜੋ ਮਾਈਨਿੰਗ ਮਾਫੀਆ ਇਲਾਕੇ ਦੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਉਸ ਨੂੰ ਰੋਕਣ ਲਈ ਸਖਤ ਕਾਨੂੰਨ ਵੀ ਬਣਾਇਆ ਜਾਵੇਗਾ। ਅਖੀਰ ਵਿਚ ਉਨ੍ਹਾਂ ਕਿਹਾ ਕਿ ਬਲਾਚੌਰ ਨੂੰ ਰੇਲਵੇ ਨੈੱਟਵਰਕ ਨਾਲ ਜੋੜਨ ਤੇ ਨੈਸ਼ਨਲ ਹਾਈਵੇ ਤੇ ਹੁੰਦੇ ਹਾਦਸਿਆਂ ਨੂੰ ਰੋਕਣ ਲਈ ਫਲਾਈ ਓਵਰ ਬਣਾਉਣ ਵਾਸਤੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ।