ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਫੁੱਟਬਾਲ ਮੈਚ ਕਰਵਾਇਆ
ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਲੜੀ ਤਹਿਤ ਪਿੰਡ ਕਾਹਮਾ ਵਿਖੇ ਫੁੱਟਬਾਲ ਮੈਚ ਕਰਵਾਇਆ
Publish Date: Sun, 28 Jun 2026 05:12 PM (IST)
Updated Date: Sun, 28 Jun 2026 05:13 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਨੈਸ਼ਨਲ ਫੁੱਟਬਾਲ ਪਲੇਅਰਜ਼ ਗਿਆਨ ਚੰਦ ਪਾਠਕ ਅਤੇ ਸਰਬਜੀਤ ਮੰਗੂਵਾਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਦੀ ਗਰਾਊਂਡ ਵਿੱਚ ਅੰਡਰ-15 ਉਮਰ ਵਰਗ ਦੀਆਂ ਟੀਮਾਂ ਮੰਗੂਵਾਲ ਫੁੱਟਬਾਲ ਅਕੈਡਮੀ ਅਤੇ ਕਾਹਮਾ ਫੁੱਟਬਾਲ ਅਕੈਡਮੀ ਦੇ ਵਿਚਕਾਰ ਦੋਸਤਾਨਾ ਫੁੱਟਬਾਲ ਮੈਚ ਕਰਵਾਇਆ ਗਿਆ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਟੀਮਾਂ ਦੇ ਖਿਡਾਰੀਆਂ ਨੂੰ ਸਤਨਾਮ ਸਿੰਘ ਕਾਹਮਾ ਮੁੱਖ ਪ੍ਰਬੰਧਕ ਵਿਲੇਜ ਯੂਥ ਕਲੱਬ ਕਾਹਮਾ, ਗੁਰਪ੍ਰੀਤ ਸਿੰਘ ਖਟਕੜ ਮੰਗੂਵਾਲ, ਕਾਹਮਾ ਫੁੱਟਬਾਲ ਅਕੈਡਮੀ ਦੇ ਚੀਫ਼ ਕੋਚ ਗੁਰਨਾਮ ਸਿੰਘ ਕਾਹਮਾ ਅਤੇ ਨੈਸ਼ਨਲ ਫੁੱਟਬਾਲ ਖਿਡਾਰੀ ਗਿਆਨ ਚੰਦ ਪਾਠਕ ਸ਼ੇਖੂਪੁਰ ਬਖਲੌਰ ਨੇ ਦੋਵੇਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਬੱਚਿਆਂ ਦਾ ਮੈਚ ਬਹੁਤ ਹੀ ਰੋਮਾਂਚਕ ਸੀ ਜੋ ਗੋਲ ਰਹਿਤ ਬਰਾਬਰ ਰਿਹਾ। ਜਿਸ ਦਾ ਪਿੰਡ ਵਾਸੀਆਂ ਨੇ ਖ਼ੂਬ ਆਨੰਦ ਮਾਣਿਆ। ਇਸ ਮਗਰੋਂ ਓਵਰ 40 ਸ਼ਹੀਦ ਭਗਤ ਸਿੰਘ ਲੀਜੈਂਡ ਬੰਗਾ ਬਲਾਕ ਫੁੱਟਬਾਲ ਕਲੱਬ ਬਨਾਮ ਅੰਡਰ-17 ਕਾਹਮਾ ਫੁੱਟਬਾਲ ਅਕੈਡਮੀ ਦਰਮਿਆਨ ਮੈਚ ਖੇਡਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਫੁੱਟਬਾਲ ਖਿਡਾਰੀ ਸਰਬਜੀਤ ਮੰਗੂਵਾਲ ਅਤੇ ਡਾ ਤਰਸੇਮ ਲਾਲ ਸਲੋਹ ਜ਼ਿਲ੍ਹਾ ਮਾਸ ਮੀਡੀਆ ਅਫਸਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸਾਡੀ 40 ਸ਼ਹੀਦ ਭਗਤ ਸਿੰਘ ਲੀਜੈਂਡ ਬੰਗਾ ਬਲਾਕ ਫੁੱਟਬਾਲ ਕਲੱਬ ਨੇ ਹਰ ਵੀਕ ਐਂਡ ਤੇ ਐੱਸਬੀਐੱਸ ਨਗਰ ਦੇ ਪਿੰਡਾਂ ਵਿੱਚ ਫੁੱਟਬਾਲ ਦੇ ਮੈਚ ਕਰਵਾ ਕੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦਾ ਯਤਨ ਸ਼ੁਰੂ ਕੀਤਾ ਹੋਇਆ ਹੈ। ਜਿਸ ਨਾਲ ਬੱਚਿਆਂ ਵਿੱਚ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਹੋਵੇ। ਵਿਲੇਜ ਯੂਥ ਕਲੱਬ ਕਾਹਮਾ ਦੇ ਮੁੱਖ ਪ੍ਰਬੰਧਕ ਸਤਨਾਮ ਸਿੰਘ ਕਾਹਮਾ ਨੇ 40 ਦੀ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਇਆਂ ਸ਼ਹੀਦ ਭਗਤ ਸਿੰਘ ਲੀਜੈਂਡ ਬੰਗਾ ਬਲਾਕ ਫੁੱਟਬਾਲ ਕਲੱਬ ਦੇ ਖਿਡਾਰੀਆਂ ਦਾ ਧੰਨਵਾਦ ਕੀਤਾ। ਅੱਜ ਖੇਡੇ ਗਏ ਮੈਚ ਦੇ ਪਹਿਲੇ ਹਾਫ ਵਿੱਚ ਬਲਾਕ ਬੰਗਾ ਦੀ ਟੀਮ ਨੇ 2 ਗੋਲਾਂ ਦੀ ਲੀਡ ਬਣਾਈ ਜੋ ਅੱਧੇ ਸਮੇਂ ਤੱਕ ਬਰਕਰਾਰ ਰਹੀ। ਦੂਜੇ ਅੱਧ ਵਿੱਚ ਦੋਹਾਂ ਟੀਮਾਂ ਦੇ ਖਿਡਾਰੀਆਂ ਨੇ ਖੇਡ ਦੇ ਪ੍ਰਵਾਹ ਨੂੰ ਤੇਜ਼ ਕਰਦੇ ਹੋਏ 1-1 ਗੋਲ ਕੀਤਾ। ਇਸ ਮੈਚ ਵਿੱਚ ਸ਼ਹੀਦ ਭਗਤ ਸਿੰਘ ਲੀਜੈਂਡ ਬੰਗਾ ਬਲਾਕ ਦੀ ਟੀਮ 3-1 ਦੇ ਗੋਲਾਂ ਨਾਲ ਜੇਤੂ ਰਹੀ। ਮੈਚ ਦੌਰਾਨ 40 ਟੀਮ ਦੇ ਖਿਡਾਰੀਆਂ ਅਵਤਾਰ ਸਿੰਘ ਫੌਜੀ ਦੌਲਤ ਪੁਰ, ਲਾਡੀ ਮਾਹਿਲ ਗਹਿਲਾ, ਜਸਵੀਰ ਸਿੱਧੂ ਨੌਰਾ, ਸ਼ੰਕਰ ਕਾਹਮਾ, ਸਰਬਜੀਤ ਮੰਗੂਵਾਲ, ਗਿਆਨ ਚੰਦ ਪਾਠਕ ਨੇ ਖੇਡ ਕਲਾ ਦਾ ਵਧੀਆ ਪ੍ਰਦਰਸ਼ਨ ਕੀਤਾ। ਅੰਡਰ-17 ਵਰਗ ਵਿੱਚ ਕਾਹਮਾ ਫੁੱਟਬਾਲ ਅਕੈਡਮੀ ਦੇ ਖਿਡਾਰੀਆਂ ਨੇਕੀ, ਅਰਮਾਨ, ਕੀਨੀ ਅਤੇ ਵਿਵੇਕ ਅਤੇ ਮੰਗੂਵਾਲ ਫੁੱਟਬਾਲ ਅਕੈਡਮੀ ਦੇ ਖਿਡਾਰੀ ਯਤਨ, ਸਾਹਿਲ, ਗੁਰਤਾਜ ਗੁਰੂ, ਗੁਰਸ਼ਾਨ, ਦਿਲਪ੍ਰੀਤ ਤੇ ਭੱਟੀ ਨੇ ਵੀ ਪੂਰਾ ਟੀਮ ਵਰਕ ਦਿਖਾਇਆ। ਇਸ ਮੌਕੇ ਕਾਹਮਾ ਫੁੱਟਬਾਲ ਅਕੈਡਮੀ ਦੇ ਕੋਚ ਮੰਨਾ, ਮਨਜੀਤ ਸਿੰਘ, ਕਸ਼ਮੀਰ ਸਿੰਘ, ਜਸਵਿੰਦਰ ਸਿੰਘ ਜਰਨੈਲ ਸਿੰਘ, ਪਰਮਜੀਤ ਪੰਮਾ, ਭੁਪਿੰਦਰ ਭਿੰਦਾ, ਬਿੱਕਰ ਸਿੰਘ ਸਮੇਤ ਭੂਰਾ ਵੀ ਮੌਜੂਦ ਸਨ।