ਨੌਜਵਾਨ ਨੇ ਨਹਿਰ ’ਚ ਮਾਰੀ ਛਾਲ, ਪਾਣੀ ਦੇ ਤੇਜ਼ ਵਹਾਅ ’ਚ ਲਾਪਤਾ, ਭਾਲ ਜਾਰੀ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ, ਪਾਣੀ ਦੇ ਤੇਜ਼ ਵਹਾਅ ’ਚ ਲਾਪਤਾ, ਭਾਲ ਜਾਰੀ
Publish Date: Thu, 02 Jul 2026 05:11 PM (IST)
Updated Date: Thu, 02 Jul 2026 05:14 PM (IST)
- ਡੇਢ ਸਾਲ ਪਹਿਲਾਂ ਵੱਡੇ ਭਰਾ ਨੇ ਵੀ ਨਹਿਰ ’ਚ ਛਾਲ ਮਾਰ ਕੇ ਦਿੱਤੀ ਸੀ ਜਾਨ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ-ਮਲੋਟ ਰੋਡ ’ਤੇ ਪੈਂਦੇ ਪਿੰਡ ਰੁਪਾਣਾ ਕੋਲੋਂ ਲੰਘਦੀ ਨਹਿਰ ’ਚ ਇੱਕ 23 ਸਾਲਾ ਨੌਜਵਾਨ ਵੱਲੋਂ ਛਾਲ ਮਾਰ ਦੇਣ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ ਹੈ। ਛਾਲ ਮਾਰਨ ਤੋਂ ਬਾਅਦ ਨੌਜਵਾਨ ਨਹਿਰ ਦੇ ਤੇਜ਼ ਵਹਾਅ ’ਚ ਬਹਿ ਗਿਆ ਅਤੇ ਲਾਪਤਾ ਹੋ ਗਿਆ। ਸਵੇਰ ਤੋਂ ਹੀ ਪਿੰਡ ਅਤੇ ਆਲੇ-ਦੁਆਲੇ ਦੇ ਲੋਕ ਨਹਿਰ ’ਚ ਉਸ ਦੀ ਭਾਲ ਕਰ ਰਹੇ ਹਨ, ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਨੌਜਵਾਨ ਦੀ ਪਛਾਣ ਪਵਨ ਪੁੱਤਰ ਜੈ ਸਿੰਘ ਵਾਸੀ ਪਿੰਡ ਦੂਹੇਵਾਲਾ ਤਹਿਸੀਲ ਗਿੱਦੜਬਾਹਾ ਵਜੋਂ ਹੋਈ ਹੈ। ਪਰਿਵਾਰ ਮੁਤਾਬਿਕ ਪਵਨ ਅਜੇ ਕੁਆਰਾ ਸੀ ਅਤੇ ਮਜ਼ਦੂਰੀ ਦਾ ਕੰਮ ਕਰਦਾ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਜੈ ਸਿੰਘ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ ਅੱਠ ਵਜੇ ਪਵਨ ਮੋਟਰਸਾਈਕਲ ਲੈ ਕੇ ਘਰੋਂ ਨਿਕਲਿਆ ਸੀ। ਉਨ੍ਹਾਂ ਨੂੰ ਲੱਗਿਆ ਕਿ ਉਹ ਝੋਨੇ ਦੀ ਲਵਾਈ ਕਰਨ ਜਾ ਰਿਹਾ ਹੈ। ਕੁਝ ਸਮੇਂ ਬਾਅਦ ਹੀ ਨਹਿਰ ’ਚ ਛਾਲ ਮਾਰਨ ਦੀ ਖ਼ਬਰ ਮਿਲੀ ਤਾਂ ਉਹ ਹੈਰਾਨ ਰਹਿ ਗਿਆ। ਸਮਝ ਨਹੀਂ ਆ ਰਿਹਾ ਕਿ ਉਸ ਦਾ ਪੁੱਤ ਅਜਿਹਾ ਕਦਮ ਕਿਵੇਂ ਚੁੱਕ ਸਕਦਾ ਹੈ। ਘਰ ’ਚ ਕਿਸੇ ਕਿਸਮ ਦਾ ਕੋਈ ਝਗੜਾ ਜਾਂ ਲੜਾਈ ਨਹੀਂ ਹੋਈ ਸੀ। ਪ੍ਰਤੱਖਦਰਸ਼ੀਆਂ ਅਨੁਸਾਰ ਪਵਨ ਕਰੀਬ 8:20 ਵਜੇ ਆਪਣਾ ਡੀਲਕਸ ਮੋਟਰਸਾਈਕਲ ਨਹਿਰ ਦੇ ਪੁਲ ’ਤੇ ਖੜ੍ਹਾ ਕਰ ਕੇ ਗਿਆ ਸੀ। ਮੋਟਰਸਾਈਕਲ ’ਤੇ ਮਠਿਆਈ ਦੇ ਡੱਬੇ ਵੀ ਟੰਗੇ ਹੋਏ ਸਨ ਅਤੇ ਮੋਬਾਈਲ ਵੀ ਉਹ ਉੱਥੇ ਹੀ ਛੱਡ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਵਨ ਨੂੰ ਕਬੂਤਰਬਾਜ਼ੀ ਦਾ ਸ਼ੌਕ ਸੀ। ਕੁਝ ਲੋਕਾਂ ਨੇ ਉਸ ਨੂੰ ਬਚਾਉਣ ਲਈ ਨਹਿਰ ’ਚ ਰੱਸੀ ਵੀ ਸੁੱਟੀ ਸੀ, ਪਰ ਪਵਨ ਨੇ ਰੱਸੀ ਨਹੀਂ ਫੜੀ ਅਤੇ ਉਹ ਤੇਜ਼ ਵਹਾਅ ’ਚ ਵਹਿ ਗਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਪਵਨ ਦੇ ਵੱਡੇ ਭਰਾ ਨੇ ਵੀ ਇਸੇ ਤਰ੍ਹਾਂ ਨਹਿਰ ’ਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ। ਪਵਨ ਦਾ ਇੱਕ ਭਰਾ ਮੰਦਬੁੱਧੀ ਹੈ ਅਤੇ ਪਿਤਾ ਜੈ ਸਿੰਘ ਬੱਕਰੀਆਂ ਚਾਰ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਪਰਿਵਾਰ ਲਈ ਪਵਨ ਹੀ ਬੁਢਾਪੇ ਦਾ ਸਹਾਰਾ ਸੀ। ਪੁਲਿਸ ਚੌਕੀ ਰੁਪਾਣਾ ਦੇ ਇੰਚਾਰਜ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਨੌਜਵਾਨ ਦੀ ਭਾਲ ਜਾਰੀ ਹੈ। ਪਰਿਵਾਰ ਵਾਲਿਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਅਸਲ ਕਾਰਨ ਸਪੱਸ਼ਟ ਹੋ ਸਕਣਗੇ।