- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ ਨੰਬਰ 31 ’ਚ ਨਸ਼ੇ ਖ਼ਿਲਾਫ਼ ਵਾਰਡ ਵਾਸੀਆਂ ਦਾ ਪਹਿਰਾ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਨਸ਼ੇ ਦੇ ਖ਼ਿਲਾਫ਼ ਵਾਰਡ ਵਾਸੀਆਂ ਨੇ ਇਕੱਠੇ ਹੋ ਕੇ ਮੋਰਚਾ ਖੋਲ੍ਹ ਦਿੱਤਾ ਹੈ। ਮੁਕਤਸਰ ਦੇ ਵਾਰਡ ਨੰਬਰ 31 ’ਚ ਨਸ਼ਾ ਤਸਕਰਾਂ ਅਤੇ ਨਸ਼ਾ ਖ਼ਰੀਦਣ ਵਾਲੇ ਨੌਜਵਾਨਾਂ ’ਤੇ ਕੌਂਸਲਰ ਬਾਬਾ ਗਗਨਦੀਪ ਸਿੰਘ ਅਤੇ ਸਥਾਨਕ ਲੋਕਾਂ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਹੁਣ ਵਾਰਡ ਦੇ ਵੱਖ-ਵੱਖ ਮੁਹੱਲਿਆਂ ’ਚ ਸਵੇਰ ਅਤੇ ਸ਼ਾਮ ਵੇਲੇ ਠੀਕਰੀ ਪਹਿਰਾ ਲਗਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਨਸ਼ਾ ਵੇਚਣ ਜਾਂ ਖ਼ਰੀਦਣ ਵਾਲਾ ਮੁਹੱਲੇ ’ਚ ਦਾਖ਼ਲ ਨਾ ਹੋ ਸਕੇ। ਕੌਂਸਲਰ ਬਾਬਾ ਗਗਨਦੀਪ ਸਿੰਘ ਨੇ ਦੱਸਿਆ ਕਿ ਚੋਣਾਂ ਦੌਰਾਨ ਉਨ੍ਹਾਂ ਨੇ ਵਾਰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੇ ਵਾਰਡ ’ਚ ਨਸ਼ਾ ਨਹੀਂ ਵਿਕਣ ਦੇਣਗੇ। ਹੁਣ ਜਦੋਂ ਜਨਤਾ ਨੇ ਉਨ੍ਹਾਂ ’ਤੇ ਭਰੋਸਾ ਜਤਾ ਕੇ ਜਿਤਾਇਆ ਹੈ, ਤਾਂ ਉਹ ਉਸ ਵਾਅਦੇ ਨੂੰ ਪੂਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਸਵੇਰੇ 7 ਤੋਂ 10 ਵਜੇ ਤੱਕ ਅਤੇ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਠੀਕਰੀ ਪਹਿਰਾ ਲਗਾਇਆ ਜਾ ਰਿਹਾ ਹੈ। ਇਸ ਪਹਿਰੇ ਦਾ ਮੁੱਖ ਮਕਸਦ ਨਸ਼ੇ ਦੇ ਸੌਦਾਗਰਾਂ ਨੂੰ ਵਾਰਡ ’ਚ ਵੜਨ ਤੋਂ ਰੋਕਣਾ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਚੱਲ ਰਹੀ ਇਸ ਮੁਹਿੰਮ ਦਾ ਅਸਰ ਵੀ ਦਿਖਣ ਲੱਗਾ ਹੈ ਅਤੇ ਮੁਹੱਲਿਆਂ ’ਚ ਨਸ਼ੇ 'ਤੇ ਕਾਫ਼ੀ ਹੱਦ ਤੱਕ ਨੱਥ ਪਾਈ ਗਈ ਹੈ।
2 ਤਸਕਰ ਫੜੇ, ਕਈਆਂ ਨੂੰ ਦਿੱਤੀ ਚਿਤਾਵਨੀ
ਕੌਂਸਲਰ ਨੇ ਦੱਸਿਆ ਕਿ ਠੀਕਰੀ ਪਹਿਰੇ ਦੌਰਾਨ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ, ਜਿਨ੍ਹਾਂ ਨੂੰ ਤੁਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸਤੋਂ ਇਲਾਵਾ ਕਈ ਹੋਰ ਨੌਜਵਾਨਾਂ ਨੂੰ ਵੀ ਮੁਹੱਲੇ ’ਚ ਨਸ਼ੇ ਦੀ ਭਾਲ 'ਚ ਘੁੰਮਦੇ ਹੋਏ ਫੜਿਆ ਗਿਆ, ਜਿਨ੍ਹਾਂ ਨੂੰ ਫਿਲਹਾਲ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਹੈ। ਕੌਂਸਲਰ ਨੇ ਸਾਫ਼ ਸ਼ਬਦਾਂ ’ਚ ਆਖਿਆ ਕਿ ਜੇਕਰ ਇਹ ਨੌਜਵਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਅਗਲੀ ਵਾਰ ਸਿੱਧੀ ਪੁਲਿਸ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਵਾਰਡ ਨੂੰ ਨਸ਼ਾ ਮੁਕਤ ਬਣਾਉਣ ਤੱਕ ਇਹ ਮੁਹਿੰਮ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ। ਵਾਰਡ ਵਾਸੀਆਂ ਨੇ ਕੌਂਸਲਰ ਦੇ ਇਸ ਕਦਮ ਦੀ ਪੁਰਜ਼ੋਰ ਸ਼ਲਾਘਾ ਕੀਤੀ ਹੈ ਅਤੇ ਕਿਹਾ ਹੈ ਕਿ ਸਾਂਝੇ ਸਹਿਯੋਗ ਨਾਲ ਹੀ ਮੁਹੱਲੇ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਚਾਇਆ ਜਾ ਸਕਦਾ ਹੈ।