ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਚਿੱਤਰਕਾਰ ਡਾ. ਮਲੂਜਾ ਦਾ ਸਨਮਾਨ
ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਚਿੱਤਰਕਾਰ ਡਾਕਟਰ ਰਾਜਨ ਮਲੂਜਾ ਨੂੰ ਕੀਤਾ ਸਨਮਾਨਿਤ
Publish Date: Sat, 27 Jun 2026 05:34 PM (IST)
Updated Date: Sat, 27 Jun 2026 05:37 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦੇਸ਼ ਅਤੇ ਦੁਨੀਆ ਦੀ ਬੇਹੱਦ ਵੱਕਾਰੀ ਵਿਦਿਅਕ ਸੰਸਥਾ ਓਪੀ ਜਿੰਦਲ ਗਲੋਬਲ ਯੂਨੀਵਰਸਿਟੀ (ਸੋਨੀਪਤ) ਦੇ ਵਾਈਸ ਚਾਂਸਲਰ ਪ੍ਰੋ. ਡਾ. ਸੀ. ਰਾਜ ਕੁਮਾਰ ਵੱਲੋਂ ਦੇਸ਼ ਦੇ ਪ੍ਰਸਿੱਧ ਤੇ ਰਾਸ਼ਟਰੀ ਪੱਧਰ ਤੇ ਸਨਮਾਨਿਤ ਚਿੱਤਰਕਾਰ ਡਾ. ਰਾਜਨ ਮਲੂਜਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਕਿ ਡਾ. ਰਾਜਨ ਮਲੂਜਾ ਮੂਲ ਰੂਪ ’ਚ ਸ੍ਰੀ ਮੁਕਤਸਰ ਸਾਹਿਬ ਦੀ ਗੌਰਵਮਈ ਮਿੱਟੀ ਨਾਲ ਸਬੰਧ ਰੱਖਦੇ ਹਨ ਅਤੇ ਅੱਜ-ਕੱਲ੍ਹ ਦੇਸ਼ ਦੀ ਰਾਜਧਾਨੀ ਦਿੱਲੀ ’ਚ ਪੱਕੇ ਤੌਰ ਤੇ ਰਹਿ ਰਹੇ ਹਨ। ਡਾ. ਮਲੂਜਾ ਵਰਤਮਾਨ ਸਮੇਂ ’ਚ ਦੇਸ਼-ਵਿਦੇਸ਼ ’ਚ ਆਪਣੀ ਸ਼ਾਨਦਾਰ ਅਤੇ ਲਾਸਾਨੀ ਚਿੱਤਰਕਾਰੀ ਦੇ ਮਾਧਿਅਮ ਰਾਹੀਂ ਕਲਾ ਜਗਤ ’ਚ ਆਪਣੀ ਇੱਕ ਵਿਲੱਖਣ ਅਤੇ ਵਿਸ਼ੇਸ਼ ਸਾਖ ਸਥਾਪਿਤ ਕਰ ਚੁੱਕੇ ਹਨ। ਵਾਈਸ ਚਾਂਸਲਰ ਪ੍ਰੋ. (ਡਾ.) ਸੀ. ਰਾਜ ਕੁਮਾਰ ਦੇ ਵਿਸ਼ੇਸ਼ ਅਤੇ ਨਿੱਜੀ ਸੱਦੇ ਤੇ ਉਨ੍ਹਾਂ ਨੂੰ ਬੀਤੇ ਦਿਨੀਂ ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਦੇ ਵੀਆਈਪੀ ਦੌਰੇ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਕੰਪਲੈਕਸ ’ਚ ਉਨ੍ਹਾਂ ਦਾ ਬਹੁਤ ਹੀ ਸ਼ਾਹੀ ਸਵਾਗਤ ਹੋਇਆ ਅਤੇ ਉਨ੍ਹਾਂ ਨੂੰ ਇਹ ਸਰਵਉੱਚ ਸਨਮਾਨ ਮਿਲਿਆ। ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਡਾ. ਮਲੂਜਾ ਇਸਤੋਂ ਪਹਿਲਾਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਮਹਾਂਮਹਿਮ ਰਾਮਨਾਥ ਕੋਵਿੰਦ ਜੀ ਸਮੇਤ ਦੇਸ਼ ਦੀਆਂ ਕਈ ਹੋਰ ਪ੍ਰਮੁੱਖ ਅਤੇ ਅਤਿ-ਵਿਸ਼ੇਸ਼ ਸ਼ਖਸੀਅਤਾਂ ਵੱਲੋਂ ਰਾਸ਼ਟਰੀ ਪੱਧਰ ਤੇ ਸ਼ਾਨਦਾਰ ਰੂਪ ’ਚ ਸਨਮਾਨਿਤ ਹੋ ਚੁੱਕੇ ਹਨ। ਇਸਤੋਂ ਇਲਾਵਾ, ਭਾਰਤ ਦੇ ਸਾਬਕਾ ਮੁੱਖ ਜੱਜ (ਚੀਫ਼ ਜਸਟਿਸ ਆਫ਼ ਇੰਡੀਆ) ਉਦੈ ਉਮੇਸ਼ ਲਲਿਤ ਵੀ ਡਾਕਟਰ ਰਾਜਨ ਮਲੂਜਾ ਦੀ ਅਲੌਕਿਕ ਕਲਾ ਤੋਂ ਮੰਤਰ-ਮੁਗਧ ਹੋ ਕੇ ਜਨਤਕ ਮੰਚਾਂ ਤੋਂ ਉਨ੍ਹਾਂ ਦੀ ਭਰਪੂਰ ਸ਼ਲਾਘਾ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਡਾਕਟਰ ਮਲੂਜਾ ਦੇ ਸਾਲਾਂ ਤੋਂ ਦੇਸ਼ ਦੇ ਸਭ ਤੋਂ ਵੱਕਾਰੀ ਅਤੇ ਨਾਮਵਰ ਉਦਯੋਗਿਕ ਘਰਾਣੇ ਜਿੰਦਲ ਪਰਿਵਾਰ ਨਾਲ ਵੀ ਬਹੁਤ ਨਿੱਘੇ, ਗੂੜ੍ਹੇ ਅਤੇ ਪਰਿਵਾਰਕ ਸਬੰਧ ਹਨ। ਇਸ ਇਤਿਹਾਸਕ ਮੁਲਾਕਾਤ ਦੌਰਾਨ ਵਾਈਸ ਚਾਂਸਲਰ ਪ੍ਰੋ. (ਡਾ.) ਸੀ. ਰਾਜ ਕੁਮਾਰ ਨੇ ਡਾਕਟਰ ਰਾਜਨ ਮਲੂਜਾ ਦੇ ਇਸ ਅਦਭੁਤ, ਪ੍ਰੇਰਨਾਦਾਇਕ ਕਲਾਤਮਕ ਸਫ਼ਰ ਅਤੇ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦਿਆਂ ਤੇ ਬੈਠੀਆਂ ਸ਼ਖਸੀਅਤਾਂ ਵੱਲੋਂ ਮਿਲੇ ਰਾਸ਼ਟਰੀ ਸਨਮਾਨਾਂ ਦੀ ਸ਼ਲਾਘਾ ਕੀਤੀ। ਯੂਨੀਵਰਸਿਟੀ ਵੱਲੋਂ ਡਾਕਟਰ ਰਾਜਨ ਮਲੂਜਾ ਦੇ ਇਸ ਵਿਲੱਖਣ ਹੁਨਰ ਅਤੇ ਉਨ੍ਹਾਂ ਦੀ ਅੰਤਰਰਾਸ਼ਟਰੀ ਪੱਧਰ ਦੀ ਭਾਰੀ ਸਾਖ ਨੂੰ ਸਲਾਮ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਸੂਚਕ ਮਫ਼ਲਰ (ਸ਼ਾਹੀ ਸਕਾਰਫ਼) ਪਹਿਨਾ ਕੇ ਅਤੇ ਯੂਨੀਵਰਸਿਟੀ ਦਾ ਅਤਿ ਵੱਕਾਰੀ ਮੋਮੈਂਟੋ (ਯਾਦਗਾਰੀ ਚਿੰਨ੍ਹ) ਭੇਟ ਕਰਕੇ ਸ਼ਾਨਦਾਰ ਤਰੀਕੇ ਨਾਲ ਸਨਮਾਨਿਤ ਕੀਤਾ ਗਿਆ। ਇਸ ਉੱਚ ਪੱਧਰੀ ਮੁਲਾਕਾਤ ਦੌਰਾਨ ਯੂਨੀਵਰਸਿਟੀ ਦੇ ਆਉਣ ਵਾਲੇ ਵੱਡੇ ਆਰਟ ਪ੍ਰੋਜੈਕਟਾਂ ਨੂੰ ਲੈ ਕੇ ਵੀ ਦੋਵਾਂ ਧਿਰਾਂ ਵਿਚਕਾਰ ਬਹੁਤ ਹੀ ਸਕਾਰਾਤਮਕ ਅਤੇ ਦੂਰਗਾਮੀ ਚਰਚਾ ਹੋਈ, ਜਿਨ੍ਹਾਂ ਨੂੰ ਹੁਣ ਬਹੁਤ ਜਲਦ ਫਾਸਟ ਟ੍ਰੈਕ ਮੋਡ ਤੇ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।