- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਵਰੇਜ ਦੇ ਜ਼ਹਿਰੀਲੇ ਪਾਣੀ ਨਾਲ ਪਾਲੀਆਂ ਜਾ ਰਹੀਆਂ ਨੇ ਸਬਜ਼ੀਆਂ, ਬਿਮਾਰੀਆਂ ਦੇ ਖ਼ਤਰੇ ਕਾਰਨ ਲੋਕਾਂ ’ਚ ਸਹਿਮ

- ਕਰੋੜਾਂ ਦੀ ਲਾਗਤ ਵਾਲੇ ਦੋਵੇਂ ਟਰੀਟਮੈਂਟ ਪਲਾਂਟ ਵਰ੍ਹਿਆਂ ਤੋਂ ਬੰਦ, ਮਸ਼ੀਨਰੀ ਬਣੀ ਕਬਾੜ
- ਨਵੇਂ ਪਲਾਂਟਾਂ ਦੀ ਉਸਾਰੀ ਲਈ ਸਤੰਬਰ 2026 ਤੱਕ ਦੀ ਮਿਲਾਦ, ਉਦੋਂ ਤੱਕ ਲੋਕਾਂ ਦੀ ਸਿਹਤ ਰੱਬ ਆਸਰੇ
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਸੀਵਰੇਜ ਸਿਸਟਮ ਉੱਪਰ ਹੁਣ ਤੱਕ ਕਰੋੜਾਂ ਰੁਪਏ ਫੂਕੇ ਜਾ ਚੁੱਕੇ ਹਨ, ਪਰ ਜ਼ਮੀਨੀ ਹਕੀਕਤ ਬੇਹੱਦ ਚਿੰਤਾਜਨਕ ਅਤੇ ਭਿਆਨਕ ਤਸਵੀਰ ਪੇਸ਼ ਕਰ ਰਹੀ ਹੈ। ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਕਿਸੇ ਸੁਧਾਈ (ਟਰੀਟਮੈਂਟ) ਦੇ ਸਿੱਧੇ ਰੂਪ ’ਚ ਫ਼ਸਲਾਂ, ਖ਼ਾਸ ਕਰਕੇ ਸਬਜ਼ੀਆਂ ਅਤੇ ਫਲਾਂ ਨੂੰ ਲਾਇਆ ਜਾ ਰਿਹਾ ਹੈ। ਇਹੀ ਜ਼ਹਿਰੀਲੇ ਤੱਤਾਂ ਨਾਲ ਭਰਪੂਰ ਸਬਜ਼ੀਆਂ ਅਤੇ ਫਲ ਰੋਜ਼ਾਨਾ ਲੋਕਾਂ ਦੀ ਥਾਲੀ ਤੱਕ ਪਹੁੰਚ ਰਹੇ ਹਨ, ਜੋ ਜਨ-ਸਿਹਤ ਨਾਲ ਇੱਕ ਵੱਡਾ ਖਿਲਵਾੜ ਹੈ। ਮਾਹਿਰਾਂ ਅਨੁਸਾਰ ਇਸ ਅਣ-ਸੋਧੇ ਸੀਵਰੇਜ ਦੇ ਪਾਣੀ ’ਚ ਸਿੱਕਾ, ਕੈਡਮੀਅਮ, ਕਰੋਮੀਅਮ, ਆਰਸੈਨਿਕ ਅਤੇ ਹਾਨੀਕਾਰਕ ਬੈਕਟੀਰੀਆ ‘ਈ-ਕੋਲਾਈ’ ਤੇ ‘ਸਾਲਮੋਨੇਲਾ’ ਵਰਗੇ ਘਾਤਕ ਅੰਸ਼ ਹੁੰਦੇ ਹਨ। ਇਹ ਮਿੱਟੀ ਰਾਹੀਂ ਸਬਜ਼ੀਆਂ ਦੀਆਂ ਜੜ੍ਹਾਂ ਅਤੇ ਫਲਾਂ ਦੇ ਅੰਦਰ ਤੱਕ ਪਹੁੰਚ ਜਾਂਦੇ ਹਨ, ਜੋ ਇਨਸਾਨੀ ਸਰੀਰ ’ਚ ‘ਧੀਮੇ ਜ਼ਹਿਰ’ (ਸਲੋਅ ਪੋਇਜ਼ਨ) ਵਾਂਗ ਕੰਮ ਕਰਦੇ ਹਨ। ਇਸ ਕਾਰਨ ਕੈਂਸਰ, ਗੁਰਦੇ ਤੇ ਲੀਵਰ ਫੇਲ੍ਹ ਹੋਣ ਸਮੇਤ ਪੇਟ ਅਤੇ ਦਿਮਾਗ ਦੀਆਂ ਭਿਆਨਕ ਬਿਮਾਰੀਆਂ ਦਾ ਖ਼ਤਰਾ ਕਈ ਗੁਣਾ ਵੱਧ ਗਿਆ ਹੈ।
- ਮਸ਼ੀਨਰੀ ਹੋਈ ਕਬਾੜ, ਸਿਰਫ਼ ਪਾਣੀ ਲਿਫ਼ਟ ਕਰਨ ਜੋਗੇ ਰਹਿ ਗਏ ਪਲਾਂਟ
ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਕਰੋੜਾਂ ਦੀ ਲਾਗਤ ਨਾਲ ਦੋ ਟਰੀਟਮੈਂਟ ਪਲਾਂਟ ਸਥਾਪਿਤ ਕੀਤੇ ਗਏ ਸਨ, ਜਿਨ੍ਹਾਂ ’ਚੋਂ ਇੱਕ ਜਲਾਲਾਬਾਦ ਰੋਡ ਅਤੇ ਦੂਜਾ ਬਲਮਗੜ੍ਹ ਰੋਡ ’ਤੇ। ਪਰ ਅਫ਼ਸੋਸ ਦੀ ਗੱਲ ਹੈ ਕਿ ਇਹ ਦੋਵੇਂ ਪਲਾਂਟ ਪਿਛਲੇ 2-3 ਸਾਲਾਂ ਤੋਂ ਪੂਰੀ ਤਰ੍ਹਾਂ ਠੱਪ ਪਏ ਹਨ। ਯੋਗ ਸੰਭਾਲ ਅਤੇ ਸਮੇਂ ਸਿਰ ਮੁਰੰਮਤ ਨਾ ਹੋਣ ਕਾਰਨ ਪਲਾਂਟਾਂ ਦੇ ਅੰਦਰ ਲੱਖਾਂ ਰੁਪਏ ਦੀਆਂ ਮੋਟਰਾਂ ਅਤੇ ਕੀਮਤੀ ਮਸ਼ੀਨਰੀ ਬੇਕਾਰ ਹੋ ਕੇ ਕਬਾੜ ਦਾ ਰੂਪ ਧਾਰਨ ਕਰ ਚੁੱਕੀ ਹੈ। ਹੁਣ ਇਨ੍ਹਾਂ ਪਲਾਂਟਾਂ ਦਾ ਕੰਮ ਸਿਰਫ਼ ਗੰਦੇ ਪਾਣੀ ਨੂੰ ਲਿਫ਼ਟ ਕਰ ਕੇ ਅੱਗੇ ਖੇਤਾਂ ਜਾਂ ਸੇਮ ਨਾਲੇ ਵਿੱਚ ਸੁੱਟਣ ਤੱਕ ਹੀ ਸੀਮਤ ਰਹਿ ਗਿਆ ਹੈ।
-ਕੀ ਕਹਿਣਾ ਹੈ ਸੀਵਰੇਜ ਬੋਰਡ ਦੇ ਅਧਿਕਾਰੀਆਂ ਦਾ
ਇਸ ਗੰਭੀਰ ਮਾਮਲੇ ਸਬੰਧੀ ਜਦੋਂ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਜਿੰਦਲ ਅਤੇ ਐੱਸਡੀਓ ਪਾਰਸ ਵਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆ ਕਿ ਇਹ ਟਰੀਟਮੈਂਟ ਪਲਾਂਟ ਪਿਛਲੇ ਕਈ ਸਾਲਾਂ ਤੋਂ ਬੰਦ ਹਨ, ਜਿਸ ਕਾਰਨ ਸੀਵਰੇਜ ਦਾ ਪਾਣੀ ਸਿੱਧਾ ਹੀ ਖੇਤਾਂ ਨੂੰ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਨਵੇਂ ਪਲਾਂਟਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਸਬੰਧਿਤ ਏਜੰਸੀ ਨੂੰ ਇਹ ਕੰਮ ਮੁਕੰਮਲ ਕਰਨ ਲਈ ਸਤੰਬਰ 2026 ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਲਾਂਟ ਤਿਆਰ ਹੋਣ ਤੋਂ ਬਾਅਦ ਪਾਣੀ ਨੂੰ ਪੂਰੀ ਤਰ੍ਹਾਂ ਸਾਫ਼ (ਟਰੀਟ) ਕਰ ਕੇ ਹੀ ਸਪਲਾਈ ਕੀਤਾ ਜਾਵੇਗਾ।
-ਲੋਕਾਂ ਦੀ ਮੰਗ, ਸਬਜ਼ੀਆਂ ਵਾਲੇ ਖੇਤਾਂ ਨੂੰ ਤੁਰੰਤ ਬੰਦ ਕੀਤੀ ਜਾਵੇ ਸਪਲਾਈ
ਦੂਜੇ ਪਾਸੇ, ਸ਼ਹਿਰ ਵਾਸੀਆਂ ਅਤੇ ਸੂਝਵਾਨ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਦੋਂ ਤੱਕ ਨਵੇਂ ਪਲਾਂਟ ਚਾਲੂ ਨਹੀਂ ਹੁੰਦੇ, ਉਦੋਂ ਤੱਕ ਸਬਜ਼ੀਆਂ ਅਤੇ ਫਲਾਂ ਵਾਲੇ ਖੇਤਾਂ ਨੂੰ ਇਹ ਜ਼ਹਿਰੀਲਾ ਪਾਣੀ ਦੇਣ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ, ਤਾਂ ਜੋ ਲੋਕਾਂ ਨੂੰ ਭਿਆਨਕ ਬਿਮਾਰੀਆਂ ਦੀ ਲਪੇਟ ’ਚ ਆਉਣ ਤੋਂ ਬਚਾਇਆ ਜਾ ਸਕੇ।