ਘਰ ’ਚ ਵੜੇ ਅਣਪਛਾਤੇ ਵਿਅਕਤੀ ਸੋਨੇ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ
ਘਰ ’ਚ ਵੜੇ ਅਣਪਛਾਤੇ ਵਿਅਕਤੀ 55 ਤੋਲੇ ਸੋਨਾ ਚੋਰੀ ਕਰਕੇ ਫ਼ਰਾਰ
Publish Date: Sun, 14 Jun 2026 05:15 PM (IST)
Updated Date: Sun, 14 Jun 2026 05:18 PM (IST)

- ਲੰਬੀ ਖੇਤਰ ’ਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਦਹਿਸ਼ਤ - ਪੁਲਿਸ ਦਾ ਦਾਅਵਾ ਮੁਲਜ਼ਮ ਛੇਤੀ ਕਾਬੂ ਕਰ ਲਏ ਜਾਣਗੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਥਾਣਾ ਲੰਬੀ ਦੇ ਖੇਤਰ ’ਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਸ਼ਨਿਚਰਵਾਰ ਦੀ ਰਾਤ ਪਿੰਡ ਖੇਮਾ ਖੇੜਾ ’ਚ ਇੱਕ ਜ਼ਿਮੀਂਦਾਰ ਦੇ ਘਰ ਵੜੇ ਚੋਰ ਕਰੀਬ 55 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋ ਗਏ। ਲੰਬੀ ’ਚ ਇੱਕ ਮਹੀਨੇ ਅੰਦਰ ਚੋਰੀ ਦੀਆਂ ਸੱਤ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿੰਡ ਲਾਲਬਾਈ ’ਚ ਪਿਛਲੇ ਮਹੀਨੇ 25 ਤੋਲੇ ਸੋਨੇ ਦੇ ਗਹਿਣੇ ਅਤੇ ਚਾਰ ਲੱਖ ਦੀ ਨਕਦੀ ਚੋਰੀ ਹੋਈ ਸੀ। 10 ਜੂਨ ਦੀ ਰਾਤ ਨੂੰ ਪਿੰਡ ਭਾਗੂ ’ਚ ਸੋਨੇ ਤੇ ਡਾਇਮੰਡ ਦੇ ਗਹਿਣੇ ਅਤੇ 50 ਹਜ਼ਾਰ ਦੀ ਨਕਦੀ ਚੋਰੀ ਹੋ ਗਈ ਸੀ। ਪੁਲਿਸ ਅਜੇ ਤੱਕ ਕਿਸੇ ਵੀ ਮਾਮਲੇ ’ਚ ਚੋਰਾਂ ਦਾ ਸੁਰਾਗ ਨਹੀਂ ਲਗਾ ਸਕੀ ਹੈ। ਪੁਲਿਸ ਅਨੁਸਾਰ ਚੋਰੀ ਕਰਨ ਦਾ ਤਰੀਕਾ ਇੱਕੋ ਜਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਇੱਕੋ ਗਿਰੋਹ ਇਹ ਵਾਰਦਾਤਾਂ ਕਰ ਰਿਹਾ ਹੈ। ਪਿੰਡ ਖੇਮਾ ਖੇੜਾ ਦੇ ਨਿਵਾਸੀ ਗੁਰਮੀਤ ਸਿੰਘ ਪੁੱਤਰ ਜਸਕਰਨ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਪਰਿਵਾਰ ਸੁੱਤਾ ਹੋਇਆ ਸੀ। ਰਾਤ ਇੱਕ ਵਜੇ ਜਦੋਂ ਪਿਤਾ ਜੀ ਉੱਠੇ ਤਾਂ ਸਭ ਕੁਝ ਠੀਕ ਸੀ। ਦੋ ਘੰਟੇ ਬਾਅਦ ਜਦੋਂ ਉਨ੍ਹਾਂ ਨੇ ਮਾਤਾ ਜੀ ਨੂੰ ਖੇਤ ਜਾਣ ਲਈ ਚਾਹ ਬਣਾਉਣ ਲਈ ਕਿਹਾ, ਤਾਂ ਮਾਤਾ ਜੀ ਨੇ ਦੇਖਿਆ ਕਿ ਦਰਵਾਜ਼ੇ ਨੂੰ ਚੁੰਨੀ ਨਾਲ ਬੰਨ੍ਹਿਆ ਹੋਇਆ ਸੀ। ਸ਼ੱਕ ਹੋਣ ’ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸਾਮਾਨ ਖਿੱਲਰਿਆ ਪਿਆ ਸੀ ਅਤੇ ਕਰੀਬ 55 ਤੋਲੇ ਸੋਨੇ ਦੇ ਗਹਿਣੇ ਗਾਇਬ ਸਨ। ਉਨ੍ਹਾਂ ਅੰਦਾਜ਼ਾ ਲਗਾਇਆ ਕਿ 5-6 ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੋਵੇਗਾ। ਇਸੇ ਤਰ੍ਹਾਂ ਪਿੰਡ ਲਾਲਬਾਈ ਦੇ ਗੁਰਮੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ 12 ਤਾਰੀਖ ਦੀ ਰਾਤ ਨੂੰ ਜਦੋਂ ਮਾਤਾ ਜੀ ਵਾਸ਼ਰੂਮ ਜਾਣ ਲਈ ਉੱਠੇ ਤਾਂ ਦਰਵਾਜ਼ਾ ਬਾਹਰੋਂ ਕਿਸੇ ਚੀਜ਼ ਨਾਲ ਬੰਨ੍ਹਿਆ ਹੋਇਆ ਸੀ। ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਖੁਲ੍ਹਵਾਇਆ ਗਿਆ ਤਾਂ ਪਤਾ ਲੱਗਾ ਕਿ 25 ਤੋਲੇ ਸੋਨੇ ਦੇ ਗਹਿਣੇ ਅਤੇ 4 ਲੱਖ ਦੀ ਨਕਦੀ ਗਾਇਬ ਸੀ। ਪਿੰਡ ਫਤੂਹੀਵਾਲਾ ਅਤੇ ਭਾਗੂ ਵਿੱਚ ਵੀ ਚੋਰੀ ਦਾ ਪੈਟਰਨ ਬਿਲਕੁਲ ਅਜਿਹਾ ਹੀ ਸੀ। ਏਐੱਸਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਖੇਮਾ ਖੇੜਾ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੋਰੀ ਕਰਨ ਦਾ ਪੈਟਰਨ ਸਾਰੀਆਂ ਥਾਵਾਂ ਤੇ ਇੱਕੋ ਜਿਹਾ ਹੈ। ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਹਨ ਅਤੇ ਫਿੰਗਰ ਪ੍ਰਿੰਟਸ ਮੈਚ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।