ਸ੍ਰੀ ਮੁਕਤਸਰ ਸਾਹਿਬ 'ਚ ਦੋ ਭਿਆਨਕ ਸੜਕ ਹਾਦਸੇ, ਪੰਜਾਬ ਪੁਲਿਸ ਦੇ ASI ਸਮੇਤ ਦੋ ਦੀ ਮੌਤ, ਦੋ ਜ਼ਖ਼ਮੀ
ਹਾਦਸੇ ਵਿੱਚ ਬਲਵੰਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਪਹਿਲਾਂ ਏਮਜ਼ ਬਠਿੰਡਾ ਅਤੇ ਫਿਰ ਹਾਲਤ ਵਿਗੜਨ 'ਤੇ ਡੀਐਮਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ, ਜਿੱਥੇ 29 ਮਾਰਚ ਨੂੰ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਬਰੀਵਾਲਾ ਪੁਲਿਸ ਨੇ ਕਾਰ ਚਾਲਕ ਕ੍ਰਿਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Publish Date: Tue, 31 Mar 2026 03:56 PM (IST)
Updated Date: Tue, 31 Mar 2026 03:59 PM (IST)
ਜਾਗਰਣ ਸੰਵਾਦਦਾਤਾ, ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਏਐਸਆਈ ਸਮੇਤ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਜਦੋਂਕਿ ਦੋ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਹਨ। ਪੁਲਿਸ ਨੇ ਦੋਵਾਂ ਮਾਮਲਿਆਂ 'ਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਵਿੱਢ ਦਿੱਤੀ ਹੈ।
ਪਹਿਲਾ ਹਾਦਸਾ: ਇਲਾਜ ਦੌਰਾਨ ਏਐਸਆਈ ਨੇ ਤੋੜਿਆ ਦਮ
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਰਮਨਦੀਪ ਕੌਰ (ਨਿਵਾਸੀ ਦੋਦਾ) ਨੇ ਦੱਸਿਆ ਕਿ ਉਸਦਾ ਪਤੀ ਬਲਵੰਤ ਸਿੰਘ ਪੰਜਾਬ ਪੁਲਿਸ ਵਿੱਚ ਬਤੌਰ ਏ.ਐਸ.ਆਈ. ਥਾਣਾ ਸਿਟੀ ਮੁਕਤਸਰ ਵਿੱਚ ਤਾਇਨਾਤ ਸੀ। 11 ਮਾਰਚ ਨੂੰ ਉਹ ਆਪਣੇ ਬਿਮਾਰ ਚਾਚਾ ਤਰਸੇਮ ਸਿੰਘ ਨੂੰ ਮੋਟਰਸਾਈਕਲ (PB-60-C-3435) 'ਤੇ ਨਾਲ ਲੈ ਕੇ ਡਿਊਟੀ 'ਤੇ ਜਾ ਰਿਹਾ ਸੀ। ਜਦੋਂ ਉਹ ਮਰਾੜ ਕਲਾਂ ਤੋਂ ਸਰਾਏਨਾਗਾ ਵੱਲ ਆ ਰਹੇ ਸਨ, ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਵੈਗਨਰ ਕਾਰ (PB-30-AA-2221) ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਬਲਵੰਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਪਹਿਲਾਂ ਏਮਜ਼ ਬਠਿੰਡਾ ਅਤੇ ਫਿਰ ਹਾਲਤ ਵਿਗੜਨ 'ਤੇ ਡੀਐਮਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ, ਜਿੱਥੇ 29 ਮਾਰਚ ਨੂੰ ਉਨ੍ਹਾਂ ਦੀ ਮੌਤ ਹੋ ਗਈ। ਥਾਣਾ ਬਰੀਵਾਲਾ ਪੁਲਿਸ ਨੇ ਕਾਰ ਚਾਲਕ ਕ੍ਰਿਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਦੂਜਾ ਹਾਦਸਾ: ਜੀਪ ਦੀ ਟੱਕਰ ਨਾਲ ਮੌਕੇ 'ਤੇ ਮੌਤ
ਦੂਜੀ ਘਟਨਾ ਪਿੰਡ ਮਦਰੱਸਾ ਦੇ ਨੇੜੇ ਵਾਪਰੀ। ਹਰਚਰਨ ਸਿੰਘ (ਨਿਵਾਸੀ ਰੱਤਾ ਖੇੜਾ) ਨੇ ਦੱਸਿਆ ਕਿ 30 ਮਾਰਚ ਨੂੰ ਉਸਦੇ ਪਿਤਾ ਮਹਾਵੀਰ ਸਿੰਘ ਆਪਣੇ ਨੌਕਰ ਮੋਹਨ ਸਿੰਘ ਨਾਲ ਮੋਟਰਸਾਈਕਲ 'ਤੇ ਗੈਸ ਸਿਲੰਡਰ ਲੈਣ ਜਾ ਰਹੇ ਸਨ। ਸਵੇਰੇ ਕਰੀਬ 9:30 ਵਜੇ ਇੱਕ ਤੇਜ਼ ਰਫ਼ਤਾਰ ਜੀਪ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਮਹਾਵੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਨੌਕਰ ਮੋਹਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜੀਪ ਸਵਾਰ ਮੌਕੇ 'ਤੇ ਗੱਡੀ ਛੱਡ ਕੇ ਫ਼ਰਾਰ ਹੋ ਗਏ। ਥਾਣਾ ਲੱਖੇਵਾਲੀ ਪੁਲਿਸ ਨੇ ਅਣਪਛਾਤੇ ਜੀਪ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।