- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰਾਂ ਵੱਲੋਂ ਤਿੰਨ ਟ੍ਰਾਂਸਫ਼ਾਰਮਰਾਂ ਦੀ ਭੰਨਤੋੜ ਕਰਕੇ ਤਾਂਬਾ ਚੋਰੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਖੇਤਾਂ ’ਚ ਪਾਣੀ ਵਾਲੀਆਂ ਮੋਟਰਾਂ ’ਤੇ ਲੱਗੇ ਟਰਾਂਸਫਾਰਮਰ ਚੋਰੀ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਅਤੇ ਚੋਰ ਬੇਖੌਫ ਹੋ ਕੇ ਇਨਾਂ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਪਿੰਡ ਧੂਲਕੋਟ ਅਤੇ ਕਾਉਣੀ ਦੇ ਖੇਤਾਂ ’ਚੋਂ ਚੋਰਾਂ ਵੱਲੋਂ ਤਿੰਨ ਟ੍ਰਾਂਸਫ਼ਾਰਮਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਭੰਨਤੋੜ ਕਰਕੇ ਤਾਂਬਾ ਚੋਰੀ ਕਰ ਲਿਆ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਗੁਰਲਾਲ ਸਿੰਘ ਕਾਉਣੀ, ਹਰਵਿੰਦਰ ਸਿੰਘ ਕਾਉਣੀ ਅਤੇ ਜਰਨੈਲ ਸਿੰਘ ਵਾਸੀ ਧੂਲਕੋਟ ਨੇ ਦੱਸਿਆ ਕਿ ਚੋਰਾਂ ਵੱਲੋਂ ਤਿੰਨ ਟ੍ਰਾਂਸਫ਼ਾਰਮਰਾਂ ਵਿੱਚੋਂ ਤਾਂਬਾ ਅਤੇ ਤੇਲ ਕੱਢ ਲਿਆ ਗਿਆ, ਜਿਸ ਕਾਰਨ ਉਨਾਂ ਨੂੰ ਜਿਥੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਥੇ ਹੀ ਅਜਿਹੀਆਂ ਘਟਨਾਵਾਂ ਕਾਰਨ ਕਿਸਾਨਾਂ ’ਚ ਡਰ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿ ਉਨਾਂ ਦੇ ਖੇਤਾਂ ’ਚੋਂ ਉਸ ਵਕਤ ਟਰਾਂਸਫਾਰਮਰ ਚੋਰੀ ਹੋਏ ਹਨ ਜਦ ਅੱਤ ਦੀ ਪੈ ਰਹੀ ਗਰਮੀ ਕਾਰਨ ਝੋਨੇ ਦੀ ਫਸਲ ਨੂੰ ਸਭ ਤੋਂ ਵੱਧ ਪਾਣੀ ਦੀ ਜਰੂਰਤ ਸੀ। ਇਸ ਮੌਕੇ ਇੱਕਤਰ ਹੋਏ ਕਿਸਾਨਾਂ ਨੇ ਬਿਜਲੀ ਬੋਰਡ ਵਿਭਾਗ ਨੂੰ ਪੁਰਜ਼ੋਰ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਜਲਦ ਤੋਂ ਜਲਦ ਟਰਾਂਸਫਾਰਮਰ ਦਿੱਤੇ ਜਾਣ ਤਾਂ ਜੋ ਉਹ ਆਪਣੀ ਫਸਲ ਨੂੰ ਬਰਬਾਦ ਹੋਣ ਤੋ ਬਚਾਅ ਸਕਣ। ਉਧਰ ਇਸ ਮਾਮਲੇ ਸਬੰਧੀ ਥਾਣਾ ਕੋਟਭਾਈ ਦੇ ਐੱਸਐੱਚਓ ਦੀਪਿਕਾ ਰਾਣੀ ਕੰਬੋਜ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।