- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਲੋਪ ਹੁੰਦਾ ਜਾ ਰਿਹਾ ਬਾਂਸ ਦੀ ਪੌੜੀ ਦਾ ਰਿਵਾਜ਼

ਬਲਕਰਨ ਜਟਾਣਾ, ਪੰਜਾਬੀ ਜਾਗਰਣ
ਮਲੋਟ : ਬਦਲਦੇ ਦੌਰ ਅਤੇ ਆਧੁਨਿਕਤਾ ਦੀ ਚਮਕ ਨੇ ਸਾਡੇ ਪੇਂਡੂ ਸੱਭਿਆਚਾਰ ਅਤੇ ਅਨਮੋਲ ਵਿਰਸੇ ਦੀਆਂ ਕਈ ਵਸਤਾਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ। ਕਿਸੇ ਸਮੇਂ ਪੇਂਡੂ ਘਰਾਂ ਦਾ ਅਹਿਮ ਹਿੱਸਾ ਰਹੀ 'ਬਾਂਸ ਦੀ ਪੌੜੀ' (ਲੱਕੜ ਦੀ ਪੌੜੀ) ਹੁਣ ਹੌਲੀ-ਹੌਲੀ ਲੋਪ ਹੋਣ ਦੇ ਕੰਢੇ ਪੁੱਜ ਗਈ ਹੈ। ਇਕ ਜਮਾਨਾ ਹੁੰਦਾ ਸੀ ਜਦੋਂ ਲੋਕਾਂ ਦੇ ਕੱਚੇ ਕੋਠੇ ਹੁੰਦੇ ਸਨ ਅਤੇ ਬਾਂਸ ਦੀ ਪੌੜੀ ਲਗਾ ਕੇ ਕੰਧਾਂ ਅਤੇ ਛੱਤਾਂ ਉੱਤੇ ਮਿੱਟੀ ਲਗਾਈ ਜਾਂਦੀ ਸੀ। ਘਰਾਂ ਦੀਆਂ ਕੰਧਾਂ ਵੀ ਕੱਚੀਆਂ ਹੁੰਦੀਆਂ ਸਨ, ਉਨ੍ਹਾਂ ’ਤੇ ਔਰਤਾਂ ਮਿੱਟੀ ਲਗਾਉਂਦੀਆਂ ਸਨ। ਕੰਧਾਂ ਤੇ ਮਿੱਟੀ ਲਗਾਉਣੀ ਵੀ ਇੱਕ ਕਲਾ ਸੀ। ਜਿਹੜੀਆਂ ਔਰਤਾਂ ਮਿੱਟੀ ਲਗਾਉਣ ਜਾਣਦੀਆਂ ਸਨ ਉਨ੍ਹਾਂ ਨੂੰ ਮਿੱਟੀ ਲਗਾਉਣ ਵਾਸਤੇ ਬੁਲਾਇਆ ਜਾਂਦਾ ਸੀ। ਬੱਠਲ ਭਰ ਕੇ ਮਿੱਟੀ ਛੱਤਾਂ ਉੱਪਰ ਪਹੁੰਚਾਈ ਜਾਂਦੀ ਸੀ। ਲੱਕੜ ਦੀਆਂ ਪੌੜੀਆਂ ਤੋਂ ਬਹੁਤ ਕੰਮ ਲਿਆ ਜਾਂਦਾ ਸੀ ਪਰ ਹੁਣ ਤਾਂ ਸਭ ਦੇ ਪੱਕੇ ਮਕਾਨ ਬਣ ਗਏ। ਛੱਤਾਂ ਉੱਪਰ ਵੀ ਫਰਸ਼ਾਂ ਲੱਗ ਗਈਆਂ, ਕਿਤੇ ਮਿੱਟੀ ਲਗਾਉਣ ਦਾ ਰਿਵਾਜ਼ ਨਹੀਂ ਰਹਿ ਗਿਆ। ਪੁਰਾਣੇ ਜਮਾਨੇ ’ਚ ਲੋਕ ਲੱਕੜ ਦੀ ਪੌੜੀ ਤੇ ਚੜ ਕੇ ਕੋਠੇ ਉੱਪਰ ਸੌਂਦੇ ਸਨ ਘਰ ਭੀੜੇ ਹੁੰਦੇ ਸਨ ਅਤੇ ਬਿਜਲੀ ਦਾ ਤਾਂ ਰਿਵਾਜ ਹੀ ਨਹੀਂ ਹੁੰਦਾ ਸੀ। ਹੱਥ ਨਾਲ ਬੁਣੀਆਂ ਪੱਖੀਆਂ ਝੱਲਦੇ ਸਨ। ਜਦੋਂ ਕੋਈ ਮਹਿਮਾਨ ਆ ਜਾਂਦਾ ਉਸਨੂੰ ਕੋਠੇ ਉੱਪਰ ਚੜ੍ਹਾ ਦਿੰਦੇ ਅਤੇ ਖੂਬ ਸੇਵਾ ਕਰਦੇ ਸਨ ਪਰ ਹੁਣ ਤਾਂ ਪੱਕੀਆਂ ਪੌੜੀਆਂ ਬਣ ਗਈਆਂ ਹਨ। ਪੱਖੇ ਕੂਲਰ ਏਸੀ ਲੱਗ ਗਏ ਹਨ। ਵਿਹੜੇ ’ਚ ਸੌਣ ਜਾਂ ਕੋਠੇ ਉੱਪਰ ਸੌਣ ਦਾ ਤਾਂ ਰਿਵਾਜ਼ ਹੀ ਨਹੀਂ ਰਹਿ ਗਿਆ।
ਹੁਣ ਤਾਂ ਪੌੜੀਆਂ ਸਿਰਫ ਜਾਮੁਣ ਤੋੜਨ ਦੇ ਕੰਮ ਆਉਂਦੀਆਂ : ਗੋਲਡੀ ਬਾਂਸਾਂ ਵਾਲਾ
ਪੰਨੀਵਾਲਾ ਫੱਤਾ ਦੀ ਅਨਾਜ ਮੰਡੀ ’ਚ ਪੌੜੀਆਂ ਬਣਾ ਰਹੇ ਗੋਲਡੀ ਬਾਂਸਾਂ ਵਾਲੇ ਨੇ ਦੱਸਿਆ ਕਿ ਹੁਣ ਤਾਂ ਪੌੜੀਆਂ ਸਿਰਫ ਜਾਮੁਣ ਤੋੜਨ ਦੇ ਕੰਮ ਆਉਂਦੀਆਂ ਹਨ। ਉਸਨੇ ਕਿਹਾ ਕਿ ਅਸੀਂ ਬਾਂਸ ਲਿਆ ਕੇ ਲੇਬਰ ਲਾ ਕੇ ਪੌੜੀਆਂ ਬਣਾਉਂਦੇ ਹਾਂ। ਸਾਡਾ ਇੱਕ ਮਹੀਨਾ ਪੌੜੀਆ ਬਣਾਉਣ ’ਚ ਲੰਘ ਜਾਂਦਾ ਹੈ। ਉਸਨੇ ਦੱਸਿਆ ਕਿ ਬਾਂਸ ਦੀ ਕੁਆਲਿਟੀ ਵੀ ਵੱਖੋ ਵੱਖਰੀ ਹੁੰਦੀ ਹੈ। ਨਰਮ ਬਾਂਸ ਸਸਤਾ ਮਿਲਦਾ ਹੈ ਅਤੇ ਪੌੜੀ ਵੀ ਸਿਰਫ ਇੱਕ ਸੀਜ਼ਨ ਕੱਢਦੀ ਹੈ ਫਿਰ ਦੁਬਾਰਾ ਲੈਣੀ ਪੈਂਦੀ ਹੈ ਜੋ ਵਧੀਆ ਬਾਂਸ ਹੁੰਦਾ ਹੈ, ਉਹ ਪੌੜੀ ਤਾਂ ਮਹਿੰਗੀ ਪੈਂਦੀ ਹੈ ਅਤੇ ਦੋ ਤਿੰਨ ਸੀਜ਼ਨ ਕੱਢ ਜਾਂਦੀ ਹੈ। ਉਨ੍ਹਾਂ ਸਾਰੇ ਬੱਸਾਂ ਦੀ ਕੁਆਲਟੀ ਚੈੱਕ ਕਰਾਈ ਉਸਨੇ ਦੱਸਿਆ ਕਿ ਘਰਾਂ ’ਚ ਪੌੜੀਆਂ ਲਿਜਾਣ ਦਾ ਤਾਂ ਰਿਵਾਜ਼ ਹੀ ਖਤਮ ਹੋ ਗਿਆ ਹੈ। ਉਸਨੇ ਕਿਹਾ ਕਿ ਮੇਰੀ ਬਾਂਸਾਂ ਦੀ ਦੁਕਾਨ ਹੈ ਅਤੇ ਇੱਕ ਮਹੀਨੇ ’ਚ ਜੋ ਜਾਮੁਣ ਤੋੜਨ ਦਾ ਮਹੀਨਾ ਹੁੰਦਾ ਹੈ। 200 ਤੋਂ 300 ਪੌੜੀ ਵਿਕ ਜਾਂਦੀ ਹੈ। ਪੌੜੀਆਂ ਦੇ ਰੇਟ ਵੱਖ-ਵੱਖ ਹੁੰਦੇ ਹਨ। ਕਈ ਬਾਂਸ ਮੋਟੇ ਹੁੰਦੇ ਹਨ ਕਈ ਪਤਲੇ ਹੁੰਦੇ ਹਨ ਕਈ ਪੌੜੀਆਂ ਬਹੁਤ ਲੰਬੀਆਂ ਹੁੰਦੀਆਂ ਹਨ ਅਤੇ ਕਈ ਛੋਟੀਆਂ ਹੁੰਦੀਆਂ ਹਨ। ਕੁਝ ਪੌੜੀਆਂ ਘਟੀਆ ਬਾਂਸ ਦੀਆਂ ਹੁੰਦੀਆਂ ਹਨ ਅਤੇ ਕੁਝ ਵਧੀਆ ਬਾਂਸ ਦੀਆਂ ਹੁੰਦੀਆਂ ਹਨ ਉਸ ਹਿਸਾਬ ਨਾਲ ਹੀ ਰੇਟ ਲੱਗਦਾ ਹੈ। ਕਈ ਵਾਰ ਗਰੀਬ ਬੰਦੇ ਦਾ ਥੋੜਾ ਬਹੁਤਾ ਮਾਨ ਤਾਨ ਵੀ ਕਰਨਾ ਪੈਂਦਾ ਹੈ। ਇੱਕ ਮਹੀਨੇ ’ਚ ਚੰਗੀ ਕਮਾਈ ਹੋ ਜਾਂਦੀ ਹੈ ਅਤੇ ਲੇਬਰ ਨੂੰ ਵੀ ਚੰਗੇ ਪੈਸੇ ਬਣ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਆਮ ਲੋਕ ਬਿਜਲੀ ਠੀਕ ਕਰਨ ਵਾਸਤੇ, ਟੈਂਟ ਲਗਾਉਣ ਵਾਸਤੇ, ਖੰਭਿਆਂ ਤੇ ਫਲੈਕਸ ਲਗਾਉਣ ਵਾਸਤੇ ਅਤੇ ਹੋਰ ਛੋਟੇ ਮੋਟੇ ਕੰਮ ਲਈ ਲੋਹੇ ਦੀਆਂ ਪਾਈਪਾਂ ਦੀਆਂ ਪੌੜੀਆਂ ਬਣਵਾ ਲੈਂਦੇ ਹਨ। ਲੋੜ ਹੈ ਇਸ ਅਨਮੋਲ ਵਿਰਸੇ ਨੂੰ ਸੰਭਾਲਣ ਦੀ।