ਵਿਧਾਇਕ ਡਿੰਪੀ ਢਿੱਲੋਂ ਦੇ ਯਤਨਾਂ ਸਦਕਾ ਮਧੀਰ ਵਿਖੇ ਲੱਗਾ ਧਰਨਾ ਸਮਾਪਤ
ਵਿਧਾਇਕ ਡਿੰਪੀ ਢਿੱਲੋਂ ਦੇ ਯਤਨਾਂ ਸਦਕਾ ਮਧੀਰ ਵਿਖੇ ਲੱਗਾ ਧਰਨਾ ਸਮਾਪਤ
Publish Date: Fri, 19 Jun 2026 05:59 PM (IST)
Updated Date: Fri, 19 Jun 2026 06:00 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਪਿੰਡ ਮਧੀਰ ਵਿਖੇ ਲੁੱਕ ਮਿਕਸ ਪਲਾਂਟ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ, ਕਿਸਾਨ ਯੂਨੀਅਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੱਕਾ ਧਰਨਾ ਲਗਾ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਇਸ ਮਸਲੇ ਨੂੰ ਹੱਲ ਕਰਨ ਲਈ ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਹਿਮ ਭੂਮਿਕਾ ਨਿਭਾਈ, ਜਿਸਦੇ ਨਤੀਜੇ ਵਜੋਂ ਪਲਾਂਟ ਮਾਲਕਾਂ ਅਤੇ ਪਿੰਡ ਵਾਸੀਆਂ ਵਿਚਾਲੇ ਸਹਿਮਤੀ ਬਣ ਗਈ ਅਤੇ ਧਰਨਾ ਸਮਾਪਤ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਲਾਂਟ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਰਕੇ ਉਹ ਲਗਾਤਾਰ ਸੰਘਰਸ਼ ਕਰ ਰਹੇ ਸਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਧਾਇਕ ਡਿੰਪੀ ਢਿੱਲੋਂ ਨੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਅਤੇ ਆਪਸੀ ਸਹਿਮਤੀ ਨਾਲ ਮਸਲੇ ਦਾ ਹੱਲ ਕੱਢਣ ਲਈ ਯਤਨ ਕੀਤੇ। ਇਸ ਮੌਕੇ ਪਲਾਂਟ ਮਾਲਕਾਂ ਨੇ ਭਰੋਸਾ ਦਿੱਤਾ ਕਿ ਉਹ ਲੁੱਕ ਮਿਕਸ ਪਲਾਂਟ ਨੂੰ ਮੌਜੂਦਾ ਥਾਂ ਤੋਂ ਹਟਾ ਕੇ ਕਿਸੇ ਹੋਰ ਉਚਿਤ ਸਥਾਨ ’ਤੇ ਤਬਦੀਲ ਕਰਨਗੇ। ਇਸ ਭਰੋਸੇ ਤੋਂ ਬਾਅਦ 9 ਮੈਂਬਰੀ ਕਮੇਟੀ, ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਆਪਣੀ ਸਹਿਮਤੀ ਦਿੰਦੇ ਹੋਏ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਧਰਨਾ ਸਮਾਪਤੀ ਮੌਕੇ ਪਿੰਡ ਵਾਸੀਆਂ, ਕਿਸਾਨ ਯੂਨੀਅਨ ਦੇ ਆਗੂਆਂ ਅਤੇ ਪਲਾਂਟ ਪ੍ਰਬੰਧਕਾਂ ਨੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੋਵਾਂ ਧਿਰਾਂ ਵਿਚਾਲੇ ਪੁਲ ਦਾ ਕੰਮ ਕਰਕੇ ਮਸਲੇ ਨੂੰ ਸ਼ਾਂਤੀਪੂਰਵਕ ਢੰਗ ਨਾਲ ਹੱਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਯਤਨਾਂ ਨਾਲ ਇਲਾਕੇ ’ਚ ਆਪਸੀ ਭਾਈਚਾਰਾ ਅਤੇ ਸ਼ਾਂਤੀ ਬਣੀ ਰਹੀ ਹੈ। ਵਿਧਾਇਕ ਡਿੰਪੀ ਢਿੱਲੋਂ ਨੇ ਕਿਹਾ ਕਿ ਲੋਕਾਂ ਦੀਆਂ ਜਾਇਜ਼ ਮੰਗਾਂ ਅਤੇ ਵਿਕਾਸ ਕਾਰਜਾਂ ਵਿਚਾਲੇ ਸੰਤੁਲਨ ਬਣਾਈ ਰੱਖਣਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਸਮਝੌਤੇ ਨਾਲ ਪਿੰਡ ’ਚ ਸੁਖਾਵਾਂ ਮਾਹੌਲ ਬਣੇਗਾ ਅਤੇ ਸਾਰੇ ਧਿਰ ਮਿਲਜੁਲ ਕੇ ਇਲਾਕੇ ਦੀ ਤਰੱਕੀ ਲਈ ਕੰਮ ਕਰਨਗੇ। ਇਸ ਮੌਕੇ ਉਨਾਂ ਨਾਲ ਸੰਦੀਪ ਸਿੰਘ ਸਨੀ ਢਿੱਲੋ, ਜਿਲਾ ਪ੍ਰੀਸ਼ਦ ਮੈਂਬਰ ਸ਼ਮਿੰਦਰ ਸਿੰਘ ਕੋਟਲੀ, ਚਰਨਜੀਤ ਸਿੰਘ ਲੁਹਾਰਾ, ਆਪ ਆਗੂ ਨਵੀ ਬਰਾੜ, ਐਮਸੀ ਰੈਸਟੀ ਰੰਧਾਵਾ,ਅਮਰਜੀਤ ਮਧੀਰ, ਸਰਪੰਚ ਜਗਦੀਪ ਸਿੰਘ ਮਧੀਰ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਠਾਣਾ ਸਿੰਘ ਬਬਾਣੀਆਂ ਤੇ ਇਕਾਈ ਦੇ ਹੋਰ ਆਗੂ, ਕਿਸਾਨ ਯੂਨੀਅਨ ਫਤਹਿ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਭੁੱਲਰ , ਪਿੰਡ ਦੀ ਹਰੇਕ ਪਾਰਟੀ ਦੇ ਆਗੂ ਅਤੇ ਸਮੂਹ ਨਗਰ ਨਿਵਾਸੀ ਤੇ ਸਹਿਯੋਗੀ ਹਾਜ਼ਰ ਸਨ।