ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਸਬਜ਼ੀ ਮੰਡੀ ਬਣੀ ਨਰਕ ਦਾ ਦੁਆਰ
ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਸਬਜ਼ੀ ਮੰਡੀ ਬਣੀ ਨਰਕ ਦਾ ਦੁਆਰ
Publish Date: Tue, 16 Jun 2026 05:25 PM (IST)
Updated Date: Tue, 16 Jun 2026 05:27 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੀ ਮੁੱਖ ਸਬਜ਼ੀ ਮੰਡੀ ਅਤੇ ਨਗਰ ਕੌਂਸਲ ਦੇ ਨਜ਼ਦੀਕ ਲੱਗਣ ਵਾਲੀਆਂ ਸਬਜ਼ੀ ਦੀਆਂ ਰੇਹੜੀਆਂ ਦੇ ਆਸ-ਪਾਸ ਸਫ਼ਾਈ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਰੋਜ਼ਾਨਾ ਸਬਜ਼ੀ ਵੇਚਣ ਤੋਂ ਬਾਅਦ ਵਿਕਰੇਤਾਵਾਂ ਵੱਲੋਂ ਜਗ੍ਹਾ-ਜਗ੍ਹਾ ਖਿਲਾਰੀ ਜਾਂਦੀ ਗਲੀ-ਸੜੀ ਸਬਜ਼ੀ, ਫਲ ਅਤੇ ਕੂੜਾ-ਕਰਕਟ ਕਈ-ਕਈ ਦਿਨਾਂ ਤੱਕ ਨਾ ਚੁੱਕੇ ਜਾਣ ਕਾਰਨ ਮੰਡੀ ’ਚ ਆਉਣ ਵਾਲੇ ਗਾਹਕਾਂ ਅਤੇ ਸਥਾਨਕ ਨਿਵਾਸੀਆਂ ਦਾ ਜੀਣਾ ਮੁਹਾਲ ਹੋ ਗਿਆ ਹੈ। ਸਥਿਤੀ ਇਹ ਬਣ ਚੁੱਕੀ ਹੈ ਕਿ ਮੰਡੀ ਦੀਆਂ ਸੜਕਾਂ ਤੇ ਚਾਰੋਂ ਪਾਸੇ ਬਚੀ ਹੋਈ ਸਬਜ਼ੀ ਬਿਖਰੀ ਪਈ ਹੈ, ਜਿਸ ਕਾਰਨ ਪੈਦਲ ਚੱਲਣਾ ਵੀ ਦੁਭਰ ਹੋਇਆ ਪਿਆ ਹੈ। ਲਾਵਾਰਿਸ ਪਸ਼ੂਆਂ ਦਾ ਜਮਾਵੜਾ ਤੇ ਗਟਰ ਜਾਮ ਸ਼ਾਮ ਦੇ ਸਮੇਂ ਰੇਹੜੀ ਚਾਲਕਾਂ ਵੱਲੋਂ ਬਚੀ-ਖੁਚੀ ਸਬਜ਼ੀ ਨੂੰ ਸੜਕ ਦੇ ਕਿਨਾਰੇ ਜਾਂ ਇੱਧਰ-ਉੱਧਰ ਸੁੱਟ ਦਿੱਤਾ ਜਾਂਦਾ ਹੈ, ਜਿਸ ਕਾਰਨ ਵੱਡੀ ਗਿਣਤੀ ’ਚ ਲਾਵਾਰਿਸ ਪਸ਼ੂ ਉੱਥੇ ਮੂੰਹ ਮਾਰਦੇ ਦੇਖੇ ਜਾਂਦੇ ਹਨ। ਇਹ ਬੇਸਹਾਰਾ ਪਸ਼ੂ ਨਾ ਸਿਰਫ਼ ਗੰਦਗੀ ਨੂੰ ਹੋਰ ਇੱਧਰ-ਉੱਧਰ ਖਿਲਾਰ ਦਿੰਦੇ ਹਨ, ਬਲਕਿ ਮੰਡੀ ’ਚ ਆਉਣ ਵਾਲੇ ਸੈਂਕੜੇ ਲੋਕਾਂ ਲਈ ਵੀ ਹਮੇਸ਼ਾ ਖ਼ਤਰੇ ਦਾ ਸਬੱਬ ਬਣੇ ਰਹਿੰਦੇ ਹਨ। ਇਸ ਤੋਂ ਇਲਾਵਾ, ਕਈ ਸਬਜ਼ੀ ਵਿਕਰੇਤਾਵਾਂ ਵੱਲੋਂ ਕੂੜਾ ਸਿੱਧਾ ਪਾਣੀ ਦੀ ਨਿਕਾਸੀ ਵਾਲੇ ਚੈਂਬਰਾਂ (ਗਟਰਾਂ) ਦੇ ਉੱਪਰ ਸੁੱਟੇ ਜਾਣ ਕਾਰਨ ਮੰਡੀ ਦੇ ਚਾਰੋਂ ਪਾਸੇ ਬਣੇ ਚੈਂਬਰ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ। ਵਾਹਨਾਂ ਦੇ ਲੰਘਣ ਨਾਲ ਫੈਲਦੀ ਹੈ ਅਸਹਿ ਬਦਬੂ : ਖ਼ਰੀਦਦਾਰ ਮੰਡੀ ’ਚ ਸਬਜ਼ੀ ਖ਼ਰੀਦਣ ਆਏ ਸਥਾਨਕ ਨਿਵਾਸੀਆਂ ਕੁਲਵੰਤ ਸਿੰਘ, ਬਿੰਦਰ ਸਿੰਘ, ਤਰਸੇਮ ਲਾਲ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਕੁਝ ਰੇਹੜੀ ਵਾਲੇ ਸਾਫ਼ ਸਬਜ਼ੀ ਤਾਂ ਆਪਣੀ ਰੇਹੜੀ ਤੇ ਰੱਖ ਲੈਂਦੇ ਹਨ, ਪਰ ਗਲੀ-ਸੜੀ ਸਬਜ਼ੀ ਨੂੰ ਆਲੇ-ਦੁਆਲੇ ਹੀ ਸੁੱਟ ਦਿੰਦੇ ਹਨ। ਜਦੋਂ ਇਨ੍ਹਾਂ ਸੜੀਆਂ ਸਬਜ਼ੀਆਂ ਦੇ ਉੱਪਰੋਂ ਵਾਹਨ ਲੰਘਦੇ ਹਨ ਤਾਂ ਪੂਰੇ ਇਲਾਕੇ ’ਚ ਬਹੁਤ ਹੀ ਗੰਦੀ ਬਦਬੂ ਫੈਲ ਜਾਂਦੀ ਹੈ। ਇੱਥੇ ਸਫ਼ਾਈ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਕਦੇ-ਕਦਾਈਂ ਹੀ ਰਸਮੀ ਤੌਰ ਤੇ ਸਫ਼ਾਈ ਕੀਤੀ ਜਾਂਦੀ ਹੈ। ਲੱਖਾਂ ਦੀ ਆਮਦਨ ਪਰ ਸਹੂਲਤਾਂ ਦੇ ਨਾਂ ਤੇ ਜ਼ੀਰੋ ਲੋਕਾਂ ’ਚ ਮਾਰਕੀਟ ਕਮੇਟੀ ਦੇ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਹਰ ਮਹੀਨੇ ਲੱਖਾਂ ਰੁਪਏ ਫੀਸ ਵਜੋਂ ਆਮਦਨ ਇਕੱਠੀ ਕੀਤੀ ਜਾਂਦੀ ਹੈ, ਪਰ ਇਸਦੇ ਬਾਵਜੂਦ ਸਬਜ਼ੀ ਮੰਡੀ ’ਚ ਹੋਰ ਸਹੂਲਤਾਂ ਦੇਣੀਆਂ ਤਾਂ ਦੂਰ, ਮੁਢਲੀ ਲੋੜ ਯਾਨੀ ਸਫ਼ਾਈ ਵਿਵਸਥਾ ਤੱਕ ਸੁਚਾਰੂ ਨਹੀਂ ਕੀਤੀ ਜਾ ਰਹੀ। ਸੜੀਆਂ-ਗਲੀਆਂ ਸਬਜ਼ੀਆਂ ਤੋਂ ਉੱਠਣ ਵਾਲੀ ਦੁਰਗੰਧ ਕਾਰਨ ਹੁਣ ਇਲਾਕੇ ’ਚ ਕੋਈ ਭਿਆਨਕ ਬੀਮਾਰੀ ਜਾਂ ਮਹਾਂਮਾਰੀ ਫੈਲਣ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ। ਆਸ-ਪਾਸ ਦੇ ਖੇਤਰ ਦੇ ਲੋਕਾਂ ਅਤੇ ਗਾਹਕਾਂ ਨੇ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੰਡੀ ਦੀ ਇਸ ਤਰਸਯੋਗ ਹਾਲਤ ਦਾ ਗੰਭੀਰ ਨੋਟਿਸ ਲਿਆ ਜਾਵੇ ਅਤੇ ਸਫ਼ਾਈ ਵਿਵਸਥਾ ਵੱਲ ਵਿਸ਼ੇਸ਼ ਧਿਆਨ ਦੇ ਕੇ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜ਼ਾਤ ਦਿਵਾਈ ਜਾਵੇ।